- 48 ਟੀਮਾਂ ਨੇ 3010 ਨੰ: ਬਿਜਲੀ ਦੇ ਕੁਨੈਕਸ਼ਨ ਚੈਕ ਕੀਤੇ, 200 ਖਪਤਕਾਰਾ ਨੂੰ 66 ਲੱਖ ਰੁਪਏ ਜੁਰਮਾਨਾ : ਡੀ.ਆਈ.ਪੀ.ਐਸ ਗਰੇਵਾਲ
- ਬਿਜਲੀ ਚੋਰੀ ਕਰਨ ਵਾਲਿਆ ਵਿੱਰੁਧ ਚਲਾਈ ਗਈ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ
ਅੰਮ੍ਰਿਤਸਰ, 18 ਅਗਸਤ 2020 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਅੱਜ ਤੜਕੇ ਸਵੇਰੇ ੪:੩੦ ਵਜੇ ਦੇ ਕਰੀਬ ਵੱਡੀ ਕਾਰਵਾਈ ਕਰਦੇ ਹੋਏ ਬਿਜਲੀ ਚੋਰੀ ਕਰਨ ਵਾਲਿਆ ਨੂੰ ਫੜਣ ਵਾਸਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦ ਸੀਐਮਡੀ ਵੇਨੂ ਪ੍ਰਸਾਦ, ਦੇ ਦਿਸ਼ਾ ਨਿਰਦੇਸ਼ ਹੇਠ ਕੁੱਲ 48 ਟੀਮਾਂ ਬਣਾ ਕੇ ਕੀਤੀ ਗਈ। ਜਿਸ ਵਿੱਚ ਚਾਰ ਹਲਕਿਆ ਦੇ ਨਿਗਰਾਨ ਇੰਜੀਨੀਅਰ/ ਵਧੀਕ ਨਿਗਰਾਨ ਇੰਜੀਨੀਅਰ ਅਤੇ ਉਪ ਮੰਡਲ ਅਫ਼ਸਰ ਸਾਮਲ ਸਨ। ਇਸ ਦੀ ਜਾਣਕਾਰੀ ਪੀਐਸਪੀਸੀਐਲ ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀ.ਆਈ.ਪੀ.ਐਸ ਗਰੇਵਾਲ ਨੇ ਦਿੰਦੇ ਹੋਏ ਇਹ ਕਾਰਵਾਈ ਪਾਵਰ-ਕਾਰਪੋਰੇਸ਼ਨ ਵੱਲੋ ਪੂਰੇ ਪੰਜਾਬ ਵਿੱਚ ਬਿਜਲੀ ਚੋਰੀ 'ਤੇ ਠੱਲ੍ਹ ਪਾਉਣ ਲਈ ਜੰਗੀ ਪੱਧਰ 'ਤੇ ਆਰੰਭੀ ਹੋਈ ਲੜੀ ਦੇ ਤਹਿਤ ਅੱਜ ਕਾਰਵਈ ਅੰਮ੍ਰਿਤਸਰ ਸ਼ਹਿਰ ਵਿੱਚ ਕੀਤੀ ਗਈ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਪੀਐਸਪੀਸੀਐਲ ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀ.ਆਈ.ਪੀ.ਐਸ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੁਆਰਾ ਬਿਜਲੀ ਚੋਰੀ ਕਰਨ ਵਾਲਿਆ ਵਿੱਰੁਧ ਚਲਾਈ ਗਈ ਇਸ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਅਗਾਂਹ ਤੋਂ ਵੀ ਇਹ ਛਾਪੇਮਾਰੀ ਨਿਰੰਤਰ ਜਾਰੀ ਰੱਖੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਟੀਮਾਂ ਨੇ 3010 ਨੰ: ਦੇ ਕਰੀਬ ਕੁਨੈਕਸ਼ਨ ਚੈਕ ਕੀਤੇ ਗਏ, ਜਿਨ੍ਹਾਂ ਵਿੱਚੋ 200 ਨੰ: ਖਪਤਕਾਰ ਬਿਜਲੀ ਚੋਰੀ ਕਰਦੇ ਫੜੇ ਗਏ। ਜਦੋਕਿ ਬਾਕੀ 14 ਨੰ: ਮੀਟਰ ਐਮ.ਈ ਲੈਬ ਵਿੱਚ ਚੈਕ ਕਰਵਾਉਣ ਲਈ ਮੌਕੇ ਤੇ ਪੈਕ ਕੀਤੇ। ਇਨ੍ਹਾਂ ਵਿੱਰੁਧ ਕਾਰਵਾਈ ਕਰਦੇ ਹੋਏ ਬਿਜਲੀ ਬੋਰਡ ਨੇ ਲੱਗਭਗ 66 ਲੱਖ ਰੁ: ਦਾ ਜੁਰਮਾਨਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੀ ਕਾਰਵਾਈ ਬਿਜਲੀ ਵਿਭਾਗ ਦੇ ਸੀਐਂਮਡੀ ਦੇ ਨਿਰਦੇਸ਼ਾ 'ਤੇ ਚੋਰੀ ਨੂੰ ਲੈ ਕੇ ਜੀਰੋ ਟਾਲਰੈਂਸ ਦੀ ਮੁਹਿੰਮ ਅਧੀਨ ਕੀਤੀ ਗਈ ਹੈ ਅਤੇ ਅੱਗੇ ਵੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ। ਇਸਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਾਵਰ ਕਾਰਪੋਰੇਸ਼ਨ ਨੇ ਅੰਮ੍ਰਿਤਸਰ ਵਿੱਚ ਉਦਯੋਗਪਤੀਆ ਅਤੇ ਹੋਟਲ ਐਸੋਸਿਏਸ਼ਨ ਦੇ ਨੁਮਾਦਿੰਆ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਜਿਸ ਵਿੱਚ ਉਨ੍ਹਾਂ ਨੂੰ ਆ ਰਹੀ ਮੁਸ਼ਕਿਲਾ ਬਾਰੇ ਸੁਣਿਆ ਗਿਆ ਅਤੇ ਉਨ੍ਹਾਂ ਨੂੰ ਜਲਦੀ ਤੋ ਜਲਦੀ ਹੱਲ ਕਰਨ ਦਾ ਯਕੀਨ ਦਵਾਇਆ ਗਿਆ।
ਡੀ.ਆਈ.ਪੀ.ਐਸ ਗਰੇਵਾਲ ਨੇ ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਉਹ ਰਾਜ ਵਿੱਚ ਬਿਜਲੀ ਚੋਰੀ ਵਿੱਰੁਧ ਮੁਹਿੰਮ ਲਈ ਬਿਜਲੀ ਚੋਰੀ ਦੀ ਜਾਣਕਾਰੀ ਮੁਹੱਈਆ ਕਰਵਾ ਕੇ ਬਿਜਲੀ ਚੋਰੀ ਨੂੰ ਕਾਬੂ ਕਰਨ ਵਿੱਚ ਪੀਐਸਪੀਸੀਐਲ ਦੀ ਸਹਾਇਤਾ ਕਰਨ। ਕੋਈ ਵੀ ਵਅਕਿਤੀ ਵਟਸਐਪ ਨੰਬਰ 96461-75770 ਤੇ ਬਿਜਲੀ ਚੋਰੀ ਹੋਣ ਬਾਰੇ ਵੀ ਸੂਚਿਤ ਕਰ ਸਕਦਾ ਹੈ ਪੀਐਸਪੀਸੀਐਲ ਨੇ ਆਪਣੇ ਗਾਹਕਾਂ ਨੂੰ ਭਰੋਸਾ ਦਵਾਇਆ ਹੈ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ।