ਹੋਰ ਵੈਂਟੀਲੇਟਰ ਅਤੇ ਪੈਰਾਮੈਡਿਕ ਕੀਤੇ ਪ੍ਰਾਪਤ
ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ ਮਰੀਜਾਂ ਲਈ ਬੈਡਾਂ ਦੀ ਸਮਰੱਥਾ ਵਧਾਉਣ ਲਈ ਦਿੱਤੇ ਨਿਰਦੇਸ਼
ਵੱਡੇ ਉਦਯੋਗਾਂ ਅਤੇ ਲੇਬਰ ਚੌਕ ਵਰਗੀਆਂ ਥਾਵਾਂ 'ਤੇ ਰੈਪਡ ਟੈਸਟ 'ਮੋਬਾਈਲ-ਟੈਸਟਿੰਗ ਵੈਨਾਂ' ਰਾਹੀਂ ਕੀਤੇ ਜਾਣਗੇ
ਕੋਈ ਵੀ ਹਸਪਤਾਲ ਐਕਪਰਟ ਰੈਫਰਲ ਕਮੇਟੀ ਦੀ ਇਜਾਜ਼ਤ ਤੋਂ ਬਿਨਾਂ ਕੋਵਿਡ ਮਰੀਜ਼ ਨੂੰ ਟਰਚਰੀ ਸੇਵਾਵਾਂ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ- ਗਿਰੀਸ਼ ਦਿਆਲਨ
ਐਸ ਏ ਐਸ ਨਗਰ, 18 ਅਗਸਤ 2020: ਮਹਾਂਮਾਰੀ ਨਾਲ ਨਜਿੱਠਣ ਲਈ ਸਰੋਤਾਂ ਨੂੰ ਤੇਜ਼ੀ ਨਾਲ ਇਕੱਤਰ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਵਲੋਂ ਅੱਜ ਇਥੇ ਸਰਕਾਰੀ ਅਤੇ ਪ੍ਰਾਇਵੇਟ ਸਿਹਤ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਇਕ ਜ਼ਰੂਰੀ ਮੀਟਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਕੇਸਾਂ ਵਿੱਚ ਹੋ ਰਹੇ ਵਾਧੇ ਨਾਲ ਨਜਿੱਠਣ ਲਈ ਟਰਚਰੀ ਕੋਵਿਡ ਕੇਅਰ ਬੈੱਡਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤੱਕ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਹਸਪਤਾਲਾਂ ਵਿਚ ਕੋਰੋਨਾ ਕੇਸਾਂ ਦੇ ਵਾਧੇ ਨਾਲ ਨਜਿੱਠਣ ਲਈ ਢੁੱਕਵੇਂ ਬੈਡਾਂ ਦਾ ਪ੍ਰਬੰਧ ਹੈ ਪਰ ਸੁਰੱਖਿਆ ਵਜੋਂ ਲੈਵਲ ਥ੍ਰੀ (ਐਲ 3) ਸੈਂਟਰਾਂ ਵਿਚ ਵਾਧੂ ਬੈਡ ਰੱਖਣ ਦੀ ਜਰੂਰਤ ਹੈ।
ਜ਼ਿਆਦਾਤਰ ਸਿਹਤ ਸੰਸਥਾਵਾਂ ਨੇ ਵੈਂਟੀਲੇਟਰ ਨਾਲ ਲੈਸ ਬੈਡ ਰੱਖਣ ‘ਤੇ ਸਹਿਮਤੀ ਜਤਾਈ ਪਰ ਕੁਝ ਹਸਪਤਾਲਾਂ ਨੇ ਲੋੜੀਂਦੇ ਬੁਨਿਆਦੀ ਢਾਂਚੇ ਦੀ ਅਸਮਰੱਥਾ ਜ਼ਾਹਰ ਕੀਤੀ। ਸ੍ਰੀ ਗਿਰੀਸ਼ ਦਿਆਲਨ ਨੇ ਭਰੋਸਾ ਦਿੱਤਾ, “ਜ਼ਿਲ੍ਹਾ ਪ੍ਰਸ਼ਾਸਨ ਐਲ 3 ਸੈਂਟਰ ਸਥਾਪਤ ਕਰਨ ਵਿਚ ਮਦਦ ਕਰੇਗਾ ਅਤੇ ਇਕਜੁੱਟ ਹੋ ਕੇ ਚੁਣੌਤੀ ਦਾ ਮੁਕਾਬਲਾ ਕਰਨ ਲਈ ਪ੍ਰਾਇਵੇਟ ਹਸਪਤਾਲਾਂ ਨੂੰ ਵੈਂਟੀਲੇਟਰਾਂ ਅਤੇ ਪੈਰਾ ਮੈਡੀਕਲ ਮੁਹੱਈਆ ਕਰਵਾਏਗਾ।” ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 30 ਵੈਂਟੀਲੇਟਰਾਂ ਦੀ ਖਰੀਦ ਕੀਤੀ ਹੈ ਜੋ ਕਿ ਵੀਰਵਾਰ ਤੱਕ ਚੁਣੀਆਂ ਹੋਈਆਂ ਸਿਹਤ ਸੰਸਥਾਵਾਂ ਵਿੱਚ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਕਸੀਜਨ ਸਿਲੰਡਰ, ਆਕਸੀਜਨ - ਫਲੋ ਮਾਸਕ, ਹਸਪਤਾਲ ਦੇ ਬੈੱਡ, ਵੈਂਟੀਲੇਟਰ ਅਤੇ ਪੀਪੀਈ ਕਿੱਟਾਂ ਸਮੇਤ ਰੈਸਪੀਰੇਟਰੀ ਸੰਭਾਲ ਨਾਲ ਸਬੰਧਤ ਉਪਰਕਰਨਾਂ ਦਾ ਢੁੱਕਵਾਂ ਸਟਾਕ ਉਪਲੱਬਧ ਹੈ।
ਉਹਨਾਂ ਸਪੱਸ਼ਟ ਕੀਤਾ ਕਿ ਕੋਈ ਵੀ ਹਸਪਤਾਲ ਐਕਪਰਟ ਰੈਫਰਲ ਕਮੇਟੀ ਦੀ ਇਜਾਜ਼ਤ ਤੋਂ ਬਿਨਾਂ ਕੋਵਿਡ ਮਰੀਜ਼ ਨੂੰ ਟਰਚਰੀ ਸਬੰਧੀ ਇਲਾਜ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਸਿਵਲ ਸਰਜਨ ਅਤੇ ਹੋਰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦੀ ਸ਼ਮੂਲੀਅਤ ਵਾਲੀ ਜ਼ਿਲ੍ਹੇ ਦੀ ਐਕਪਰਟ ਰੈਫਰਲ ਕਮੇਟੀ ਕੋਲ ਹਰ ਸਿਹਤ ਸੰਸਥਾ ਵਿੱਚ ਬੈਡਾਂ ਦੀ ਅਸਲ ਸਮੇਂ ਦੀ ਉਪਲੱਬਧਤਾ ਦੇ ਵੇਰਵੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਮੇਟੀ ਨੂੰ ਇੱਕ ਮਰੀਜ਼ ਨੂੰ ਉਸ ਦੀ ਹਾਲਤ ਅਨੁਸਾਰ ਐਲ 2 ਤੋਂ ਐਲ 3 ਜਾਂ ਐਲ 3 ਤੋਂ ਐਲ 2 ਵਿਚ ਭੇਜਣ ਦਾ ਅਧਿਕਾਰ ਦਿੱਤਾ ਗਿਆ ਹੈ ਤਾਂ ਜੋ ਸਹੀ ਮਰੀਜ਼ ਸਹੀ ਜਗ੍ਹਾ ‘ਤੇ ਹੋਵੇ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਵੱਡੇ ਉਦਯੋਗਾਂ ਅਤੇ ਲੇਬਰ ਚੌਕ ਵਰਗੀਆਂ ਥਾਵਾਂ ਦੇ ਆਸ ਪਾਸ ਦੇ ਖੇਤਰਾਂ ਵਿੱਚ ਰੈਪਿਡ ਟੈਸਟ ਕਰਵਾਉਣ ਲਈ ‘ਮੋਬਾਈਲ-ਟੈਸਟਿੰਗ’ ਵੈਨਾਂ ਚਲਾਈਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਟੈਸਟਿੰਗ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਜ਼ਿਲ੍ਹੇ ਨੇ ਸਮਰਪਿਤ ਟੀਮਾਂ ਨਿਯੁਕਤ ਕੀਤੀਆਂ ਹਨ ਜੋ ਕੰਟੇਨਮੈਂਟ ਜੋਨਾਂ ਦਾ ਜਾਇਜ਼ਾ ਲੈ ਰਹੀਆਂ ਹਨ ਅਤੇ ਇਹਨਾਂ ਖੇਤਰਾਂ ਵਿਚ ਕੋਵਿਡ ਦੇ ਫੈਲਾਅ ਦੀ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਬਿਮਾਰੀ ਦੇ ਹੋਰ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਕਿਸੇ ਵੀ ਸੰਕਟ ਦਾ ਸਾਮ੍ਹਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਪਰ ਲੋਕਾਂ ਨੂੰ ਸਾਵਾਧਾਨੀ ਵਰਤੇ ਕੇ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਦੀ ਜਰੂਰਤ ਹੈ।