ਮਨਪ੍ਰੀਤ ਸਿੰਘ ਜੱਸੀ
- ਬਿਨਾਂ ਮਾਸਕ ਤੋਂ ਕਿਸੇ ਨੂੰ ਘੁੰਮਣ ਦੀ ਆਗਿਆ ਨਹੀਂ ਹੋਵੇਗੀ
- ਪੁਲਿਸ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਕਰਵਾਏਗੀ ਪਾਲਣਾ - ਪੁਲਿਸ ਕਮਿਸ਼ਨਰ
- ਕੈਬਿਨਟ ਮੰਤਰੀ ਸੋਨੀ ਤੇ ਪੁਲਿਸ ਕਮਿਸ਼ਨਰ ਵਲੋਂ ਸ਼ਹਿਰ ਦਾ ਦੌਰਾ
ਅੰਮ੍ਰਿਤਸਰ, 24 ਅਗਸਤ 2020 - ਲੋਕਾਂ ਵਲੋ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਕੇ ਹੀ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਇਸ ਲਈ ਸਰਕਾਰ ਵਲੋ ਇਸ ਮਹਾਮਾਰੀ ਨਾਲ ਨਜਿੱਠਣ ਲਈ ਸਖਤ ਕਦਮ ਚੁਕਣੇ ਪੈ ਰਹੇ ਹਨ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਲੋ ਅੱਜ ਪੁਲਸ ਕਮਿਸ਼ਨਰ ਦੇ ਨਾਲ ਹਾਲ ਬਾਜ਼ਾਰ,ਕਟੜਾ ਸ਼ੇਰ ਸਿੰਘ,ਹਾਥੀ ਗੇਟ,ਲਾਹੋਰੀ ਗੇਟ ਅਤੇ ਪੁਤਲੀਘਰ ਦਾ ਜਾਇਜ਼ਾ ਲੈਣ ਲਈ ਦੌਰਾ ਕਰਨ ਉਪਰੰਤ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਲੋਕਾਂ ਦੀ ਅਣਗਹਿਲੀ ਕਰਕੇ ਹੀ ਇਹ ਮਹਾਮਾਰੀ ਫੈਲ ਰਹੀ ਹੈ।। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਦੌਰੇ ਦੌਰਾਨ ਦੇਖਿਆ ਹੈ ਕਿ ਕੁਝ ਲੋਕਾਂ ਵਲੋ ਮਾਸਕ ਦੀ ਵਰਤੋ ਨਹੀ ਕੀਤੀ ਜਾ ਰਹੀ,ਜਿਸ ਕਾਰਨ ਉਹ ਆਪ ਤੇ ਦੂਜੇ ਲੋਕਾਂ ਦੀ ਜਾਨ ਨੂੰ ਵੀ ਖ਼ਤਰੇ ਵਿਚ ਪਾ ਰਹੇ ਹਨ।। ਸ਼੍ਰੀ ਸੋਨੀ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਾਸਕ ਦੀ ਵਰਤੋ ਨੂੰ ਯਕੀਨੀ ਬਣਾਉਨ ਅਤੇ ਬਿਨਾਂ ਮਾਸਕ ਤੋ ਕਿਸੇ ਨੂੰ ਵੀ ਘੁੰਮਣ ਦੀ ਆਗਿਆ ਨਾ ਹੋਵੇ ਅਤੇ ਜੋ ਲੋਕ ਇੰਨ੍ਹਾਂ ਹਦਾਇਤਾਂ ਦੀ ਪਾਲਣਾ ਨਹੀ ਕਰਦੇ ਉਨ੍ਹਾਂ ਤੇ ਕਾਨੂੰਨ ਅਨੁਸਾਰ ਸਖਤੀ ਕੀਤੀ ਜਾਵੇ।।
ਸ਼੍ਰੀ ਸੋਨੀ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮਹਾਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਵਲੋ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ।। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਇਹ ਵੇਖਣ ਵਿਚ ਆਇਆ ਹੈ ਕਿ ਦੁਕਾਨਦਾਰ ਆਪਣਾ ਮਾਸਕ ਗਲੇ ਵਿਚ ਪਾਈ ਰੱਖਦੇ ਹਨ ਜੋ ਕਿ ਠੀਕ ਨਹੀ ਹੈ।। ਉਨ੍ਹਾਂ ਕਿਹਾ ਕਿ ਸਰਕਾਰ ਵਲੋ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ,ਸਾਨੂੰ ਸਭ ਨੂੰ ਇਸ ਦਾ ਪਾਲਣ ਕਰਨਾ ਚਾਹੀਦਾ ਹੈ।। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋ ਹਰੇਕ ਮੁਹੱਲੇ ਵਿਚ ਮੋਬਾਇਲ ਕੋਵਿਡ-19 ਟੈਸਟਿੰਗ ਵੈਨਾਂ ਭੇਜੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਆਪਣਾ ਕੋਵਿਡ-19 ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਟੈਸਟ ਬਿਲੁਕਲ ਮੁਫਤ ਕੀਤਾ ਜਾਂਦਾ ਹੈ।। ਸ਼੍ਰੀ ਸੋਨੀ ਨੇ ਕਿਹਾ ਕਿ ਟੈਸਟ ਕਰਵਾ ਕੇ ਜਿਥੇ ਅਸੀ ਖੁਦ ਸੁਰੱਖਿਅਤ ਹੋਵਾਂਗੇ ਉਥੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ।।
ਇਸ ਮੌਕੇ ਡਾ: ਸੁਖਚੈਨ ਸਿੰਘ ਗਿਲ ਪੁਲਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਸਿਹਤ ਵਿਭਾਗ ਵਲੋ ਦਿੱਤੀਆਂ ਗਈਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਵਾਏਗੀ ਅਤੇ ਲੋੜ ਪੈਣ ਤੇ ਪੁਲਸ ਵਲੋ ਫਲੈਗ ਮਾਰਚ ਵੀ ਕੱਢਿਆ ਜਾਵੇਗਾ।। ਉਨ੍ਹਾਂ ਕਿਹਾ ਕਿ ਸਰਕਾਰ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਲੜੀ ਵਾਈਜ਼ ਇਕ ਦਿਨ ਸੱਜੇ ਪਾਸੇ ਅਤੇ ਇਕ ਦਿਨ ਖੱਬੇ ਪਾਸੇ ਦੀਆਂ ਦੁਕਾਨਾਂ ਨੂੰ ਖੁਲਵਾਇਆ ਜਾਵੇਗਾ ਅਤੇ ਜਿਹੜੇ ਦੁਕਾਨਦਾਰ ਇੰਨ੍ਹਾਂ ਹਦਾਇਤਾਂ ਦੀ ਪਾਲਣਾ ਨਹੀ ਕਰਨਗੇ। ਉਨ੍ਹਾਂ ਦੇ ਚਲਾਨ ਵੀ ਕੀਤੇ ਜਾਣਗੇ। ਪੁਲਸ ਕਮਿਸ਼ਨਰ ਨੇ ਕਿਹਾ ਕਿ ਸ਼ਾਮ 7 ਵਜੇ ਤੋ ਸਵੇਰੇ 5 ਵਜੇ ਤੱਕ ਦਾ ਕਰਿਫਿਊ ਲਗਾਇਆ ਗਿਆ ਹੈ ਅਤੇ ਜੋ ਲੋਕ ਇਸ ਸਮੇ ਦੌਰਾਨ ਆਪਣੇ ਘਰਾਂ ਤੋ ਨਿਕਲਣਗੇ ਉਨ੍ਹਾਂ 'ਤੇ ਵੀ ਸਖਤੀ ਕੀਤੀ ਜਾਵੇਗੀ।। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਤੇ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਇਸ ਮਹਾਮਾਰੀ ਤੇ ਕਾਬੂ ਪਾਇਆ ਜਾ ਸਕੇ।।