ਪੁੱਛਿਆ ਕਿ ਕੋਰੋਨਾ ਮਰੀਜ਼ ਤੋਂ 20.50 ਲੱਖ ਰੁਪਏ ਵਸੂਲਣ ਵਾਲੇ ਅਮਨਦੀਪ ਮੈਡੀਸਿਟੀ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ
ਸਰਕਾਰੀ ਹਸਪਤਾਲਾਂ ਵਿਚ ਲੋੜੀਂਦੀ ਆਕਸੀਜ਼ਨ ਦੀ ਸਪਲਾਈ ਯਕੀਨੀ ਬਣਾਈ ਜਾਵੇ : ਮਹੇਸ਼ਇੰਦਰ ਸਿੰਘ ਗਰੇਵਾਲ
ਚੰਡੀਗੜ, 19 ਅਗਸਤ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਉਹਨਾਂ ਪ੍ਰਾਈਵੇਟ ਹਸਪਤਾਲਾਂ ਖਿਲਾਫ ਕਾਰਵਾਈ ਦੇ ਤੁਰੰਤ ਹੁਕਮ ਜਾਰੀ ਕਰਨ ਜੋ ਕੋਰੋਨਾ ਮਰੀਜ਼ਾਂ ਤੋਂ ਵੱਧ ਪੈਸੇ ਵਸੂਲ ਰਹੇ ਹਨ ਅਤੇ ਪਾਰਟੀ ਨੇ ਕਿਹਾ ਕਿ ਸਰਕਾਰ ਨੂੰ ਸਰਕਾਰੀ ਹਸਪਤਾਲਾਂ ਵਿਚ ਲੋੜੀਂਦੀ ਮਾਤਰਾ ਵਿਚ ਆਕਸੀਜ਼ਨ ਦੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਰੋਨਾ ਮਰੀਜ਼ਾਂ ਤੋਂ ਲਈ ਜਾਣ ਵਾਲੀ ਫੀਸ ਤੈਅ ਕੀਤੀ ਹੋਈ ਹੈ ਪਰ ਦਿਸ਼ਾ ਨਿਰਦੇਸ਼ ਸਹੀ ਤਰੀਕੇ ਲਾਗੂ ਨਹੀਂ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਹਾਲ ਹੀ ਵਿਚ ਅੰਮ੍ਰਿਤਸਰ ਆਧਾਰਿਤ ਇਕ ਹਸਪਤਾਲ ਅਮਨਦੀਪ ਮੈਡੀਸਿਟੀ ਨੇ ਇਕ ਮਰੀਜ਼ ਤੋਂ 20.50 ਰੁਪਏ ਲੈ ਲਏ ਜਿਸ ਨਾਲ ਸੂਬੇ ਦੇ ਲੋਕ ਹੈਰਾਨ ਰਹਿ ਗਏ। ਉਹਨਾਂ ਕਿਹਾ ਕਿ ਅਮਨਦੀਪ ਮੈਡੀਸਿਟੀ ਵਰਗੀਆਂ ਹੀ ਕੁਝ ਕਾਲੀਆਂ ਭੇਡਾਂ ਬੇਵਸ ਮਰੀਜ਼ਾਂ ਦੀ ਖੱਲ ਲਾਹ ਰਹੀਆਂ ਹਨ ਅਤੇ ਉਹਨਾਂ ਤੋਂ ਮਨਮਰਜ਼ੀ ਦੀ ਫੀਸ ਵਸੂਲ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਥੋੜੇ ਬਿਮਾਰ ਕੋਰੋਨਾ ਮਰੀਜ਼ਾਂ ਤੋਂ 10 ਹਜ਼ਾਰ ਰੁਪਏ ਅਤੇ ਗੰਭੀਰ ਬਿਮਾਰ ਤੋਂ 15 ਹਜ਼ਾਰ ਰੁਪਏ ਰੋਜ਼ਾਨਾ ਫੀਸ ਦਾ ਤੈਅ ਕੀਤਾ ਨਿਯਮ ਸਖ਼ਤੀ ਨਾਲ ਲਾਗੂ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਵੀ ਪ੍ਰਾਈਵੇਟ ਹਸਪਤਾਲ ਨਿਯਮਾਂ ਦੀ ਉਲੰਘਣਾ ਕਰੇ, ਤੁਰੰਤ ਕਾਰਵਾਈ ਕਰਦਿਆਂ ਉਸਦਾ ਲਾਇਸੰਸ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ।
ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਅਮਨਦੀਪ ਮੈਡੀਸਿਟੀ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਹਾਲਾਂਕਿ ਇਹ ਪਾਇਆ ਗਿਆ ਹੈ ਕਿ ਉਹ ਮਰੀਜ਼ਾਂ ਤੋਂ ਵਾਰ ਵਾਰ ਪੈਸੇ ਵਸੂਲ ਰਿਹਾ ਹੈ। ਉਹਨਾਂ ਹਿਕਾ ਕਿ ਹਸਪਤਾਲ ਮੈਨੇਜਮੈਂਟ ਦੇ ਖਿਲਾਫ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਪਰ ਇਸਨੂੰ ਕਾਂਗਰਸ ਦੇ ਆਗੂ ਬਚਾਅ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਲਾਇਸੰਸ ਰੱਦ ਕਰਨ ਅਤੇ ਮੈਡੀਕਲ ਕੁਤਾਹੀ ਦਾ ਕੇਸ ਹਸਪਤਾਲ ਖਿਲਾਫ ਦਰਜ ਨਹੀਂ ਕੀਤਾ ਜਾਂਦਾ ਤਾਂ ਫਿਰ ਸਰਕਾਰੀ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹੋਰ ਸੰਸਥਾਵਾਂ ਖਿਲਾਫ ਕਾਰਵਾਈ ਕਰਨੀ ਵੀ ਮੁਸ਼ਕਿਲ ਹੋ ਜਾਵੇਗੀ। ਉਹਨਾਂ ਕਿਹਾ ਕਿ ਅਮਨਦੀਪ ਮੈਡੀਸਿਟੀ ਖਿਲਾਫ ਕਾਰਵਾਈ ਕਰਨ ਦੇ ਰਾਹ ਵਿਚ ਰਾਜਨੀਤੀ ਅੜਿਕਾ ਨਹੀਂ ਬਣਨੀ ਚਾਹੀਦੀ ਕਿਉਂਕਿ ਉਸਨੇ ਸਰਕਾਰ ਵੱਲੋਂ ਤੈਅ 15 ਹਜ਼ਾਰ ਰੁਪਏ ਰੋਜ਼ਾਨਾ ਦੀ ਥਾਂ 42500 ਰੁਪਏ ਰੋਜ਼ਾਨਾ ਦੇ ਵਸੂਲੇ ਹਨ।
ਇਸ ਦੌਰਾਨ ਸ੍ਰੀ ਗਰੇਵਾਲ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਟਾਲਾ ਵਿਚ ਕੋਰੋਨਾ ਵਾਰਡ ਵਿਚ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਆਕਸੀਜ਼ਨ ਦੀ ਕਮੀ ਹੋਣ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਹੈ । ਉਹਨਾਂ ਕਿਹਾ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮਰੀਜ਼ਾਂ ਨੇ ਸਾਹ ਔਖਾ ਆਉਣ ਦੀ ਸ਼ਿਕਾਇਤ ਕੀਤੀ। ਉਹਨਾਂ ਕਿਹਾ ਕਿ ਸਖ਼ਤ ਹੁਕਮ ਸਾਰੇ ਸਰਕਾਰੀ ਹਸਪਤਾਲਾਂ ਨੂੰ ਜਾਰੀ ਹੋਣੇ ਚਾਹੀਦੇ ਹਨ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਉਹਨਾਂ ਕਿਹਾ ਕਿ ਆਕਸੀਜ਼ਨ ਸਿਲੰਡਰਾਂ ਦੀ ਉਪਲਬਧਤਾ ਸਰਕਾਰੀ ਹਸਪਤਾਲਾਂ ਵਿਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਸੀਂ ਇਸ ਤਰੀਕੇ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਨਹੀਂ ਕਰ ਸਕਦੇ।
ਸ੍ਰੀ ਗਰੇਵਾਲ ਨੇ ਕਾਂਗਰਸ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਸਾਰੇ ਸ਼ਹਿਰਾਂ ਤੇ ਕਸਬਿਆਂ ਵਿਚ ਨੋਡਲ ਅਫਸਰਾਂ ਦੀ ਤਾਇਲਾਤੀ ਕਰੇ ਜੋ ਪ੍ਰਾਈਵੇਟ ਹਸਪਤਾਲਾਂ ਵਿਚ ਉਪਲਬਧ ਬੈਡਾਂ ਬਾਰੇ ਜਾਣਕਾਰੀ ਰੱਖ ਸਕਣ। ਉਹਨਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਅਚਨਚੇਤ ਵਾਧਾ ਹੋਣ ਨਾਲ ਬੈਡਾਂ ਦੀ ਕਮੀ ਹੋ ਗਈ ਹੈ ਤੇ ਮਰੀਜ਼ ਇਕ ਤੋਂ ਦੂਜੇ ਹਸਪਤਾਲ ਵਿਚ ਬੈਡਾਂ ਦੀ ਤਲਾਸ਼ ਵਿਚ ਜਾਣ ਲਈ ਮਜਬੂਰ ਹੋ ਰਹੇ ਹਨ। ਉਹਨਾਂ ਕਿਹਾ ਕਿ ਇਕ ਡਾਟਾ ਬੇਸ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮਰੀਜ਼ਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਜਾਣਕਾਰੀ ਮਿਲਣੀ ਯਕੀਨੀ ਬਣਾਈ ਜਾ ਸਕੇ।