ਰਾਜਵੰਤ ਸਿੰਘ
- ਵੱਖ-ਵੱਖ ਥਾਵਾਂ ’ਤੇ ਮੰਗਾਂ ਨੂੰ ਲੈ ਕੇ ਧਰਨੇ-ਪ੍ਰਦਰਸ਼ਨ ਕਰਨ ਵਾਲੇ ਕਰੀਬ 100 ਅਣਪਛਾਤੇ ਸਮਰਥਕਾਂ ਖ਼ਿਲਾਫ਼ ਵੀ ਮਾਮਲੇ ਦਰਜ
ਸ੍ਰੀ ਮੁਕਤਸਰ ਸਾਹਿਬ, 19 ਅਗਸਤ 2020 - ਸਰਕਾਰੀ ਦਫ਼ਤਰਾਂ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ-ਪ੍ਰਦਰਸ਼ਨ ਕਰਨ ਤੇ ਜਨਤਕ ਇਕੱਠ ਕਰਕੇ ਸਰਕਾਰ ਦੀਆਂ ਕੋਰੋਨਾ ਪ੍ਰਤੀ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਜ਼ਿਲ੍ਹਾ ਪੁਲਸ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ 14 ਆਗੂਆਂ ਸਮੇਤ ਕਰੀਬ 100 ਵਰਕਰਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਇਹ ਮਾਮਲੇ ਵੱਖ-ਵੱਖ ਪੁਲਸ ਥਾਣਿਆਂ ’ਚ ਦਰਜ ਹੋਏ ਹਨ। ਪਹਿਲਾ ਮਾਮਲਾ ਥਾਣਾ ਸਿਟੀ ਵਿਖੇ ਦਰਜ ਹੋਇਆ ਹੈ।
ਏਐਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਸਥਾਨਕ ਕੋਟਕਪੂਰਾ ਰੋਡ ’ਤੇ ਸਥਿਤ ਬੀਡੀਪੀਓ ਦਫ਼ਤਰ ਵਿਖੇ ਪਿਛਲੇ ਦਿਨੀਂ ਕਰੀਬ 40 ਵਿਅਕਤੀਆਂ ਤੇ ਔਰਤਾਂ ਵੱਲੋਂ ਇਕੱਠੇ ਹੋ ਕੇ ਧਰਨਾ ਦਿੱਤਾ ਗਿਆ ਸੀ, ਜਿੰਨ੍ਹਾਂ ਅਜਿਹਾ ਕਰਕੇ ਸਰਕਾਰ ਦੀਆਂ ਕੋਰੋਨਾ ਪ੍ਰਤੀ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਪੁਲਸ ਨੇ ਧਰਨਾ ਦੇਣ ਵਾਲੇ ਤਰਸੇਮ ਸਿੰਘ ਵਾਸੀ ਖੁੰਡੇ ਹਲਾਲ, ਹਰਪਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭਾਗਸਰ, ਮੇਜਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸੀਰਵਾਲੀ, ਜਸਵਿੰਦਰ ਸਿੰਘ ਵਾਸੀ ਵੱਟੂ, ਜਸਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਸੰਗੂਧੌਣ ਸਮੇਤ ਕਰੀਬ 40 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜਾ ਮਾਮਲਾ ਬਰੀਵਾਲਾ ਥਾਣੇ ’ਚ ਦਰਜ ਹੋਇਆ ਹੈ। ਪੁਲਸ ਨੇ ਬਿਜਲੀ ਗਰਿੱਡ ’ਚ ਧਰਨਾ ਦੇਣ ਵਾਲੇ 5 ਜਣਿਆਂ ਸਮੇਤ ਕਰੀਬ 30 ਜਣਿਆਂ ਨੂੰ ਨਾਮਜ਼ਦ ਕੀਤਾ ਹੈ, ਜਿੰਨ੍ਹਾਂ ਵਿੱਚੋਂ 5 ਜਣਿਆਂ ਦੀ ਪਛਾਣ ਹੋਈ ਹੈ, ਜਿਸ ਵਿੱਚ ਜਸਵਿੰਦਰ ਸਿੰਘ ਵਾਸੀ ਪਿੰਡ ਵੱਟੂ, ਮੇਜਰ ਸਿੰਘ ਵਾਸੀ ਸੀਰਵਾਲੀ, ਜੰਗ ਸਿੰਘ ਵਾਸੀ ਸੀਰਵਾਲੀ, ਗੁਰਦਾਸ ਸਿੰਘ ਵਾਸੀ ਹਰੀੇਕੇਕਲਾਂ, ਕਰਮਜੀਤ ਕੌਰ ਵਾਸੀ ਖੋਖਰ ਵਜੋਂ ਹੋਈ ਹੈ।
ਏਐਸਆਈ ਰਾਜਾ ਸਿੰਘ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਨੇ ਪਿੰਡ ਸਰਾਏਨਾਗਾ ਦੇ ਬਿਜਲੀ ਗਰਿੱਡ ’ਚ ਇਕੱਠੇ ਹੋ ਕੇ ਧਰਨਾ ਦਿੱਤਾ ਸੀ, ਜਿੰਨ੍ਹਾਂ ਅਜਿਹਾ ਕਰਕੇ ਸਮਾਜਿਕ ਦੂਰੀ ਨਿਯਮ ਦੀ ਉਲੰਘਣਾ ਕੀਤੀ ਹੈ। ਇਸ ਤੋਂ ਇਲਾਵਾ ਥਾਣਾ ਸਦਰ ਪੁਲਸ ਨੇ ਸਮਾਜਿਕ ਦੂਰੀ ਦੀ ਉਲੰਘਣਾ ਕਰਦਿਆਂ ਇਕੱਠ ਕਰਨ ਦੇ ਦੋਸ਼ ਹੇਠ ਤਿੰਨ ਸਮੇਤ 22 ਦੇ ਕਰੀਬ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਵਰਿੰਦਰ ਢੋਸੀਵਾਲ, ਜਿਸ ਨੇ ਆਪਣੇ ਸਾਥੀਆਂ ਸਮੇਤ ਡੀਸੀ ਦਫ਼ਤਰ ਵਿਖੇ ਇਕੱਠ ਕੀਤਾ ਸੀ। ਦੂਜੇ ਮਾਮਲੇ ਵਿੱਚ ਸਿੱਖਿਆ ਨੀਤੀ ਦਾ ਜਾਰੀ ਨੋਟੀਫ਼ਿਕੇਸ਼ਨ ਰੱਦ ਕਰਨ ਤੇ ਪ੍ਰਾਈਵੇਟ ਸਕੂਲਾਂ ਵੱਲੋਂ ਲਈ ਜਾਂਦੀ ਫੀਸ ਸਬੰਧੀ ਪ੍ਰੋਗਰਾਮ ਉਲੀਕਣ ਲਈ ਕੀਤੇ ਇਕੱਠ ਕਰਕੇ ਪੁਲਸ ਨੇ ਇੱਕ ਜਥੇਬੰਦੀ ਦੇ ਆਗੂ ਗਗਨ ਸੰਗਰਾਮੀ ਤੇ ਰਾਜਵਿੰਦਰ ਸਿੰਘ ਸਮੇਤ ਕਰੀਬ 22 ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਵਰਣਨਯੋਗ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਉਕਤ ਵਿਅਕਤੀਆਂ ਵੱਲੋਂ ਪਿਛਲੇ ਦਿਨੀ ਵੱਖ-ਵੱਖ ਸਰਕਾਰੀ ਦਫਤਰਾਂ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ ਸਨ।