ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਟਰੈਕਿੰਗ ਟੀਮਾਂ ਦੁਆਰਾ ਕੀਤਾ ਜਾਵੇਗਾ ਘਰਾਂ ਵਿੱਚ ਇਕਾਂਤਵਾਸ ਮਰੀਜ਼ਾਂ ਦਾ ਫਾਲੋ-ਅਪ
ਘਰੇਲੂ ਇਕਾਂਤਵਾਸ ਅਵਧੀ ਦੌਰਾਨ ਘੱਟੋ ਘੱਟ 3 ਦੌਰੇ ਕੀਤੇ ਜਾਣਗੇ
ਚੰਡੀਗੜ੍ਹ, 24 ਅਗਸਤ 2020: ਪੰਜਾਬ ਸਰਕਾਰ ਨੇ ਘਰੇਲੂ ਇਕਾਂਤਵਾਸ ਅਧੀਨ ਰਹਿ ਰਹੇ ਬਿਨਾਂ ਲੱਛਣ/ਹਲਕੇ ਲੱਛਣ ਵਾਲੇ ਮਰੀਜ਼ਾਂ ਅਤੇ 60 ਸਾਲ ਤੋਂ ਵੱਧ ਉਮਰ ਅਤੇ ਸਹਿ-ਰੋਗ ਵਾਲੇ ਮਰੀਜ਼ਾਂ ਅਤੇ ਗਰਭਵਤੀ ਮਹਿਲਾਵਾਂ ਦੇ ਮੈਡੀਕਲ ਫਿਟਨੈੱਸ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਅਜਿਹੇ ਸਾਰੇ ਮਰੀਜ਼ਾਂ ਦੇ ਨਮੂਨੇ ਲੈਣ ਵੇਲੇ ਘਰ ਵਿੱਚ ਹੀ ਇਕਾਂਤਵਾਸ ਰਹਿਣ ਦੀ ਸਹੂਲਤ ਉਪਲਬਧ ਹੋਣ ਸਬੰਧੀ ਸਵੈ-ਘੋਸ਼ਣਾ ਪੱਤਰ ਦੇ ਸਕਦੇ ਹਨ ਅਤੇ ਜੇਕਰ ਉਹ ਬਾਅਦ ਵਿੱਚ ਕੋਵਿਡ -19 ਟੈਸਟ ਦੇ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਉਹ ਘਰ ਵਿੱਚ ਇਕਾਂਤਲਵਾਸ ਰਹਿਣ ਦੇ ਯੋਗ ਹੋਣਗੇ। ਇਹ ਦਿਸ਼ਾ-ਨਿਰਦੇਸ਼ ਘਰੇਲੂ ਇਕਾਂਤਵਾਸ ਬਿਨਾਂ ਲੱਛਣ/ਹਲਕੇ ਲੱਛਣ ਵਾਲੇ ਕੋਵਿਡ-19 ਟੈਸਟ ਵਿੱਚ ਪਾਜ਼ੇਟਿਵ ਹੋਣ ਵਾਲੇ ਮਰੀਜ਼ਾਂ 'ਤੇ ਵੀ ਲਾਗੂ ਹੁੰਦੇ ਹਨ।
ਪ੍ਰੈਸ ਬਿਆਨ ਰਾਹੀਂ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਸਮੂਹ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਨਮੂਨਾ ਲੈਣ ਸਮੇਂ ਉਪਲਬਧ ਡਾਕਟਰ ਅਜਿਹੇ ਸਾਰੇ ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਸਬੰਧੀ ਉਹਨਾਂ ਦੀ ਮੈਡੀਕਲ ਫਿਟਨੈੱਸ ਦੀ ਜਾਂਚ ਕਰਨਗੇ। ਜੇ ਅਜਿਹੇ ਮਰੀਜ਼ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਪ੍ਰੋਟੋਕੋਲ ਅਨੁਸਾਰ ਉਹ ਘਰਾਂ ਵਿੱਚ ਹੀ ਇਕਾਂਤਵਾਸ ਰਹਿਣਾ ਜਾਰੀ ਰੱਖਣਗੇ। ਉਹਨਾਂ ਸਪਸ਼ਟ ਕੀਤਾ ਕਿ ਜੇਕਰ ਉਹਨਾਂ ਮਰੀਜ਼ਾਂ ਵਿੱਚ ਕੋਈ ਲੱਛਣ ਨਹੀਂ ਜਾਂ ਹਲਕੇ ਲੱਛਣ ਹੀ ਰਹਿੰਦੇ ਹਨ ਤਾਂ ਉਹਨਾਂ ਨੂੰ ਹਸਪਤਾਲ ਲਿਆਉਣ ਦੀ ਕੋਈ ਲੋੜ ਨਹੀਂ।
ਸ. ਸਿੱਧੂ ਨੇ ਅੱਗੇ ਕਿਹਾ ਕਿ ਇਹ ਲਾਜ਼ਮੀ ਹੈ, ਮਰੀਜ਼ ਇੱਕ ਕਿੱਟ ਖਰੀਦੇਗਾ ਜਿਸ ਵਿੱਚ ਥਰਮਾਮੀਟਰ, ਪਲਸ ਆਕਸੀਮੀਟਰ, ਵਿਟਾਮਿਨ ਸੀ ਅਤੇ ਜ਼ਿੰਕ ਦੀਆਂ ਗੋਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਕਿਸੇ ਵੀ ਲੱਛਣ ਲਈ ਬਾਕਾਇਦਾ ਆਪਣੇ ਆਪ ਦੀ ਨਿਗਰਾਨੀ ਕਰਨਗੇ ਅਤੇ ਲੱਛਣ ਦਿਖਾਈ ਦੇਣ ਜਾਂ ਸਿਹਤ ਵਿਗੜ ਜਾਣ 'ਤੇ ਤੁਰੰਤ ਸਿਹਤ ਵਿਭਾਗ ਨੂੰ ਰਿਪੋਰਟ ਕਰਨਗੇ। ਘਰਾਂ ਵਿੱਚ ਇਕਾਂਤਵਾਸ ਕੀਤੇ ਮਰੀਜਾਂ ਦਾ ਫਾਲੋ-ਅਪ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਰੋਗੀ ਟਰੈਕਿੰਗ ਟੀਮਾਂ ਦੁਆਰਾ ਕੀਤਾ ਜਾਵੇਗਾ। ਇਹ ਟੀਮਾਂ ਘਰਾਂ ਵਿੱਚ ਇਕਾਂਤਵਾਸ ਹੋਣ ਵਾਲੇ ਮਰੀਜ਼ਾਂ ਦਾ ਫੋਨ ਜ਼ਰੀਏ ਫਾਲੋ-ਅਪ ਅਤੇ ਘੱਟੋ ਘੱਟ 3 ਦੌਰੇ ਕਰਨਾ ਯਕੀਨੀ ਬਣਾਉਣਗੀਆਂ। ਉਨ੍ਹਾਂ ਕਿਹਾ, “ਜੇਕਰ ਦੌਰੇ ਦੌਰਾਨ ਪ੍ਰੋਟੋਕੋਲ ਅਨੁਸਾਰ ਮਰੀਜ਼ ਵੱਲੋਂ ਘਰ ਵਿੱਚ ਇਕਾਂਤਵਾਸ ਰਹਿਣ ਸਬੰਧੀ ਸਵੈ-ਘੋਸ਼ਣਾ ਵਿੱਚ ਦਿੱਤੀ ਜਾਣਕਾਰੀ ਗਲਤ ਪਾਈ ਜਾਂਦੀ ਹੈ, ਤਾਂ ਅਜਿਹੇ ਮਰੀਜ਼ਾਂ ਨੂੰ ਇਕਾਂਤਵਾਸ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।”
ਪ੍ਰਾਈਵੇਟ ਸਿਹਤ ਦੇਖਭਾਲ ਕੇਂਦਰਾਂ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਨੂੰ ਵੀ ਉਕਤ ਪ੍ਰੋਟੋਕੋਲਾਂ ਦੀ ਪਾਲਣਾ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਬਿਨਾਂ ਲੱਛਣ/ਹਲਕੇ ਲੱਛਣ ਵਾਲੇ ਮਰੀਜ਼ਾਂ ਅਤੇ 60 ਸਾਲ ਤੋਂ ਵੱਧ ਉਮਰ ਵਾਲੇ ਸਹਿ-ਰੋਗ ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਵਿੱਚ ਰੱਖਣ ਲਈ ਨਿੱਜੀ ਮੈਡੀਕਲ ਮਾਹਰ/ਹਸਪਤਾਲ ਦੁਆਰਾ ਸਰਟੀਫਾਈ ਕੀਤਾ ਗਿਆ ਹੋਵੇ ਅਤੇ ਜੇਕਰ ਮਰੀਜ਼ ਘਰ ਵਿੱਚ ਰਹਿਣ ਲਈ ਫਿੱਟ ਹੋਵੇ ਅਤੇ ਸਬੰਧਤ ਮਾਹਰ/ਹਸਪਤਾਲ ਸਮੇਂ ਸਿਰ ਇਲਾਜ ਲਈ ਉਸ ਮਰੀਜ਼ ਦੀ ਸਥਿਤੀ ਦੀ ਨਿਗਰਾਨੀ ਕਰਨਗੇ।
ਘੱਟ/ਹਲਕੇ ਲੱਛਣ ਵਾਲੀ ਕੋਵਿਡ-19 ਪਾਜ਼ੇਟਿਵ ਗਰਭਵਤੀ ਮਹਿਲਾਵਾਂ ਜੋ ਘੱਟ-ਜੋਖਮ ਵਾਲੀ ਗਰਭ ਅਵਸਥਾ ਵਿੱਚ ਹਨ ਅਤੇ ਜਿਹਨਾਂ ਦੀ ਅਗਲੇ ਤਿੰਨ ਹਫ਼ਤਿਆਂ ਵਿੱਚ ਜਣੇਪਾ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਜੇਕਰ ਮਹਿਲਾ ਨੂੰ ਕਿਸੇ ਗਾਇਨੀਕੋਲੋਜਿਸਟ ਦੁਆਰਾ ਸਰਟੀਫਾਈ ਕੀਤਾ ਜਾਂਦਾ ਹੈ ਤਾਂ ਉਸ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾ ਸਕਦਾ ਹੈ। ਪ੍ਰਾਈਵੇਟ ਅਦਾਰਿਆਂ ਨੂੰ ਵੀ ਇਸੇ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। ਜੇ ਕਿਸੇ ਘਰ ਵਿੱਚ ਇਕਾਂਤਵਾਸ ਕੀਤੇ ਮਰੀਜ਼ਾਂ ਨੂੰ ਕਿਸੇ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਨੂੰ 104 ਜਾਂ ਜ਼ਿਲ੍ਹਾ ਹੈਲਪਲਾਈਨ ਨੰਬਰ 'ਤੇ ਫ਼ੋਨ ਕਰਨਾ ਚਾਹੀਦਾ ਹੈ।