ਖ਼ੁਦ ਮਾਰੂਥਲ ਬਣਦੇ ਜਾ ਰਹੇ ਪੰਜਾਬ ਕੋਲ ਨਹੀਂ ਹੈ ਇੱਕ ਵੀ ਬੂੰਦ ਵਾਧੂ ਪਾਣੀ
'ਆਪ' ਨੇ ਐਸਵਾਈਐਲ ਨੂੰ ਰੀਪੇਰੀਅਨ ਕਾਨੂੰਨ ਅਤੇ ਪੰਜਾਬ ਵਿਰੋਧੀ ਪ੍ਰੋਜੈਕਟ ਕਰਾਰ ਦਿੱਤਾ
ਚੰਡੀਗੜ੍ਹ, 18 ਅਗਸਤ 2020: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਆਮ ਲੋਕਾਂ ਵਾਂਗ ਕੋਰੋਨਾ ਦੀ ਚਪੇਟ 'ਚ ਆ ਰਹੇ ਸੂਬੇ ਦੇ ਮੰਤਰੀਆਂ, ਵਿਧਾਇਕਾਂ ਅਤੇ ਉੱਚ-ਅਧਿਕਾਰੀਆਂ ਆਮ ਲੋਕਾਂ ਦੀ ਤਰਾਂ ਸਰਕਾਰੀ ਹਸਪਤਾਲਾਂ ਅਤੇ ਕੋਰੋਨਾ ਕੇਅਰ ਸੈਂਟਰਾਂ 'ਚ ਹੀ ਇਲਾਜ ਕਰਾਉਣ ਬਾਰੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਰੱਖੀ। ਇਸ ਦੇ ਨਾਲ ਹੀ ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ, ''ਐਸਵਾਈਐਲ ਲਈ ਬਾਦਲ ਪਰਿਵਾਰ ਅਤੇ ਰਾਜਾ ਅਮਰਿੰਦਰ ਸਿੰਘ ਸਮੇਤ ਪੰਜਾਬ 'ਤੇ ਰਾਜ ਕਰਦੀਆਂ ਆ ਰਹੀਆਂ ਕਾਂਗਰਸ, ਅਕਾਲੀ ਦਲ (ਬਾਦਲ) ਅਤੇ ਭਾਜਪਾ ਵਰਗੀਆਂ ਰਿਵਾਇਤੀ ਪਾਰਟੀਆਂ ਇੱਕ-ਦੂਜੇ ਤੋਂ ਵੱਧ ਕੇ ਜ਼ਿੰਮੇਵਾਰ ਹਨ। ਜਿੰਨਾ ਨੇ ਖ਼ੁਦ ਹੀ ਐਸਵਾਈਐਲ ਦਾ ਅੱਕ ਪੰਜਾਬ ਦੀ ਹਿੱਕ 'ਤੇ ਗੱਡਿਆ ਅਤੇ ਫਿਰ ਰਾਜ-ਸੱਤਾ ਹਾਸਲ ਕਰਨ ਲਈ ਇਸ ਮੁੱਦੇ 'ਤੇ ਸਿਆਸਤ ਕੀਤੀ।''
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਤੇ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕੋਰੋਨਾ ਪੋਜੇਟਿਵ ਹੋਏ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ, ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਰੋਜ਼ੀ ਬਰਕੰਦੀ ਸਮੇਤ ਆਈਏਐਸ, ਆਈਪੀਐਸ ਅਫ਼ਸਰਾਂ ਸਮੇਤ ਹਰੇਕ ਵੀਆਈਪੀ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਹੀ ਜ਼ਰੂਰੀ ਕੀਤਾ ਜਾਵੇ, ਕਿਉਂਕਿ ਇਸ ਨਾਲ ਆਮ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ 'ਚ ਯਕੀਨ ਵਧੇਗਾ ਅਤੇ ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਾਂ ਨੂੰ ਵੀ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਕੀਤੇ ਗਏ ਪ੍ਰਬੰਧਾਂ ਦੀ ਅਸਲੀਅਤ ਬਾਰੇ ਪਤਾ ਲੱਗੇਗਾ।
ਚੀਮਾ ਨੇ ਕਿਹਾ ਕਿ ਉਹ ਕੋਰੋਨਾ ਪੋਜੇਟਿਵ ਹੋਏ ਸਾਰੇ ਸਾਥੀ ਵਿਧਾਇਕਾਂ, ਮੰਤਰੀਆਂ, ਅਫ਼ਸਰਾਂ ਸਮੇਤ ਸਮੂਹ ਦੇਸ਼ ਵਾਸੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਨ, ਪਰੰਤੂ ਸਰਕਾਰ ਚਲਾ ਰਹੇ ਲੋਕਾਂ ਦਾ ਇਲਾਜ ਵੀ ਉੱਥੇ ਹੀ ਹੋਣਾ ਜ਼ਰੂਰੀ ਹੈ, ਜਿੱਥੇ ਆਮ ਆਦਮੀ ਨੂੰ ਧੱਕੇ ਨਾਲ ਚੁੱਕ ਕੇ ਕੀਤਾ ਜਾ ਰਿਹਾ ਹੈ।
ਚੀਮਾ ਨੇ ਕਿਹਾ, ''ਇਹ ਗੱਲ ਆਮ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ਤੋਂ ਵਿਸ਼ਵਾਸ ਉਠਾਉਂਦੀ ਹੈ ਕਿ ਮੰਤਰੀ, ਵਿਧਾਇਕ ਜਾਂ ਅਫ਼ਸਰ ਆਪਣੇ ਘਰਾਂ ਜਾਂ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਉਣ ਪਰੰਤੂ ਆਮ ਲੋਕਾਂ ਨੂੰ ਬਦਹਾਲ ਕੋਰੋਨਾ ਕੇਅਰ ਸੈਂਟਰਾਂ 'ਚ ਤਾੜ ਦਿੱਤਾ ਜਾਵੇ, ਜਿੱਥੇ ਨਾ ਸਫ਼ਾਈ, ਨਾ ਪੀਣ ਯੋਗ ਪਾਣੀ ਅਤੇ ਖਾਣਾ, ਨਾ ਦਵਾਈ ਅਤੇ ਨਾ ਹੀ ਲੋੜੀਂਦੇ ਡਾਕਟਰ ਹੋਣ।
ਚੀਮਾ ਨੇ ਮਾਨਸਾ 'ਚ ਕਿਸਾਨ ਅਤੇ ਅੰਮ੍ਰਿਤਸਰ 'ਚ ਵਾਪਰੀਆਂ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਲਈ ਗਲੇ-ਸੜੇ ਸਰਕਾਰੀ ਨਿਜ਼ਾਮ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਨ੍ਹਾਂ ਮਾਮਲਿਆਂ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ।
ਐਸਵਾਈਐਲ ਦੇ ਮੁੱਦੇ 'ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਅੰਨ੍ਹੀ ਲੁੱਟ, ਦਰਿਆਈ ਅਤੇ ਧਰਤੀ ਹੇਠਲੇ ਪਾਣੀਆਂ 'ਚ ਲਗਾਤਾਰ ਹੋਈ ਕਮੀ ਕਾਰਨ ਅੱਜ ਪੰਜਾਬ ਖ਼ੁਦ ਮਾਰੂਥਲ ਬਣਦਾ ਜਾ ਰਿਹਾ ਹੈ। ਇਸ ਲਈ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਇੱਕ ਵੀ ਬੂੰਦ ਵਾਧੂ ਪਾਣੀ ਨਹੀਂ।
ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਮੁੱਦੇ 'ਤੇ ਡਟ ਕੇ ਪੰਜਾਬ ਦੇ ਹਿਤਾਂ ਦੀ ਰਾਖੀ ਕਰੇਗੀ।