ਮੁੜ ਢੁਕਵੀਂ ਜਗ੍ਹਾ ਤੇ ਸਥਾਪਤ ਹੋਵੇ
ਅੰਮ੍ਰਿਤਸਰ, 22 ਅਗਸਤ 2020: ਦੇਸ਼ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਦੀ ਯਾਦ ਵਿਚ ਬਣਿਆ ਸਮਾਰਕ ਨੂੰ ਹਟਾ ਦੇਣ ਸਬੰਧੀ ਇੰਟਰਨੈਸ਼ਨਲ ਸਾਂਈ ਮੀਆਂਮੀਰ ਫਾਉਡੇਂਸ਼ਨ ਅਤੇ ਵੱਖ-ਵੱਖ ਸਾਹਿਤ ਸਭਾਵਾਂ ਤੇ ਸਮਾਜਕ ਜਥੇਬੰਦੀਆਂ ਨੇ ਸਖਤ ਰੋਸ ਪ੍ਰਗਟ ਕਰਦਿਆਂ ਇਸ ਦੀ ਡਟਵੀਂ ਨਿੰਦਾ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੇਦੀ ਲਾਲ ਸਿੰਘ ਸਾਹਿਤਕਾਰ ਯਾਦਗਾਰੀ ਕਮੇਟੀ ਦੇ ਚੇਅਰਮੈਨ ਸ੍ਰ. ਦਿਲਜੀਤ ਸਿੰਘ ਬੇਦੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਸ੍ਰ. ਗੁਰਭਜਨ ਸਿੰਘ, ਸਾਂਈ ਮੀਆਂਮੀਰ ਫਾਉਡੇਸ਼ਨ ਦੇ ਪ੍ਰਧਾਨ ਸ੍ਰ. ਹਰਭਜਨ ਸਿੰਘ ਬਰਾੜ, ਪਾਠਕ ਲੇਖਕ ਮੰਚ ਛੇਹਰਟਾ ਦੇ ਪ੍ਰਧਾਨ ਸ੍ਰ. ਹਰਜੀਤ ਸਿੰਘ ਸੰਧੂ, ਪ੍ਰਿਸੀਪਲ ਜਗਦੀਸ਼ ਸਿੰਘ ਡਾਇਰੈਕਟਰ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ, ਨੇ ਸਾਂਝੇ ਤੌਰ ਤੇ ਕਿਹਾ ਹੈ ਕਿ ਦੇਸ਼ ਦੀ ਵੰਡ ਵੇਲੇ ਦਸ ਲੱਖ ਤੋਂ ਵੱਧ ਲੋਕ ਫਿਰਕੂ ਨਫਰਤ ਨਾਲ ਬੇਦੋਸ਼ੇ ਹੀ ਵੱਡ ਟੁਕ ਕੇ ਮਾਰ ਦਿਤੇ ਗਏ ਜਿਨਾਂ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਵੀ ਅੱਜ ਤੀਕ ਪੂਰੀਆਂ ਨਹੀਂ ਹੋ ਸਕੀਆਂ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਾਦ ਵਿੱਚ ਫੋਕਲੋਰ ਰਿਸਰਚ ਅਕੈਡਮੀ ਦੇ ਜਤਨਾਂ ਨਾਲ ਅਟਾਰੀ ਸਰਹੱਦ ਤੇ ਸਮਾਰਕ ਸਥਾਪਤ ਕੀਤਾ ਗਿਆ ਸੀ ਨੂੰ ਲੁਕਵੇਂ ਤਰੀਕੇ ਨਾਲ ਉਥੋ ਹਟਾ ਦਿੱਤਾ ਗਿਆ ਹੈ ਜੋ ਕਿਸੇ ਤਰਾਂ ਵੀ ਉਚਿਤ ਨਹੀਂ ਹੈ।ਸਮੂਹ ਆਗੂਆਂ ਨੇ ਕਿਹਾ ਕਿ ਜੇਕਰ ਮਾਰਗੀ ਪੱਧਰ ਤੇ ਕੋਈ ਸਮੱਸਿਆ ਹੈ ਤਾਂ ਇਹ ਸਮਾਰਕ ਕਿਧਰੇ ਨਜ਼ਦੀਕ ਮੁੜ ਸਥਾਪਤ ਕਰਨਾ ਚਾਹੀਦਾ ਹੈ।ਉਨ੍ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਦਸ ਲੱਖ ਲੋਕਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸ਼ੋਕ ਅਰਦਾਸ ਸਮਾਗਮ ਕੀਤਾ ਜਾਵੇ।