ਐਸ.ਏ.ਐਸ. ਨਗਰ, ਬੂਥਗੜ੍ਹ, 26 ਅਗਸਤ 2020: ਮੁੱਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬਲਾਕ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ਼ ਸਿੰਘ ਦੀ ਅਗਵਾਈ ਹੇਠ ਸਿਹਤ ਟੀਮਾਂ ਨੇ ਪਿੰਡ ਹੁਸ਼ਿਆਰਪੁਰ, ਤੱਕੀਪੁਰ ਅਤੇ ਤੀੜਾ ਝੁੰਗੀਆਂ ਵਿਚ ਮੱਛਰਦਾਨੀਆਂ ਵੰਡੀਆਂ। ਐਸ.ਐਮ.ਓ. ਡਾ. ਦਿਲਬਾਗ਼ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਬਲਾਕ ਦੇ ਇਨ੍ਹਾਂ ਤਿੰਨ ਪਿੰਡਾਂ ਵਿਚ ਮੱਛਰਦਾਨੀਆਂ ਵੰਡੀਆਂ ਜਾ ਰਹੀਆਂ ਹਨ ਜਿਥੇ ਪਿਛਲੀ ਵਾਰ ਮਲੇਰੀਆ ਪਾਜ਼ੇਟਿਵ ਕੇਸ ਸਾਹਮਣੇ ਆਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਪਿੰਡਾਂ ਵਿਚ ਲੋਕਾਂ ਨੂੰ ਲਗਭਗ 1200 ਮੱਛਰਦਾਨੀਆਂ ਮੁਫ਼ਤ ਵੰਡੀਆਂ ਜਾਣੀਆਂ ਹਨ ਅਤੇ ਪਹਿਲੇ ਦਿਨ 400 ਮੱਛਰਦਾਨੀਆਂ ਵੰਡੀਆਂ ਗਈਆਂ। ਬਾਕੀ ਮੱਛਰਦਾਨੀਆਂ ਵੀ ਇਕ-ਦੋ ਦਿਨਾਂ ਵਿਚ ਵੰਡ ਦਿਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀਆਂ ਕਾਫ਼ੀ ਕਾਰਗਰ ਸਾਬਤ ਹੁੰਦੀਆਂ ਹਨ ਅਤੇ ਜੇ ਇਨ੍ਹਾਂ ਦੀ ਸਹੀ ਢੰਗ ਨਾਲ ਸੰਭਾਲ ਕੀਤੀ ਜਾਵੇ ਤਾਂ ਇਹ ਕਈ ਸਾਲ ਹੰਢਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਬਲਾਕ ਬੂਥਗੜ੍ਹ ਦੀਆਂ ਸਿਹਤ ਟੀਮਾਂ ਵਲੋਂ ਮਲੇਰੀਆ ਦੇ ਫੈਲਾਅ ਨੂੰ ਰੋਕਣ ਲਈ ਜਿਥੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਉਥੇ ਮੱਛਦਾਰੀਆਂ ਦੀ ਵੰਡ ਨਾਲ ਲੋਕਾਂ ਨੂੰ ਵਿਸ਼ੇਸ਼ ਰਾਹਤ ਵੀ ਦਿਤੀ ਜਾ ਰਹੀ ਹੈ।
ਉਨ੍ਹਾਂ ਦਸਿਆ ਕਿ ਪਿਛਲੇ ਦਿਨੀਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ ਵੱਖ ਪਿੰਡਾਂ ਦੇ ਟੋਭਿਆਂ ਵਿਚ ਗੰਬੂਜ਼ੀਆ ਮੱਛੀਆਂ ਛੱਡੀਆਂ ਸਨ। ਇਹ ਵਿਸ਼ੇਸ਼ ਕਿਸਮ ਦੀਆਂ ਮੱਛੀਆਂ ਬਹੁਤ ਫ਼ਾਇਦੇਮੰਦ ਹਨ ਕਿਉਂਕਿ ਇਹ ਮੱਛੀਆਂ ਇਨਸਾਨੀ ਜੀਵਨ ਲਈ ਖ਼ਤਰਨਾਕ ਮੱਛਰ ਦੇ ਲਾਰਵੇ ਨੂੰ ਖਾ ਜਾਂਦੀਆਂ ਹਨ। ਡਾ. ਦਿਲਬਾਗ਼ ਸਿੰਘ ਨੇ ਦਸਿਆ ਕਿ ਮਲੇਰੀਆ ਗੰਭੀਰ ਕਿਸਮ ਦਾ ਬੁਖਾਰ ਹੈ ਜੋ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਬੁਖ਼ਾਰ ਫੈਲਾਉਣ ਵਾਲਾ ਮੱਛਰ ਬਰਸਾਤ ਦੇ ਮੌਸਮ ਵਿਚ ਵਧਦਾ-ਫੁਲਦਾ ਹੈ। ਮਲੇਰੀਆ ਬਾਰੇ ਜਾਗਰੂਕਤਾ ਅਤੇ ਸਾਵਧਾਨੀਆਂ ਇਸ ਗੰਭੀਰ ਬੁਖ਼ਾਰ ਤੋਂ ਬਚਾਅ ਕਰ ਸਕਦੀਆ ਹਨ। ਇਸ ਬੁਖ਼ਾਰ ਦੀ ਜਾਂਚ ਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਲਕੁਲ ਮੁਫ਼ਤ ਹੁੰਦਾ ਹੈ। ਠੰਢ ਅਤੇ ਕਾਂਬੇ ਨਾਲ ਰੋਜ਼ਾਨਾ ਜਾਂ ਤੀਜੇ ਦਿਨ ਬੁਖ਼ਾਰ ਹੋਣਾ, ਉਲਟੀਆਂ ਤੇ ਸਿਰਦਰਦ ਹੋਣਾ, ਬੁਖ਼ਾਰ ਉਤਰਨ ਮਗਰੋਂ ਥਕਾਵਟ ਤੇ ਕਮਜ਼ੋਰੀ ਹੋਣਾ, ਬੁਖ਼ਾਰ ਉਤਰਨ ’ਤੇ ਸਰੀਰ ਦਾ ਪਸੀਨੋ-ਪਸੀਨੀ ਹੋਣਾ ਆਦਿ ਮਲੇਰੀਆ ਦੇ ਮੁੱਖ ਲੱਛਣ ਹਨ। ਇਸ ਮੌਕੇ ਡਾ. ਵਿਕਾਸ ਰਣਦੇਵ, ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਭੁਪਿੰਦਰ ਸਿੰਘ, ਬਲਜੀਤ ਕੌਰ ਤੋਂ ਇਲਾਵਾ ਹੋਰ ਸਿਹਤ ਕਾਮੇ ਮੌਜੂਦ ਸਨ।