ਅਸ਼ੋਕ ਵਰਮਾ
ਮਾਨਸਾ 17 ਅਗਸਤ 2020: ਮਾਨਸਾ ਜਿਲੇ ਦੇ ਪਿੰਡ ਕੋਟੜਾ ਦੇ ਕਿਸਾਨ ਬਲਵੀਰ ਸਿੰਘ ਬਿੱਲੂ ਵੱਲੋਂ ਡੀਸੀਦਫਤਰ ਮਾਨਸਾ ਵਿਖੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲੇ ’ਚ ਮਾਨਸਾ ਪ੍ਰਸ਼ਾਸ਼ਨ ਨੂੰ ਕਟਹਿਰੇ ’ਚਜ ਖੜਾ ਕੀਤਾ ਹੈ। ਬਲਬੀਰ ਸਿੰਘ ਦੀ ਅਤੇ ਫਰੀਦਕੋਟ ਹਸਪਤਾਲ ਵਿੱਚ ਲਿਜਾਂਦੇ ਸਮੇਂ ਰਸਤੇ ਵਿੱਚ ਉਸਦੀ ਮੌਤ ਹੋ ਗਈ ਹੈ। ਇਸ ਬਾਰੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਬੋਘ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਬਿੱਲੂ ਦੇ ਪਿੰਡ ਵਿੱਚ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਕਮਿਸ਼ਨਰ ਮਾਨਸਾ , ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਹੋਰ ਵਿਅਕਤੀ ਆਏ ਸਨ ਜਿੰਨਾਂ ਨੇ ਕਰੋਨਾ ਦੀਆਂ ਗਾਈਡਲਾਈਨਜ਼ ਦੇ ਉਲਟ ਜਾਕੇ ਵੱਡਾ ਇਕੱਠ ਕੀਤਾ ਸੀ। ਇਸ ਇਕੱਠ ਦੌਰਾਨ ਕਾਫੀ ਸਾਰੇ ਬੱਚੇ ਵੀ ਬੁਲਾਏ ਗਏ ਅਤੇ ਜੋਕਿ ਬਿਨਾਂ ਕਿਸੇ ਮਾਸਕ ਅਤੇ ਸੈਨੀਟਾਈਜੇਸ਼ਨ ਤੋਂ ਇਕੱਠੇ ਕੀਤੇ ਗਏ ਸਨ।
ਉਨਾਂ ਦੱਸਿਆ ਕਿ ਪੰਜਾਬ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ ਕੀਤੇ ਗਏ ਹਨ ਅਤੇ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਕਰਨ ਤੇ ਵੀ ਰੋਕ ਲਗਾਈ ਹੋਈ ਹੈ ਪਰ ਮਾਨਸਾ ਪ੍ਰਸ਼ਾਸਨ ਨੇ ਕਥਿਤ ਅਣਗਹਿਲੀ ਕਰਦਿਆਂ ਪਿੰਡ ਵਿੱਚ ਇੱਕ ਇਕੱਠ ਰੱਖਿਆ ਜਿਸ ਵਿੱਚ ਪੰਜਾਬ ਦੇ ਅਜਿਹੇ ਮੰਤਰੀ ਨੂੰ ਬੁਲਾਇਆ ਜਿਸ ਵਿੱਚ ਪਹਿਲਾਂ ਤੋਂ ਹੀ ਕਥਿਤ ਕਰੋਨਾ ਦੇ ਲੱਛਣ ਸਨ ਅਤੇ ਟੈਸਟ ਉਪਰੰਤ ਉਹ ਪੌਜ਼ੀਟਿਵ ਪਾਇਆ ਗਿਆ ਹੈ। ਉਨਾਂ ਦੱਸਿਆ ਕਿ ਇਹ ਗੱਲ ਸੁਣ ਕੇ ਮਿ੍ਰਤਕ ਬਲਵੀਰ ਸਿੰਘ ਬਿੱਲੂ ਦੇ ਦਿਮਾਗ ਉੱਪਰ ਐਨਾ ਪ੍ਰਭਾਵ ਪਿਆ ਕਿ ਉਸਦੇ ਪਿੰਡ ਦੇ ਭੋਲੇ ਭਾਲੇ ਲੋਕਾਂ (ਖਾਸ ਕਰ ਬੱਚਿਆਂ) ਨੂੰ ਕਰੋਨਾ ਹੋਣ ਦੀ ਸੰਭਾਵਨਾ ਬਣਾ ਦਿੱਤੀ ਗਈ ਹੈ ਜਿਸ ਲਈ ਮੰਤਰੀ ਅਤੇ ਡੀਸੀ ਮਾਨਸਾ ਜਿੰਮੇਵਾਰ ਹਨ। ਉਨਾਂ ਦੱਸਿਆ ਕਿ ਕਿਸਾਨ ਨੇ ਇਸ ਸਬੰਧੀ ਡੀਸੀ ਮਾਨਸਾ ਕੋਲ ਜਦ ਜਾਣਕਾਰੀ ਲੈਣ ਲਈ ਪਹੁੰਚ ਕੀਤੀ ਗਈ ਤਾਂ ਉੱਥੇ ਡੀਸੀ ਮਾਨਸਾ ਦੇ ਸਟਾਫ ਨੇ ਉਸ ਨਾਲ ਕਥਿਤ ਤਕਰਾਰ ਕੀਤਾ ਜਿਸ ਤੋਂ ਭਾਵਕ ਹੋ ਕੇ ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਉਨਾਂ ਦੱਸਿਆ ਕਿ ਉਹ ਖੁਦਕਸ਼ੀ ਨੋਟ ਲਿਖ ਕੇ ਘਰ ਛੱਡ ਗਿਆ ਸੀ ।
ਉਸਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸਲਫਾਸ ਦੀਆਂ ਗੋਲੀਆਂ ਖਾਣ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਨਾਵਾਂ ਬਾਰੇ ਸੂਚਨਾਂ ਦਿੱਤੀ ਹੈ। ਖੁਦਕਸ਼ੀ ਨੋਟ ’ਚ ਉਸ ਨੇ ਆਪਣੇ ਮਿ੍ਰਤਕ ਸਰੀਰ ਨੂੰ ਆਸਰਾ ਫਾਊਂਡੇਸ਼ਨ ਬਰੇਟਾ ਨੂੰ ਸਰੀਰ ਦਾਨ ਵਜੋਂ ਦੇ ਦੇਣ ਲਈ ਆਖਿਆ ਹੈ।ਮਿ੍ਰਤਕ ਦੇ ਘਰ ਪਹੁੰਚੇ ਸੰਵਿਧਾਨ ਬਚਾਓ ਮੰਚ ਮਾਨਸਾ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਮਿ੍ਰਤਕ ਕਿਸਾਨ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ , ਮਿ੍ਰਤਕ ਕਿਸਾਨ ਦਾ ਕਰਜ਼ਾ ਮੁਆਫ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਜਮਹੂਰੀ =ਅਧਿਕਾਰ ਸਭਾ ਦੇ ਆਗੂ ਬਲਕਰਨ ਸਿੰਘ ਬੱਲੀ ਐਡਵੋਕੇਟ ਨੇ ਪੰਜਾਬ ਦੀਆਂ ਸਾਰੀਆਂ ਜਮਹੂਰੀ ਜਥੇਬੰਦੀਆਂ ਨੂੰ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸ ਸਮੇਂ ਕਿਸਾਨ ਆਗੂ ਜਿਲਾ ਪ੍ਰਧਾਨ ਸੁਖਦੇਵ ਕੋਟਲੀ, ਜਿਲਾ ਮੀਤ ਪ੍ਰਧਾਨ ਗੁਰਚਰਨ ਸਿੰਘ ਭੀਖੀ, ਜਿਲਾ ਜਨਰਲ ਸਕੱਤਰ ਕਾਕਾ ਸਿੰਘ ਤਲਵੰਡੀ, ਖਜ਼ਾਨਚੀ ਉੱਗਰ ਸਿੰਘ, ਰਾਮ ਸਿੰਘ ਕੋਟਲੀ ਕਲਾਂ, ਭੋਲਾ ਸਿੰਘ ਭੀਖੀ, ਜਸਪਾਲ ਸਿੰਘ ਪੇਰੋਂ ਅਤੇ ਪਰਗਟ ਸਿੰਘ ਪੇਰੋਂ, ਆਦਿ ਹਾਜ਼ਰ ਸਨ।