ਹੁਣ ਰੋਜ਼ਾਨਾ ਪਹਿਲਾਂ ਨਾਲੋ ਦੋਗੁਣਾਂ ਕੋਰੋਨਾ ਮਰੀਜ਼ਾਂ ਦੇ ਨਮੂਨੇ ਲਏ ਜਾਣਗੇ - ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਅੱਜ ਵਸਨੀਕਾ ਨਾਲ ਹੋਏ ਰੂ-ਬਰੂ
ਲੁਧਿਆਣਾ, 19 ਅਗਸਤ 2020: ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ ਟੈਸਟ ਪੋਜ਼ਟਿਵ ਆਉਣ ਵੇਲੇ ਬਿਲਕੁਲ ਵੀ ਨਾ ਘਬਰਾੳਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋ 'ਹੋਮ ਆਈਸੋਲੇਸ਼ਨ ਲੁਧਿਆਣਾ' ਐਪ ਡਾਊਨਲੋਡ ਕਰਕੇ ਘਰ ਬੈਠੇ ਹੀ ਘਰ ਵਿੱਚ ਇਕਾਂਤਵਾਸ ਲਈ ਅਪਲਾਈ ਕਰ ਸਕਦੇ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਾਰੀ 'ਹੋਮ ਆਈਸੋਲੇਸ਼ਨ ਲੁਧਿਆਣਾ' ਐਪ ਰਾਹੀਂ ਵਿੱਚ ਘਰ ਵਿੱਚ ਇਕਾਂਤਵਾਸ ਵਾਸਤੇ ਅਪਲਾਈ ਕਰਨ ਲਈ ਇੱਕ ਵੱਖਰੇ ਕਮਰੇ ਦੀ ਵੀਡੀਓ ਬਣਾਉਣੀ ਹੋਵੇਗੀ, ਜਿਸ ਤੋਂ ਬਾਅਦ ਸਰਕਾਰੀ ਅਧਿਕਾਰੀ ਤੁਹਾਡੇ ਦੁਆਰਾ ਨਿਰਧਾਰਤ ਸਮੇਂ ਦੇ ਅਨੁਸਾਰ ਤੁਹਾਡੇ ਘਰ ਦਾ ਦੌਰਾ ਕਰਨਗੇ ਅਤੇ ਜੇਕਰ ਕੋਵਿਡ-19 ਨਾਲ ਸਬੰਧਤ ਸਾਰੀਆਂ ਸਹੂਲਤਾਂ ਉਪਲਬਧ ਪਾਈਆਂ ਗਈਆਂ ਤਾਂ ਘਰ ਵਿੱਚ ਇਕਾਂਤਵਾਸ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰ 'ਚ ਇਕਾਂਤਵਾਸ ਲਈ ਅਪਲਾਈ ਕਰਨ ਲਈ ਹਸਪਤਾਲ ਨਹੀਂ ਜਾਣਾ ਪਵੇਗਾ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਘਰ 'ਚ ਇਕਾਂਤਵਾਸੀ ਦੀ ਅਰਜ਼ੀ ਮੰਜੂਰ ਹੋ ਜਾਂਦੀ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਸਿਰਫ 10 ਤੋਂ 15 ਮਿੰਟ ਲਈ ਆਪਣੇ ਨੇੜਲੇ ਹਸਪਤਾਲ ਜਾ ਕੇ ਆਪਣੀ ਸਿਹਤ ਦੀ ਜਾਂਚ ਕਰਵਾਉਣ ਪਵੇਗੀ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ ਦੇ ਇਲਾਜ ਲਈ ਬਿਸਤਰਿਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਮੋਬਾਈਲ ਐਪ ਂਐਚ.ਬੀ.ਐਮ.ਐੱਸ. ਪੰਜਾਬਂ ਰਾਹੀਂ ਜਾਂ ਸਰਕਾਰੀ ਵੈਬ ਲਿੰਕਸ “https://ludhiana.nic.in/notice/covid-19-bed-status-in-ludhiana-district/" ਜਾਂ “www.hbmspunjab.in" ਰਾਹੀਂ ਖਾਲੀ ਬਿਸਤਰੇ ਦੀ ਸਥਿਤੀ ਦੀ ਜਾਂਚ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੋਵਿਡ ਇਲਾਜ਼ ਮੁਹੱਈਆ ਕਰਵਾਉਣ ਵਾਲੇ ਸਾਰੇ ਨਿੱਜੀ ਹਸਪਤਾਲਾਂ ਦਾ ਡਾਟਾ ਮੋਬਾਈਲ ਐਪ ਦੇ ਨਾਲ ਨਾਲ ਵੈਬ ਲਿੰਕਸ ਉੱਤੇ ਜੋੜਿਆ ਗਿਆ ਹੈ।
ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਬਿਮਾਰੀ ਨੂੰ ਆਪਣੇ ਤੋਂ ਦੂਰ ਰੱਖਣਾ ਅਸਾਨ ਹੈ ਜੇਕਰ ਅਸੀ ਕੁਝ ਸਾਵਧਾਨੀਆਂ ਰੱਖੀਏ। ਉਹਨਾ ਨੇ ਕਿਹਾ ਕਿ ਜੇਕਰ ਅਸੀ ਬਾਹਰ ਜਾਣ ਸਮੇ ਮਾਸਕ ਲਾਈਏ, ਸਮਾਜਿਕ ਦੂਰੀ ਰੱਖੀਏ ਅਤੇ ਵਾਰ-ਵਾਰ ਹੱਥਾਂ ਦੀ ਸਫਾਈ ਰੱਖੀਏ ਤਾਂ ਇਸ ਬਿਮਾਰੀ ਤੇ ਸਾਡੀ ਫ਼ਤਿਹ ਨਿਸ਼ਚਿਤ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਦੇ ਕੋਵਿਡ ਟੈਸਟ ਕੀਤੇ ਜਾਣਗੇ ਅਤੇ ਹਰੇਕ ਵਿਅਕਤੀ ਆਪਣੇ ਆਪ ਨੂੰ ਵਲੰਟੀਅਰ ਦੀ ਤਰ੍ਹਾਂ ਮੰਨ ਕੇ ਕੰਮ ਕਰੇ। ਉਹਨਾਂ ਕਿਹਾ ਕਿ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਲੋੜ ਹੈ ਕਿ ਉਹ ਆਪਣੀ ਨਿੱਜੀ ਜ਼ਿੰਮੇਵਾਰੀ ਨੂੰ ਸਮਝ ਕੇ ਖੁਦ ਜਾਗਰੂਕ ਹੋਣ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨ। ਉਹਨਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਿਹਤ ਮਾਹਿਰਾਂ ਦੀ ਸਲਾਹ ਮੁਤਾਬਿਕ ਹਰ ਕਦਮ ਉਠਾਉਣੇ ਚਾਹੀਦੇ ਹਨ, ਜੋ ਉਨ੍ਹਾਂ ਦੇ ਹਿੱਤ 'ਚ ਹੈ।
ਸ੍ਰੀ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਆਉਣ ਵਾਲੇ 15 ਦਿਨ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਸਮਾਜਿਕ ਗਤੀਵਿਧੀ ਵਿਚ ਸ਼ਾਮਲ ਨਾ ਹੋਣ, ਜਿਵੇਂ ਕਿ ਕੋਈ ਜਨਮ ਦਿਨ, ਵਿਆਹ ਆਦਿ ਸਮਾਗਮਾਂ ਵਿੱਚ ਜਾਣ ਤੋਂ ਗੁਰੇਜ਼ ਹੀ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਉਹ ਆਪ ਵੀ ਸੁਰੱਖਿਅਤ ਰਹਿਣਗੇ ਅਤੇ ਆਪਣਿਆਂ ਨੂੰ ਵੀ ਸੁਰੱਖਿਅਤ ਰੱਖਣ ਵਿੱਚ ਸਹਾਈ ਸਿੱਧ ਹੋਣਗੇ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾ ਦਾ ਵਹਿਮ ਹੈ ਕਿ ਉਹ ਤੰਦਰੁਸਤ ਅਤੇ ਰਿਸ਼ਟ-ਪੁਸ਼ਟ ਹਨ, ਜਿਸ ਕਾਰਨ ਉਨ੍ਹਾਂ ਨੂੰ ਇਹ ਬਿਮਾਰੀ ਨਹੀ਼ ਲੱਗ ਸਕਦੀ, ਜੋ ਕਿ ਸੱਚ ਨਹੀ ਹੈ, ਉਨ੍ਹਾ ਦੇ ਬਿਨ੍ਹਾਂ ਕੰਮ ਤੋਂ ਬਾਹਰ ਘੁੰਮ ਕੇ ਆਉਣ ਨਾਲ ਘਰ ਵਿੱਚ ਬਜ਼ੁਰਗ, ਬੱਚੇ ਜਾਂ ਹੋਰ ਬਿਮਾਰੀ ਤੋਂ ਪੀੜ੍ਹਤ ਵਿਅਕਤੀ ਇਸ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਸਕਦੇ ਹਨ। ਇਸ ਲਈ ਸੁਚੇਤ ਰਹਿਣ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੋਵਿਡ-19 ਸਬੰਧੀ ਸ਼ਹਿਰ ਵਾਸੀਆਂ ਵੱਲੋ ਪੁੱਛੇ ਗਏ ਸਵਾਲਾਂ ਦੇ ਜੁਆਬ ਵੀ ਦਿੱਤੇ।