ਮਾਮਲਾ ਖਾਨਪੁਰ ਵਿਖੇ ਕੋਵਿਡ-19 ਦੇ ਦੀ ਤਫਤੀਸ਼ ਕਰਨ ਗਏ ਸਿਹਤ ਕਾਮੇ ਨੂੰ ਬੰਦੀ ਬਣਾਕੇ ਕੁੱਟਮਾਰ ਦਾ
ਡੇਹਲੋਂ/ਲੁਧਿਆਣਾ, 17 ਅਗਸਤ 2020: ਕੋਵਿਡ-19 ਤੋਂ ਬਚਾਓ ਲਈ ਮੁਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਸਿਹਤ ਕਾਮਿੰਆਂ ਦੀ ਸੁਰੱਖਿਆ ਦਾ ਜਿੰਮਾ ਪੰਜਾਬ ਸਰਕਾਰ ਦਾ ਹੈ, ਜਦਕਿ ਪਿਛਲੇ ਦਿਨੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਖਾਨਪੁਰ ਵਿਖੇ ਸਿਹਤ ਮੁਲਾਜ਼ਮ ਮਸਤਾਨ ਸਿੰਘ ਦੀ ਇਕ ਡੇਰਾ ਪ੍ਰਬੰਧਕਾ ਵਲੋਂ ਬੰਦੀ ਬਣਾਕੇ ਕੀਤੀ ਕੁੱਟਮਾਰ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸ੍ਰ. ਬਲਵੀਰ ਸਿੰਘ ਸਿੱਧੂ ਨੇ ਦੇਰ ਸ਼ਾਮ ਕਮਿਊਨਟੀ ਹੈਲਥ ਸੈਂਟਰ ਡੇਹਲੋਂ ਵਿਖੇ ਪੀੜਤ ਮੁਲਾਜ਼ਮ ਮਸਤਾਨ ਸਿੰਘ ਦਾ ਹਾਲ ਪੁੱਛਣ ਤੋਂ ਬਾਅਦ ਪ੍ਰੈਸ ਕਾਨਫਰੰਸ ਸਮੇਂ ਕੀਤਾ। ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਇਸ ਘਟਨਾ ਵਿੱਚ ਪੀੜਤ ਮਸਤਾਨ ਸਿੰਘ ਦੀ ਬੇਇਜ਼ਤੀ ਨਹੀ ਹੋਈ, ਬਲਕਿ ਅਸੀ਼਼ ਸਮਝਦੇ ਹਾਂ ਕਿ ਕਥਿਤ ਦੋਸ਼ੀਆਂ ਨੇ ਪੰਜਾਬ ਸਰਕਾਰ ਨੂੰ ਚੈਲਿੰਜ ਕੀਤਾ ਹੈ, ਜਿਨ੍ਹਾ ਖਿਲਾਫ ਭਾਵੇਂ ਪਹਿਲਾਂ ਹੀ ਸਖ਼ਤ ਧਾਰਾਵਾਂ ਹੇਠ ਪਰਚਾ ਦਰਜ਼ ਕਰ ਦਿੱਤਾ ਗਿਆ ਹੈ ਪਰ ਫਿਰ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਜ਼ਾਵਾਂ ਦਿਵਾਈਆਂ ਜਾਣਗੀਆਂ। ਇਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਪੀੜਤ ਸਿਹਤ ਮੁਲਾਜ਼ਮ ਮਸਤਾਨ ਸਿੰਘ ਸਮੇਤ ਉਸਨੂੰ ਬਚਾਉਣ ਵਾਲੇ ਮੁਲਾਜ਼ਮਾਂ ਨੂੰ ਤਰੱਕੀ ਅਤੇੇ 26 ਜਨਵਰੀ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਤਾ ਕਿ ਸਿਹਤ ਕਾਮਿਆਂ ਦਾ ਹੌਸਲਾ ਬਣਿਆ ਰਹੇ। ਸਿਹਤ ਮੰਤਰੀ ਸਿੱਧੂ ਨੇ ਅੱਗੇੇ ਕਿਹਾ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਕੋਰੋਨਾ ਟੈਸਟਿੰਗ ਵਿੱਚ ਵਾਧਾ ਕੀਤਾ ਗਿਆ ਹੈ, ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਵੀ ਕੀਤੀ, ਕਿ ਬਿਨਾ ਡਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਸੰਬੰਧੀ ਟੈਸਟ ਕਰਵਾਓ ਤਾਂ ਕਿ ਇਸ ਨਾਮੁਰਾਦ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ। ੳਨ੍ਹਾਂ ਕਿਹਾ ਕਿ ਭਾਵੇਂ ਪਹਿਲਾਂ ਸੂਬੇ ਅੰਦਰ ਕੋਰੋਨਾ ਟੈਸਟਿੰਗ ਕਰਨ ਵਿੱਚ ਔਖਿਆਈ ਆਈ ਸੀ, ਪਰ ਹੁਣ ਨਿੱਤ ਦਿਨ ਮੈਡੀਕਲ ਸਟਾਫ ਵਲੋਂ 20 ਹਜ਼ਾਰ ਸੈਂਪਲ ਭਰੇ ਜਾ ਰਹੇ ਹਨ ਅਤੇ 70ਫੀਸਦੀ ਕੋਰੋਨਾ ਮਰੀਜ਼ ਠੀਕ ਹੋ ਰਹੇ ਹਨ, ਜੋ ਸੂਬੇ ਲਈ ਸੁੱਭ ਸੰੰਕੇਤ ਹਨ। ਇਥੇ ਜ਼ਿਕਰਯੋਗ ਹੈ ਪਿਛਲੇ ਦਿਨੀ 13 ਅਗਸਤ ਨੂੰ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੀ ਤਫਤੀਸ਼ ਸੰਬੰਧੀ ਸਿਹਤ ਵਿਭਾਗ ਵਲੋਂ ਭੇਜੇ ਮੁਲਾਜ਼ਮ ਮਸਤਾਨ ਸਿੰਘ ਨੂੰ ਬੰਦੀ ਬਣਾਕੇ ਖਾਨਪੁਰ ਦੇ ਇਕ ਡੇਰਾ ਪ੍ਰਭੁ ਕਾ ਅੰਦਰ ਡੇਰੇ ਦੇ ਪ੍ਰਬੰਧਕਾ ਵਲੋਂ ਬੇਤਹਾਸ਼ਾ ਕੁੱਟਮਾਰ ਕੀਤੀ ਗਈ ਸੀ, ਜਿਸ ਨੂੰ ਸਟਾਫ ਨਰਸ ਹਰਪ੍ਰੀਤ ਕੌਰ ਦੀ ਦਲੇਰੀ ਅਤੇ ਬਾਕੀ ਸਟਾਫ ਮੈਂਬਰਾਂ ਵਲੋਂ ਡਾ. ਅਮਿਤ ਅਰੋੜਾ, ਫਾਰਮਾਸਿਸਟ ਕਰਮਜੀਤ ਸਿੰਘ ਵਲੋਂ ਪੁਲਿਸ ਮਦਦ ਨਾਲ ਛੁਡਾਇਆ ਗਿਆ ਸੀ। ਅੱਜ ਇਸ ਸਮੇਂ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਸਮੂਹ ਸਿਹਤ ਕਾਮਿਆਂ ਨੂੰ ਭਰੋਸਾ ਦਿਵਾਇਆ ਕਿ ਕਥਿਤ ਦੋਸ਼ੀਆਂ ਨੂੰ ਬਖ਼ਸ਼ਿਆ ਨਹੀ ਜਾਵੇਗਾ, ਜਿਸ ਲਈ ਜ਼ਿਲਾ ਪੁਲਿਸ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਸਮੇਂ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਨਾਲ ਪੰਜਾਬ ਕਾਂਗਰਸ ਸਕੱਤਰ ਪਰਮਜੀਤ ਸਿੰਘ ਘਵੱਦੀ, ਚੇਅਰਮੈਨ ਰਣਜੀਤ ਸਿੰਘ ਮਾਂਗਟ, ਸਿਵਲ ਸਰਜਨ ਲੁਧਿਆਣਾ ਡਾ.ਰਾਜੇਸ਼ ਬੱਗਾ, ਐਸ.ਐਮ.ਓ. ਡਾ. ਸੰਤੋਸ਼ ਕੌਰ ਡੇਹਲੋਂ, ਐਸ.ਐਮ.ਓ. ਡਾ. ਗੋਬਿੰਦ ਰਾਮ, ਡਾ. ਅਮਿਤ ਅਰੋੜਾ, ਡਾ. ਪਰਮਿੰਦਰ ਸਿੰਘ, ਫਾਰਮਾਸਿਸਟ ਅਫਸਰ, ਕਰਮਜੀਤ ਸਿੰਘ ਕੂਕਾ, ਨਾਇਬ ਤਹਿਸੀਲਦਾਰ ਅਨੂਦੀਪ ਸ਼ਰਮਾ, ਸੰਮਤੀ ਮੈਂਬਰ ਨਿਰਮਲ ਸਿੰਘ, ਨਿੰਮਾ ਸਰਪੰਚ ਡੇਹਲੋਂ, ਸਰਪੰਚ ਹਰਪ੍ਰੀਤ ਸਿੰਘ ਮੀਕਾ ਗਿੱਲ, ਸ੍ਰੀ ਵਿਜੇ ਕੁਮਾਰ ਸ਼ਾਹੀ, ਪ੍ਰਧਾਨ ਜਸਵਿੰਦਰ ਸਿੰਘ ਪੰਧੇਰ, ਕੁਲਪ੍ਰੀਤ ਸਿੰਘ ਸਮਰਾ, ਸਟਾਫ ਨਰਸ ਹਰਪ੍ਰੀਤ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਤੇਜਪਾਲ ਸਿੰਘ, ਮਨਦੀਪ ਸਿੰਘ ਸਮੇਤ ਹਾਜ਼ਰ ਸਨ।