← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 24 ਅਗਸਤ 2020: ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਨੂੰ ਕਰੋਨਾ ਦੀ ਆੜ ਹੇਠ ਮੜ੍ਹਨ ਲਈ ਬਜ਼ਿਦ ਕੇਂਦਰ ਸਰਕਾਰ ਦੇ ਚੁਣੇ ਹੋਏ ਭਾਜਪਾ ਅਕਾਲੀ ਆਗੂਆਂ ਨੂੰ ਪਿੰਡਾਂ ‘ਚ ਵੜਨੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੱਲ੍ਹ 25 ਅਗਸਤ ਤੋਂ ਸ਼ੁਰੂ ਕੀਤੇ ਜਾ ਰਹੇ ਪੰਜ ਰੋਜਾ ਮੋਰਚੇ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਰਾਹੀਂ ਇਹ ਖੁਲਾਸਾ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਪਿੰਡੋ ਪਿੰਡ ਚੱਲੀ ਇਸ ਮੁਹਿੰਮ ਨੂੰ ਸੈਂਕੜੇ ਹੀ ਪਿੰਡਾਂ ਵਿੱਚ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਅਮਲੀ ਰੂਪ ‘ਚ ਕੇਂਦਰ ਦੇ ਪੱਖ ‘ਚ ਭੁਗਤ ਰਹੀ ਕੈਪਟਨ ਸਰਕਾਰ ਵੱਲੋਂ ਕਰੋਨਾ ਦੀ ਆੜ ਹੇਠ ਹੀ ਜਨਤਕ ਸੰਘਰਸ਼ਾਂ ਵਿਰੁੱਧ ਐਲਾਨੀ ਗਈ ਦਫਾ 144 ਦੀ ਵੀ ਕਿਸੇ ਨੇ ਪਰਵਾਹ ਨਹੀਂ ਕੀਤੀ। ਪਿੰਡ ਪਿੰਡ ਮੁਹੱਲਾਵਾਰ ਮੀਟਿੰਗਾਂ ਤੋਂ ਇਲਾਵਾ ਬਹੁਤੇ ਪਿੰਡਾਂ ‘ਚ ਗਲੀ ਗਲੀ ਢੋਲ ਮੁਜ਼ਾਹਰੇ ਵੀ ਕੀਤੇ ਗਏ,ਜਿਹਨਾਂ ਵਿੱਚ ਵੱਡੀ ਗਿਣਤੀ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਔਰਤਾਂ ਅਤੇ ਨੌਜਵਾਨ ਵੀ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੁੱਦੇ ‘ਤੇ ਜਥੇਬੰਦੀ ਵੱਲੋਂ ਮਿਥੀ ਗਈ ਆਰ ਪਾਰ ਦੀ ਲੜਾਈ ਨੂੰ ਇਸ ਤਰ੍ਹਾਂ ਬਹੁਤ ਡਟਵਾਂ ਹੁੰਗਾਰਾ ਮਿਲ ਰਿਹਾ ਹੈ। ਆਰਡੀਨੈਂਸਾਂ ਦੇ ਇਸ ਹੱਲੇ ਖਿਲਾਫ਼ ਜਥੇਬੰਦੀ ਵੱਲੋਂ ਇੱਕ ਲੱਖ ਦੀ ਗਿਣਤੀ ਵਿੱਚ ਛਪਵਾਇਆ ਗਿਆ ਹੱਥ ਪਰਚਾ ਵੀ ਘਰ ਘਰ ਪਹੁੰਚਾਇਆ ਜਾਵੇਗਾ। ਬਿਆਨ ਅਨੁਸਾਰ ਮੋਰਚੇ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹਨ: ਤਿੰਨੇ ਕਿਸਾਨ ਮਾਰੂ ਖੇਤੀ ਆਰਡੀਨੈਂਸ ਰੱਦ ਕਰੋ। ਬਿਜਲੀ ਸੋਧ ਬਿੱਲ 2020 ਅਤੇ ਭੂਮੀ ਗ੍ਰਹਿਣ ਕਾਨੂੰਨ ‘ਚ ਕਿਸਾਨ ਮਾਰੂ ਸੋਧਾਂ ਰੱਦ ਕਰੋ। ਡੀਜ਼ਲ ਪੈਟਰੋਲ ਕਾਰੋਬਾਰ ਦਾ ਸਰਕਾਰੀਕਰਨ ਕਰੋ, ਟੈਕਸ ਖਤਮ ਕਰੋ ਤੇ ਖੇਤੀ ਲਈ ਡੀਜ਼ਲ ਅੱਧ ਮੁੱਲ ‘ਤੇ ਦਿਓ। ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਦੇ ਇਕੱਠਾਂ ਉੱਤੇ ਅਤੇ ਬੁੱਧੀਜੀਵੀਆਂ ਸਮਾਜਿਕ ਕਾਰਕੁਨਾਂ ਦੇ ਲਿਖਣ ਬੋਲਣ ‘ਤੇ ਪਾਬੰਦੀਆਂ ਖਤਮ ਕਰੋ ਅਤੇ ਦਰਜ ਕੀਤੇ ਕੇਸ ਰੱਦ ਕਰੋ। ਕਿਸਾਨ ਮਾਰੂ ਸਿਫਾਰਸ਼ਾਂ ਕਰ ਰਹੀ ਮੌਂਟੇਕ ਆਹਲੂਵਾਲੀਆ ਕਮੇਟੀ ਨੂੰ ਭੰਗ ਕਰੋ। ਬਿਆਨ ਦੇ ਅਖੀਰ ਵਿੱਚ ਕਿਸਾਨ ਆਗੂਆਂ ਵਲੋਂ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਸ ‘ ਕਿਸਾਨੀ ਬਚਾਓ ‘ ਸੰਘਰਸ਼ ਵਿੱਚ ਪਰਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
Total Responses : 265