ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ੍ਰ ਮਨਜੀਤ ਸਿੰਘ ਭੋਮਾਂ,ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਨੇਤਾ ਸ੍ਰ ਸਰਬਜੀਤ ਸਿੰਘ ਜੰਮੂ, ਅਕਾਲੀ ਆਗੂਆਂ ਸ੍ਰ ਬਲਵਿੰਦਰ ਸਿੰਘ ਖੋਜਕੀਪੁਰ,ਕੁਲਦੀਪ ਸਿੰਘ ਮਜੀਠਾ, ਸ੍ਰ ਹਰਸ਼ਰਨ ਸਿੰਘ ਭਾਤਪੁਰ ਜੱਟਾਂ, ਸ੍ਰ ਗੁਰਚਰਨ ਸਿੰਘ ਬਸਿਆਲਾ ਅਤੇ ਬੀਬੀ ਕੰਵਲਜੀਤ ਕੌਰ ਗੜਸ਼ੰਕਰ ਨੇ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਆਰ ਐਸ ਐਸ ਤੇ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੀ ਅਸੀਮ ਤਾਕਤ ਨਾਲ ਪੰਜਾਬ ਦੀ ਆਰਥਕ,ਰਾਜਨੀਤਕ,ਧਾਰਮਕ,ਸਭਿਆਚਾਰਕ, ਅਤੇ ਕੁਦਰਤੀ ਸੋਮਿਆਂ ਦੀ ਸ਼ਕਤੀ ਨੂੰ ਹਰ ਪਖੋਂ ਲੁੱਟਣ ਅਤੇ ਬਰਬਾਦ ਕਰਨ ਦੇ ਮਨਸੂਬਿਆ ਨੂੰ ਪੂਰਾ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ। ਪੰਜਾਬ ਦੇ ਪਾਣੀਆ ਦੀ ਲੁੱਟ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਰਾਇਪੇਰੀਅਨ ਕਾਨੂੰਨ ਛਿੱਕੇ ਟੰਗਣੇ ਜਾਰੀ ਹਨ । ਜਿਸ ਰਾਜ ਵਿਚ ਕੁਦਰਤੀ ਸੋਮੇ ਪਾਣੀ ਲੰਘਦਾ ਹੈ ਪਹਿਲਾ ਹੱਕ ਉਸੇ ਰਾਜ ਦਾ ਹੁੰਦਾ ਹੈ ਪਰ ਪੰਜਾਬ ਨਾਲ ਧੱਕਾ ਕਰਕੇ ਰਾਜਸਥਾਨ ਨੂੰ ਜਾ ਰਹੇ ਪਾਣੀ ਦੀ ਰਾਇਲਟੀ ਦਾ ਕਰੋੜਾਂ ਰੁਪਿਆ ਮਾਰਿਆ ਤੇ ਲੁਟਿਆ ਜਾ ਰਿਹਾ ਹੈ। ਅੱਜ ਤੱਕ ਨਾ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਪਾਣੀ ਆਪ ਲੁਟਾ ਕੇ ਰਾਇਲਟੀ ਦਾ ਦਾਅਵਾ ਸਿਆਸੀ ਤੇ ਕਾਨੂੰਨੀ ਕੀਤਾ ਅਤੇ ਨਾ ਹੀ ਮੌਜੂਦਾ ਕੈਪਟਨ ਅਮ੍ਰਿੰਦਰ ਸਿੰਘ ਦੀ ਸਰਕਾਰ ਕੋਈ ਅਜਿਹਾ ਅਧਿਕਾਰ ਜਿਤਾ ਰਹੀ ਹੈ। ਫੈਡਰੇਸ਼ਨ ਅਕਾਲੀ ਨੇਤਾਵਾਂ ਕਿਹਾ ਕੇਂਦਰ ਦੀ ਭਾਜਪਾ , ਆਰ ਐਸ ਐਸ ਦੀ ਸਰਕਾਰ ਅਕਾਲੀ ਦਲ ਬਾਦਲ ਦੀ ਪੂਰੀ ਸ਼ਹਿ ਨਾਲ ਸੁਪਰੀਮ ਕੋਰਟ ਤੱਕ ਦਾ ਦੁਰਉਪਯੋਗ ਕਰਕੇ ਪੰਜਾਬ ਦੇ ਕੁਦਰਤੀ ਸੋਮੇ ਪਾਣੀ ਨੂੰ ਪੂਰਨ ਤੌਰ ਤੇ ਲੁੱਟ ਕੇ ਪੰਜਾਬ ਨੂੰ ਰੇਗਿਸਤਾਨ ਵਿਚ ਬਦਲ ਦੇਣਾ ਚਾਹੁੰਦੀ ਹੈ। ਉਹਨਾ ਕਿਹਾ ਜਦੋਂ ਤੱਕ ਪੰਜਾਬ ਦਾ ਇੱਕ ਵੀ ਪੰਜਾਬੀ ਜਿਉਦਾ ਹੈ ਪੰਜਾਬ ਚੌਂ ਖੂਨ ਤਾਂ ਐਸ ਵਾਈ ਐਲ ਵਿਚ ਵੱਗ ਸਕਦਾ ਹੈ । ਪੰਜਾਬ ਦਾ ਪਾਣੀ ਕਿਸੇ ਦੂਸਰੇ ਰਾਜ ਨੂੰ ਨਹੀ ਜਾ ਸਕਦਾ। ਫੈਡਰੇਸ਼ਨ ਨੇਤਾ ਅਤੇ ਵਰਕਰ ਭਾਜਪਾ/ਆਰ ਐਸ ਐਸ/ਅਕਾਲੀ ਦਲ ਬਾਦਲ ਦੀ ਹਮਾਇਤ ਪ੍ਰਾਪਤ ਕੇਂਦਰ ਸਰਕਾਰ ਨੂੰ ਅਗਾਂਹ ਕਰਦੇ ਹਨ ਕਿ ਪੰਜਾਬ ਵਿਚ ਅੱਗ ਅਤੇ ਲਹੂ ਦੀ ਹੋਲੀ ਖੇਡਨ ਦੀ ਬਜਾਏ ਪੰਜਾਬ ਨੂੰ ਬੰਜਰ ਹੋਣ ਤੋਂ ਬਚਾ ਕੇ ਪੰਜਾਬ ਦੇ ਕੁਦਰਤੀ ਸੋਮੇ ਪਾਣੀ ਨੂੰ ਪਿਛਲੇ ਕਈ ਸਾਲਾਂ ਤੋਂ ਰਾਜਸਥਾਨ ਵਲੋਂ ਫਰੀ ਵਰਤੇ ਜਾਣ ਦੀ ਰਾਇਲਟੀ ਦੇ ਅਰਬਾਂ ਰੁਪੈ ਪੰਜਾਬ ਨੂੰ ਲੈ ਕੇ ਦੇਵੇ ਤਾਂ ਕਿ ਪੰਜਾਬ ਕੇਂਦਰ ਸਰਕਾਰ ਵਲੋਂ ਥੋਪੇ ਅਤੇ ਦੂਸਰੇ ਕਰਜਿਆਂ ਤੋਂ ਮੁਕਤ ਹੋ ਕੇ ਤਰੱਕੀ ਦੇ ਰਾਹ ਤੁਰ ਸਕੇ। ਅਗਰ ਕੇਂਦਰ ਸਰਕਾਰ ਨੇ ਸਰਕਾਰੀ ਬੰਦੂਕਾਂ ਦੀ ਨੋਕ ਤੇ ਪੰਜਾਬੀਆਂ ਦੇ ਪਾਣੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦਾ ਬੱਚਾ ਬੱਚਾ ਸੜਕਾਂ ਤੇ ਨਿਕਲ ਤੁਰੇ ਗਾ ਜੋ ਪੂਰੇ ਦੇਸ਼ ਲਈ ਘਾਤਕ ਸਿੱਧ ਹੋ ਸਕਦਾ ਹੈ। ਜੇਕਰ ਕੇਂਦਰ ਸਰਕਾਰ ਦੇਸ਼ ਵਿੱਚ ਸ਼ਾਂਤੀ ਤੇ ਅਮਨ ਕਾਇਮ ਰੱਖਣਾ ਚਾਹੁੰਦੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਪੰਜਾਬ ਨੂੰ ਸ਼ਾਂਤ ਰੱਖਣਾ ਹੋਵੇਗਾ । ਕਰ ਭਲਾ ਹੋ ਭਲਾ ਦਾ ਸਿਧਾਂਤ ਹੀ ਦੇਸ਼ ਵਿੱਚ ਸ਼ਾਂਤੀ ਰੱਖ ਸਕਦਾ ਹੈ