ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਅਤੇ ਮਗਸੀਪਾ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਬੀ.ਐੱਸ. ਸਿੱਧੂ, ਆਈਏਐੱਸ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ
ਚੰਡੀਗੜ੍ਹ, 19 ਅਗਸਤ, 2020: ਆਫਤ ਪ੍ਰਬੰਧਨ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰ ਹਿੱਸੇਦਾਰਾਂ ਨੂੰ ਸੰਵੇਦਨਸ਼ੀਲ ਕਰਨ ਅਤੇ ਸੰਕਟਕਾਲੀਨ ਸਥਿਤੀਆਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ, ਪੰਜਾਬ, (ਮਗਸੀਪਾ) ਨੇ ਨੈਸ਼ਨਲ ਇੰਸਟੀਚਿੳੂਟ ਆਫ ਡਿਜ਼ਾਸਟਰ ਮੈਨੇਜਮੈਂਟ (ਐੱਨਆਈਡੀਐੱਮ) ਦੇ ਸਹਿਯੋਗ ਨਾਲ ਉੱਤਰੀ ਰਾਜਾਂ (ਪਾਰਟ-1)- ਪੰਜਾਬ ਅਤੇ ਚੰਡੀਗੜ੍ਹ ਲਈ ਇੰਸੀਡੈਂਟ ਰਿਸਪੌਂਸ ਸਿਸਟਮ ਦੀ ਆਨ ਲਾਈਨ ਸਿਖਲਾਈ ਲਈ ਭਾਈਵਾਲੀ ਕੀਤੀ ਹੈ।
ਉੱਤਰੀ ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਸ਼ੁਰੂਆਤ ਕਰਦਿਆਂ ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ-ਕਮ-ਡਾਇਰੈਕਟਰ ਜਨਰਲ, ਮਗਸੀਪਾ ਸ੍ਰੀ ਕੇ. ਬੀ.ਐੱਸ. ਸਿੱਧੂ, ਆਈਏਐੱਸ ਨੇ ਅਜਿਹੀਆਂ ਕੁਦਰਤੀ ਆਫ਼ਤਾਂ ਦੇ ਹੋਣ ’ਤੇ ਹੋਏ ਨੁਕਸਾਨ ਨੂੰ ਘਟਾਉਣ ਲਈ ਜਵਾਬੀ ਪ੍ਰਤੀਕਿਰਿਆ ਰਾਹੀਂ ਕਿਸੇ ਵੀ ਕਿਸਮ ਦੀ ਤਬਾਹੀ ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਅਤੇ ਤੇਜ਼ੀ ਨਾਲ ਤਿਆਰੀ ਉਪਾਅ ਯਕੀਨੀ ਬਣਾਉਣ ਲਈ ਵਿਅਕਤੀਗਤ, ਸਮਾਜਿਕ ਅਤੇ ਸੰਸਥਾਗਤ ਪੱਧਰ ’ਤੇ ਨੇੜਲੇ ਅਤੇ ਪ੍ਰਭਾਵਸ਼ਾਲੀ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿਹਤ, ਪੁਲਿਸ, ਫਾਇਰ ਬ੍ਰਿਗੇਡ, ਸਿਵਲ ਡਿਫੈਂਸ, ਬਿਜਲੀ ਅਤੇ ਟ੍ਰੈਫਿਕ ਕੰਟਰੋਲ ਵਰਗੇ ਵੱਖ-ਵੱਖ ਹਿੱਸੇਦਾਰ ਵਿਭਾਗਾਂ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਸਬੰਧਤ ਅਮਲ ਵਿੱਚ ਲਿਆਉਣ ਅਤੇ ਅਜਿਹੀਆਂ ਖਤਰਨਾਕ ਸਥਿਤੀਆਂ ਵਿੱਚ ਬਚਾਅ ਕਾਰਜਾਂ ਵਿੱਚ ਜੁਝਾਰੂਆਂ ਵਾਂਗ ਜ਼ੋਰਾਂ-ਸ਼ੋਰਾਂ ਨਾਲ ਸ਼ਾਮਲ ਹੋਣ ਲਈ ਉਨ੍ਹਾਂ ਦੀਆਂ ਸਬੰਧਤ ਸੰਸਥਾਵਾਂ ਵਿੱਚ ਇੱਕ “ਘਟਨਾ ਪ੍ਰਤੀਕਿਰਿਆ ਤੰਤਰ’ ਨੂੰ ਤਿਆਰ ਕਰਨ।
ਰਾਜ ਅਤੇ ਰਾਸ਼ਟਰੀ ਪੱਧਰ ’ਤੇ ਵੱਖ ਵੱਖ ਸਮਰੱਥਾਵਾਂ ਵਿੱਚ ਆਪਣੇ ਲੰਮੇ ਪ੍ਰਸ਼ਾਸਕੀ ਕਰੀਅਰ ਦੇ ਆਧਾਰ ’ਤੇ ਆਪਣੇ ਵਿਹਾਰਕ ਗਿਆਨ ਅਤੇ ਤਜਰਬਿਆਂ ਨੂੰ ਸਾਂਝਾ ਕਰਦੇ ਹੋਏ ਸ੍ਰੀ ਸਿੱਧੂ ਨੇ ਕਿਹਾ ਕਿ ਹੜ੍ਹਾਂ ਅਤੇ ਹੋਰ ਕੁਦਰਤੀ ਆਫ਼ਤਾਂ ਦੇ ਮਾਮਲੇ ਵਿੱਚ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਮਨੁੱਖੀ ਜਾਨਾਂ ਬਚਾਉਣ ਅਤੇ ਇਸਤੋਂ ਬਾਅਦ ਪਸ਼ੂਆਂ ਅਤੇ ਵਸਨੀਕਾਂ ਦੀਆਂ ਹੋਰ ਸੰਪਤੀਆਂ ਬਚਾਉਣ ’ਤੇ ਕੇਂਦਰਿਤ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਸਮੂਹ ਸਬੰਧਤ ਅਥਾਰਟੀਆਂ ਵੱਲੋਂ ਸਮੂਹਿਕ ਪੱਧਰ ਅਤੇ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਅਤੇ ਨੁਕਸਾਨ ਨੂੰ ਘੱਟ ਕਰਨ ਲਈ ਸਾਰੇ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਰ ਵੀ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਸਾਰੀਆਂ ਸਥਿਤੀਆਂ ਨੂੰ ਤਕਨੀਕੀ ਤੌਰ ’ਤੇ ਵੀਆਈਪੀ ਵਿਜ਼ਿਟ, ਮੀਡੀਆ ਪ੍ਰਬੰਧਨ ਅਤੇ ਲੋਕਾਂ ਦੀ ਸ਼ਮੂਲੀਅਤ ਨਾਲ ਨਜਿੱਠਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬਚਾਅ ਕਾਰਜ ਏਜੰਸੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਦੋਸ਼ ਲਗਾਉਣ ਵਾਲੀ ਖੇਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਲੋਕਾਂ ਦੇ ਵਿਸ਼ਵਾਸ ਨੂੰ ਹਿਲਾਉਣ ਤੋਂ ਇਲਾਵਾ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ। ਉਨ੍ਹਾਂ ਨੇ ਐੱਨਆਈਡੀਐੱਮ ਅਤੇ ਇਸਦੇ ਮਾਹਿਰਾਂ ਦਾ ਇਸ ਸਮਾਗਮ ਦੇ ਆਯੋਜਨ ਲਈ ਮਗਸੀਪਾ ਨਾਲ ਹੱਥ ਮਿਲਾਉਣ ਲਈ ਧੰਨਵਾਦ ਕੀਤਾ।
ਐੱਨਆਈਡੀਐੱਮ ਦੇ ਮਾਹਰ ਦੱਖਣੀ ਏਸ਼ੀਆ ਮਾਮਲਿਆਂ ਦੇ ਮਾਹਿਰ, ਯੂਐੱਸਐੱਫਐੱਸ ਸ਼੍ਰੀ ਬਾਲਾਜੀ ਸਿੰਘ ਅਤੇ ਸਹਾਇਕ ਪ੍ਰੋਫੈਸਰ, ਐੱਨਆਈਡੀਐੱਮ ਸ਼੍ਰੀ ਸ਼ੇਖਰ ਚਤੁਰਵੇਦੀ ਨੇ ਘਟਨਾ ਸਬੰਧੀ ਪ੍ਰਤਿਕਿਰਿਆ ਪ੍ਰਣਾਲੀ ਦੇ ਔਨਲਾਈਨ ਸਿਖਲਾਈ ਪ੍ਰੋਗਰਾਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਭਾਗੀਦਾਰਾਂ ਤੋਂ ਮਿਲੇ ਵਧੀਆ ਹੁੰਗਾਰੇ ’ਤੇ ਸੰਤੁਸ਼ਟੀ ਜ਼ਾਹਰ ਕੀਤੀ। ਅੰਦਾਜ਼ੇ ਅਨੁਸਾਰ ਵੱਖ-ਵੱਖ ਸੰਸਥਾਵਾਂ ਦੇ 885 ਤੋਂ ਵੱਧ ਭਾਗੀਦਾਰਾਂ ਨੇ ਇਸ ਤਿੰਨ ਰੋਜ਼ਾ ਔਨਲਾਈਨ ਸਿਖਲਾਈ ਪ੍ਰੋਗਰਾਮ ਲਈ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਹੈ। ਮਗਸੀਪਾ, ਪੰਜਾਬ ਦੇ ਜੀਐੱਮ (ਟ੍ਰੇਨਿੰਗ) ਕਰਨਲ ਦਲਬੀਰ ਸਿੰਘ ਨੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ।