ਹਰਿੰਦਰ ਨਿੱਕਾ
- ਕੋਵਿਡ-19 ਵਿਰੁੱਧ ਵਿੱਢੀ ਜੰਗ ’ਚ ਹਿੱਸਾ ਪਾਉਣ ਵਾਲੇ ਸਮਾਜ ਦੇ ਹਰ ਵਰਗ ਦਾ ਧੰਨਵਾਦੀ: ਵਿਜੈ ਇੰਦਰ ਸਿੰਗਲਾ
ਸੰਗਰੂਰ, 18 ਅਗਸਤ 2020 - ਕੋਵਿਡ-19 ਮਹਾਂਮਾਰੀ ਦੌਰਾਨ ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਸੰਗਰੂਰ ਜ਼ਿਲੇ ਦੇ ਸਫ਼ਾਈ ਸੇਵਕਾਂ, ਡਾਕਟਰਾਂ, ਮੈਡੀਕਲ ਸਟਾਫ਼, ਨਗਰ ਕੌਂਸਲ ਸਟਾਫ਼ ਅਤੇ ਫਾਇਰ ਬਿ੍ਰਗੇਡ ਅਮਲੇ ਦਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸਥਾਨਕ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਸਨਮਾਨ ਕੀਤਾ।
ਇਸ ਤੋਂ ਪਹਿਲਾਂ ਆਜ਼ਾਦੀ ਦਿਹਾੜੇ ਮੌਕੇ ਪੁਲਿਸ ਲਾਇਨਜ਼ ਸਟੇਡੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵੀ ਕੋਵਿਡ-19 ਦੀ ਮਹਾਂਮਾਰੀ ਵਿਰੁੱਧ ਚੱਲ ਰਹੀ ਜੰਗ ਦੌਰਾਨ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਤੇ ਸਮਾਜਿਕ ਹਸਤੀਆਂ ਦਾ ਸਨਮਾਨ ਕੀਤਾ ਸੀ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਦੁਨਿਆਂ ਭਰ ’ਚ ਫੈਲੀ ਇਸ ਮਹਾਂਮਾਰੀ ਦੌਰਾਨ ਆਪਣੀ ਪਰਵਾਹ ਨਾ ਕਰਦਿਆਂ ਡਾਕਟਰੀ ਅਮਲੇ, ਸਫ਼ਾਈ ਸੇਵਕਾਂ, ਪ੍ਰਸ਼ਾਸਨਿਕ-ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ’ਚ ਵੀ ਕੋਵਿਡ-19 ਦੌਰਾਨ ਇਨ੍ਹਾਂ ਸੇਵਾਵਾਂ ਨਾਲ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਸਮਾਜ ਦੇ ਹੋਰਨਾਂ ਵਰਗਾਂ ਵੱਲੋਂ ਵੱਲੋਂ ਬਹੁਤ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ ਜਿਸ ਲਈ ਹਰ ਜ਼ਿਲ੍ਹਾ ਵਾਸੀ ਦਾ ਉਹ ਧੰਨਵਾਦੀ ਹੈ।
ਉਨ੍ਹਾਂ ਕਿਹਾ ਕਿ ਇਨਾਂ ’ਚੋਂ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਤਾਂ ਛੁੱਟੀਆਂ ਦੇ ਦਿਨਾਂ ’ਚ ਵੀ ਕੰਮ ’ਤੇ ਆ ਕੇ ਆਪਣੀ ਡਿਊਟੀ ਕਰ ਸਿਹਤਮੰਦ ਸਮਾਜ ਉਸਾਰਨ ਤੇ ਇਸਨੂੰ ਕਾਇਮ ਰੱਖਣ ਦੀ ਸਾਡੀ ਕੋਸ਼ਿਸ਼ ਨੂੰ ਕਾਮਯਾਬ ਬਣਾਇਆ ਹੈ। ਉਨਾਂ ਕਿਹਾ ਕਿ ਕੋਰੋਨਾਵਾਇਰਸ ਕਾਰਨ ਪੈਦਾ ਹੋਏ ਔਖੇ ਹਾਲਾਤਾਂ ’ਚ ਵੀ ਸਫ਼ਾਈ ਸੇਵਕਾਂ ਵੱਲੋਂ ਸਾਡੇ ਸ਼ਹਿਰਾਂ ’ਚ ਸਫ਼ਾਈ ਯਕੀਨੀ ਬਣਾਉਣ ਲਈ ਘਰ-ਘਰ ਦਾ ਕੂੜਾ ਚੁੱਕਣਾ ਤੇ ਸਰਵਜਨਕ ਥਾਂਵਾਂ ਦੀ ਸਫ਼ਾਈ ਕਰਨੀ ਯਕੀਨੀ ਬਣਾਈ ਜਾ ਰਹੀ ਹੈ ਜਿਸ ਲਈ ਪੂਰੀ ਪੰਜਾਬ ਉਨਾਂ ਦਾ ਉਚੇਚੇ ਤੌਰ ’ਤੇ ਧੰਨਵਾਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਜੈ ਇੰਦਰ ਸਿੰਗਲਾ ਵੱਲੋਂ ਮਹਾਂਮਾਰੀ ਦੌਰਾਨ ਲੋੜੀਂਦਾ ਸਹਿਯੋਗ ਦੇਣ ਲਈ 23 ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਨਮਾਨ ਕੀਤਾ ਸੀ। ਇਨਾਂ ਸੰਸਥਾਵਾਂ ’ਚ ਮੰਦਰ ਸ਼੍ਰੀ ਬਾਲਾ ਜੀ, ਪ੍ਰਤਾਪ ਨਗਰ ਵੈਲਫ਼ੇਅਰ ਸਭਾ, ਪ੍ਰਭੂ ਕਿਰਪਾ ਸੇਵਾ ਸੁਸਾਇਟੀ, ਰਾਇਸ ਮਿੱਲਰ ਐਸੋਸੀਏਸ਼ਨ, ਸਰਬਤ ਦਾ ਭਲਾ ਚੈਰੀਟੇਬਲ ਟਰੱਸਟ, ਸ਼ਾਹ ਸਤਨਾਮ ਜੀ ਗਰੀਨ ਐਸ. ਵੈਲਫ਼ੇਅਰ ਫੋਰਸ ਵਿੰਗ, ਸਹਾਰਾ ਫਾਉਡੇਸ਼ਨ, ਸਰਬਤ ਸਾਂਝੀ ਸੇਵਾ ਸੁਸਾਇਟੀ, ਸ਼੍ਰੀ ਦੁਰਗਾ ਸੇਵਾ ਦਲ ਸੰਗਰੂਰ, ਸ਼੍ਰੀ ਰਾਮ ਲੀਲਾ ਕਮੇਟੀ ਬੱਘੀਖਾਨਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਰਾਮ ਮੰਦਿਰ ਕਮੇਟੀ ਪਟਿਆਲਾ ਗੇਟ, ਯੂਥ ਪਾਵਰ, ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ ਸੇਵਾ ਦਲ, ਭਾਰਤੀਆ ਮਹਾਂਵੀਰ ਦਲ, ਸੰਜੇ ਗਾਬਾ ਮੈਮੋਰੀਅਲ ਟਰੱਸਟ, ਹਨੁੰਮਾਨ ਮੰਦਰ, ਕੈਮਿਸਟ ਐਸੋਸੀਏਸ਼ਨ ਸੰਗਰੂਰ, ਗੁਰਦੁਆਰਾ ਹਰਗੋਬਿੰਦਪੁਰਾ ਸੁਨਾਮੀ ਗੇਟ, ਨਵੀਂ ਅਨਾਜ ਮੰਡੀ ਤੋਂ ਨੁਮਾਇੰਦੇ, ਮੇਲਾ ਰਾਮ ਦੀ ਹੱਟੀ ਤੋਂ ਅਤੇ ਸਬਜੀ ਮੰਡੀ ਤੋਂ ਪਤਵੰਤੇ ਸੱਜਣ ਸ਼ਾਮਲ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਾਰਕਿਟ ਕਮੇਟੀ ਅਨਿਲ ਕੁਮਾਰ ਘੀਚਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਨਰੇਸ਼ ਕੁਮਾਰ ਗਾਬਾ, ਪੰਜਾਬ ਸਮਾਲ ਇੰਡਸਟਰੀਜ਼ ਡਿਵਲਪਮੈਂਟ ਕਾਰਪੋਰੇਸ਼ਨ ਦੇ ਵਾਇਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਪਰਮਿੰਦਰ ਸ਼ਰਮਾ ਤੇ ਬਿੰਦਰ ਕੁਮਾਰ ਬਾਂਸਲ ਹਾਜ਼ਰ ਸਨ।