‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨ
ਨਵਾਂਸ਼ਹਿਰ, 24 ਅਗਸਤ 2020: ਹਲਕਾ ਵਿਧਾਇਕ ਨਵਾਂਸ਼ਹਿਰ ਸ੍ਰੀ ਅੰਗਦ ਸਿੰਘ ਨੇ ਕਿਹਾ ਕਿ ਇਕ ਨੌਜਵਾਨ ਵਿਧਾਇਕ ਹੋਣ ਦੇ ਨਾਤੇ ਉਨਾਂ ਵੱਲੋਂ ਹਲਕੇ ਵਿਚ ਨੌਜਵਾਨਾਂ ਦੀ ਊਰਜਾ ਨੂੰ ਸਹੀ ਤੇ ਉਸਾਰੂ ਪਾਸੇ ਲਗਾਉਣ ਲਈ ਜੀਅ-ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕਰਨ ਮੌਕੇ ਸ੍ਰੀ ਅੰਗਦ ਸਿੰਘ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਚ ਬੁਨਿਆਦੀ ਸੁਵਿਧਾਵਾਂ ਦੇ ਵਿਸਥਾਰ ਲਈ 5 ਕਰੋੜ ਰੁਪਏ ਦੀ ਗ੍ਰਾਂਟ ਲਿਆਂਦੀ ਗਈ ਹੈ, ਜਿਸ ਤਹਿਤ ਸਕੂਲ ਦੀ ਕਾਇਆ ਕਲਪ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਤਰਾਂ 11.89 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਕਾਲਜ ਜਾਡਲਾ ਦੀ ਨਵੀਂ ਬਿਲਡਿੰਗ ਉਸਾਰੀ ਜਾ ਰਹੀ ਹੈ, ਜਿਥੇ ਅਗਲੇ ਸੈਸ਼ਨ ਵਿਚ ਕਲਾਸਾਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਇਲਾਵਾ ਨਵਾਂਸ਼ਹਿਰ ਵਿਖੇ ‘ਖੇਲੋ ਇੰਡੀਆ’ ਤਹਿਤ ਇਕ ਅਤਿ-ਆਧੁਨਿਕ ਸੁਵਿਧਾਵਾਂ ਵਾਲੇ ਵਿਸ਼ਾਲ ਸਪੋਰਟਸ ਕੰਪਲੈਕਸ ਦੀ ਉਸਾਰੀ ਦਾ ਜਲਦ ਸ਼ੁੱਭ ਆਰੰਭ ਕੀਤਾ ਜਾ ਰਿਹਾ ਹੈ।
ਅੱਜ ਪਹਿਲੇ ਪੜਾਅ ਵਿਚ 25 ਵਿਦਿਆਰਥੀਆਂ ਨੂੰ ਫੋਨ ਤਕਸੀਮ ਕਰਦਿਆਂ ਸ੍ਰੀ ਅੰਗਦ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਆਨਲਾਈਨ ਪੜਾਈ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਫੋਨਾਂ ਦਾ ਇਸਤੇਮਾਲ ਸਹੀ ਢੰਗ ਨਾਲ ਕਰਨਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਨਾਂ ਫੋਨਾਂ ਵਿਚ ਵਿਦਿਆਰਥੀਆਂ ਲਈ ਲੋੜੀਂਦੇ ਸਾਰੇ ਫੀਚਰ ਅਤੇ ਐਪ ਉਪਲਬੱਧ ਹਨ। ਉਨਾਂ ਕਿਹਾ ਕਿ ਅੱਜ ਪਹਿਲੇ ਪੜਾਅ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਦੀਆਂ 15 ਲੜਕੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰਾਹੋਂ ਦੇ 10 ਲੜਕਿਆਂ ਨੂੰ ਫੋਨ ਮੁਹੱਈਆ ਕਰਵਾਏ ਗਏ ਹਨ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਜਲਦ ਹੀ ਮੁਹੱਈਆ ਕਰਵਾ ਦਿੱਤੇ ਜਾਣਗੇ। ਉਨਾਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ, ਪਿ੍ਰੰਸੀਪਲ ਬਲਜਿੰਦਰ ਸਿੰਘ, ਮਾਸਟਰ ਲਲਿਤ ਸ਼ਰਮਾ, ਅਜੀਤ ਸਿੰਘ, ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ, ਸੋਸ਼ਲ ਮੀਡੀਆ ਕੋਆਰਡੀਨੇਟਰ ਗੁਰਦਿਆਲ ਸਿੰਘ, ਗੁਰਸ਼ਰਨ ਦੀਪ, ਰਾਜਵਿੰਦਰ ਸਿੰਘ, ਨਿਧੀ, ਸੰਜੀਵ, ਜਤਿੰਦਰ ਵਾਲੀਆ, ਮਨਜਿੰਦਰ ਸਿੰਘ, ਗੁਰਮੀਤ ਸਿੰਘ, ਕਵਿਤਾ ਸੱਭਰਵਾਲ, ਸੁਰਿੰਦਰ ਜੋਸ਼ੀ, ਯੋਗੇਸ਼, ਹਰਪ੍ਰੀਤ, ਜਸਵੀਰ ਰਾਜ, ਸਤਿੰਦਰ ਪਾਲ, ਸੋਨਾ ਸ਼ਰਮਾ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ।