ਚੰਡੀਗੜ, 24 ਅਗਸਤ 2020: ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਾਰੀਆਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ 15ਵੀਂ ਵਿਧਾਨ ਸਭਾ ਦੇ 12ਵੇਂ ਇਜਲਾਸ ਦੀ ਪ੍ਰੈਸ ਕਵਰੇਜ ਲਈ ਪੰਜਾਬ ਭਵਨ, ਸੈਕਟਰ -3 ਚੰਡੀਗੜ ਨੂੰ ਸਦਨ ਦਾ ਅਹਾਤਾ ਘੋਸ਼ਿਤ ਕਰਨ ਸੰਬਧੀ ਨੋਟੀਫੀਕੇਸ਼ਨ ਜਾਰੀ ਕੀਤਾ ਹੈ। ਇਹ ਫੈਸਲਾ ਵਿਧਾਨ ਸਭਾ ਸਪੀਕਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਲਿਆ ਗਿਆ।
ਸਪੀਕਰ ਨੇ ਦੱਸਿਆ ਕਿ ਸੈਸ਼ਨ ਦੀ ਕਰਵਰੇਜ ਕਰਨ ਵਾਲੇ ਸਾਰੇ ਪੱਤਰਕਾਰਾਂ ਲਈ ਕੋਵਿਡ-19 ਟੈਸਟ ਕਰਵਾਉਣਾ ਲਾਜ਼ਮੀ ਹੈ । ਪੱਤਰਕਾਰਾਂ ਨੂੰ ਟੈਸਟ ਕਰਾਉਣ ਦੀ ਸਹੂਲਤ ਦੇਣ ਲਈ ਪੰਜਾਬ ਭਵਨ, ਸੈਕਟਰ -3, ਚੰਡੀਗੜ ਵਿਖੇ 25-26 ਅਗਸਤ ਨੂੰ ਬਾਅਦ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਕੇਵਲ ਨੈਗੇਟਿਵ ਰਿਪੋਰਟ ਵਾਲੇ ਪੱਤਰਕਾਰ ਨੂੰ ਹੀ ਪੰਜਾਬ ਭਵਨ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ।
ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਭਵਨ ਦੇ ਹਾਲ ਦੇ ਬਾਹਰ ਹਰੇਕ ਟੀਵੀ ਚੈਨਲ ਦੇ ਸਿਰਫ ਇੱਕ ਕੈਮਰਾਮੈਨ ਨੂੰ ਕਵਰੇਜ ਕਰਨ ਦੀ ਆਗਿਆ ਹੋਵੇਗੀ ਜਿਥੋਂ ਸੈਸ਼ਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਹਾਲ ਵਿੱਚ ਕੋਈ ਕੈਮਰਾ / ਮੋਬਾਈਲ ਫੋਨ ਦੀ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਵਿਧਾਨ ਸਭਾ ਮੈਂਬਰ ਪੰਜਾਬ ਭਵਨ ਦੇ ਖੁੱਲੇ ਖੇਤਰ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੇ ਹਨ।
ਬੁਲਾਰੇ ਨੇ ਦੱਸਿਆ ਕਿ ਇੱਕ ਸੰਸਥਾ ਦੇ ਸਿਰਫ ਇੱਕ ਪੱਤਰਕਾਰ ਨੂੰ ਕਵਰੇਜ ਕਰਨ ਦੀ ਆਗਿਆ ਹੈ। ਪੱਤਰਕਾਰਾਂ ਨੂੰ ਸਬੰਧਤ ਸੰਸਥਾ ਦੇ ਸੰਪਾਦਕ / ਬਿਊਰੋ ਚੀਫ ਦੀ ਸਹਿਮਤੀ ਨਾਲ ਫਾਰਮ ਭਰ ਕੇ ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦੀ ਸਿਫਾਰਸ਼ ਲਈ 25 ਅਗਸਤ, 2020 ਦੁਪਹਿਰ 12 ਵਜੇ ਤਕ ਜਮਾਂ ਕਰਵਾਉਣਾ ਹੋਵੇਗਾ।