ਸੰਜੀਵ ਸੂਦ
- ਗਰੀਬਾ 'ਚ ਵੰਡਿਆ ਜਾਵੇਗਾ ਪ੍ਰਸ਼ਾਦ
ਲੁਧਿਆਣਾ, 22 ਅਗਸਤ 2020 - ਅੱਜ ਦੇਸ਼ ਭਰ ਵਿਚ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਧਰ ਲੁਧਿਆਣਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਰੋਨਾ ਮਹਾਮਾਰੀ ਹੋਣ ਦੇ ਬਾਵਜੂਦ ਬੇਲਫਰਾਂਸ ਵੱਲੋਂ 40 ਕਿਲੋ ਚਾਕਲੇਟ ਕੇਕ ਭਗਵਾਨ ਸ਼੍ਰੀ ਗਣੇਸ਼ ਦੀ ਮੂਰਤੀ ਵਜੋਂ ਬਣਾਇਆ ਗਿਆ ਹੈ, ਇਸ ਕੇਕ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਵਿਸ਼ੇਸ਼ ਤੌਰ 'ਤੇ ਸ਼ੈਫ ਵੱਲੋਂ ਬਣਾਇਆ ਗਿਆ ਹੈ ਅਤੇ ਇਹ ਪੂਰੀ ਤਰ੍ਹਾਂ ਈਕੋ ਫਰੈਂਡਲੀ ਹੈ, ਬੇਲਫਰਾਂਸ ਬੇਕਰੀ ਦੇ ਐਮਡੀ ਹਰਜਿੰਦਰ ਸਿੰਘ ਕੁਕਰੇਜਾ ਨੇ ਦੱਸਿਆ ਕਿ ਇਸ ਵਿਸ਼ੇਸ਼ ਕੇਕ ਨੂੰ ਉਹ ਪਾਣੀ 'ਚ ਨਹੀਂ ਸਗੋਂ ਦੁੱਧ 'ਚ ਵਿਸਰਜਿਤ ਕਰਨਗੇ।
ਚਾਕਲੇਟ ਨਾਲ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਤਿਆਰ ਕਰਨ ਵਾਲੇ ਨੇ ਦੱਸਿਆ ਕਿ 40 ਕਿੱਲੋ ਕੁਦਰਤੀ ਚਾਕਲੇਟ ਦੀ ਮਦਦ ਨਾਲ ਇਹ ਮੂਰਤੀ ਬਣਾਈ ਗਈ ਹੈ ਜੋ ਕਿ ਪੂਰੀ ਤਰ੍ਹਾਂ ਈਕੋ ਫਰੈਂਡਲੀ ਹੈ, ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ 1 ਕਿਲੋ ਤੋਂ ਲੈ ਕੇ 10 ਕਿਲੋ ਤੱਕ ਦੇ ਮਿੰਨੀ ਗਣੇਸ਼ਾ ਵੀ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਲੋਕ ਅਸਾਨੀ ਨਾਲ ਆਪਣੇ ਘਰਾਂ ਵਿੱਚ ਸਥਾਪਿਤ ਕਰ ਸਕਦੇ ਹਨ।
ਉਧਰ ਹਰਜਿੰਦਰ ਸਿੰਘ ਕੁਕਰੇਜਾ ਨੇ ਕਿਹਾ ਕਿ ਉਹ ਕਦੀ ਵੀ ਇਨ੍ਹਾਂ ਨੂੰ ਪਾਣੀ 'ਚ ਵਿਸਰਜਿਤ ਨਹੀਂ ਕਰਦੇ ਸਗੋਂ ਇਸ ਨੂੰ ਦੁੱਧ 'ਚ ਵਿਸਰਜਿਤ ਕੀਤਾ ਜਾਂਦਾ ਹੈ ਅਤੇ ਉਸ ਨਾਲ ਪ੍ਰਸ਼ਾਦ ਤਿਆਰ ਹੁੰਦਾ ਹੈ ਉਹ ਗਰੀਬ ਬੱਚਿਆਂ ਵਿੱਚ ਵੰਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਕੋਰੋਨਾ ਕਰਕੇ ਇਹ ਕੰਮ ਉਹ ਆਪ ਤਾਂ ਨਹੀਂ ਕਰ ਸਕਦੇ ਪਰ ਕਿਸੇ ਸਮਾਜ ਸੇਵੀ ਸੰਸਥਾ ਨਾਲ ਮਿਲ ਕੇ ਕਰਵਾਉਣਗੇ ਤਾਂ ਜੋ ਇਹ ਪ੍ਰਸ਼ਾਦ ਗਰੀਬ ਬੱਚਿਆਂ ਤੱਕ ਪਹੁੰਚ ਸਕੇ।