ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਬਠਿੰਡਾ ਜ਼ਿਲ੍ਹੇ ’ਚ ਅਮਨ ਅਮਾਨ ਨਾਲ ਵੋਟਾਂ ਪਈਆਂ
ਅਸ਼ੋਕ ਵਰਮਾ
ਬਠਿੰਡਾ,20ਫਰਵਰੀ2022: ਬਠਿੰਡਾ ਜਿਲ੍ਹੇ ‘ਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡਕੇ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋ ਗਿਆ ਹੈ। ਪੋÇਲੰਗ ਦੀ ਸਮਾਪਤੀ ਨਾਲ ਅੱਜ 69 ਉਮੀਦਵਾਰਾਂ ਦੀ ਸਿਆਸੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਕਰਵਾਈ ਜਾਏਗੀ ਅਤੇ ਇਸੇ ਦਿਨ ਦੇਰ ਸ਼ਾਮ ਤੱਕ ਨੀਤਜੇ ਆਉਣ ਦੀ ਆਸ ਹੈ। ਬਠਿੰਡਾ ਜਿਲ੍ਹੇ ਦੇ 6 ਹਲਕਿਆਂ ਲਈ ਕੁੱਲ 69 ਉਮੀਦਵਾਰ ਚੋਣ ਮੈਦਾਨ ’ਚ ਸਨ। ਬਠਿੰਡਾ ਜ਼ਿਲ੍ਹੇ ਅੰਦਰ ਕੁੱਲ 10ਲੱਖ71ਹਜ਼ਾਰ164 ਵੋਟਰ ਹਨ। ਇੰਨ੍ਹਾਂ ਚੋਂ 5 ਲੱਖ 61ਹਜ਼ਾਰ749 ਪੁਰਸ਼, 5 ਲੱਖ 4 ਹਜ਼ਾਰ 360 ਔਰਤਾਂ ਅਤੇ 25 ਥਰਡ ਜੈਂਡਰ ਹਨ। ਇਸ ਤੋਂ ਇਲਾਵਾ 5030 ਸਰਵਿਸ ਵੋਟਰ ,80 ਸਾਲ ਤੋਂ ਵਧੇਰੇ ਉਮਰ ਦੇ 19636, 18-19 ਵਰਗ ਦੇ 16852, ਵਿਕਲਾਂਗ (ਪੀਡਬਲਿਯੂਡੀ) 7561 ਅਤੇ 148 ਵੀਆਈਪੀ ਵੋਟਰ ਸ਼ਾਮਲ ਹਨ।
ਵੇਰਵਿਆਂ ਅਨੁਸਾਰ ਜਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਮੌੜ ’ਚ ਕਰੀਬ 75 ਫੀਸਦੀ ਪੋÇਲੰਗ ਹੋਈ ਹੈ ਜਦੋਂਕਿ ਬਠਿੰਡਾ ਸ਼ਹਿਰੀ ਹਲਕੇ ’ਚ 72 ਫੀਸਦੀ,ਬਠਿੰਡਾ ਦਿਹਾਤੀ ਹਲਕੇ ’ਚ 73 ਫੀਸਦੀ,ਤਲਵੰਡੀ ਸਾਬੋ ਹਲਕੇ ’ਚ 78 ਫੀ ਸਦੀ,ਭੁੱਚੋ ਮੰਡੀ ਹਲਕੇ ’ਚ 68 ਫੀਸਦੀ ਅਤੇ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ’ਚ ਪੋÇਲੰਗ ਦੀ ਦਰ ਤਕਰੀਬਨ74 ਪ੍ਰਤੀਸ਼ਤ ਰਹੀ । ਵੋਟਾਂ ਪੈਣ ਦਾ ਇਹ ਅੰਕੜਾ ਵਧ ਸਕਦਾ ਹੈ ਕਿਉਂਕਿ ਕੁੱਝ ਹਲਕਿਆਂ ’ਚ ਕਾਫੀ ਦੇਰ ਤੱਕ ਵੋਟਾਂ ਪੈਂਦੀਆਂ ਰਹੀਆਂ ਹਨ।ਜਿਲ੍ਹੇ ਭਰ ’ਚ ਵੋਟਾਂ ਪੁਆਉਣ ਦਾ ਕੰਮ ਸਵੇਰੇ 8ਵਜੇ ਸ਼ੁਰੂ ਹੋ ਗਿਆ। ਵਿਸ਼ੇਸ਼ ਗੱਲ ਇਹ ਰਹੀ ਕਿ ਲੋਕ ਸਵੇਰ ਤੋਂ ਹੀ ਲੰਮੀਆਂ ਲੰਮੀਆਂ ਲਾਈਨਾਂ ’ਚ ਲੱਗਣੇ ਸ਼ੁਰੂ ਹੋ ਗਏ ਸਨ ।
ਹਾਲਾਂਕਿ ਸ਼ੁਰੂਆਤੀ ਦੌਰ ‘ਚ ਵੋਟਾਂ ਪੁਆਉਣ ਦਾ ਕੰਮ ਮੱਠਾ ਰਿਹਾ ਪਰ 1 ਵਜੇ ਤੱਕ ਹਰ ਹਲਕੇ ‘ਚ ਤਕਰੀਬਨ 35 ਤੋਂ 40 ਫੀਸਦੀ ਪੋਲਿੰਗ ਹੋ ਚੁੱਕੀ ਸੀ ਅਤੇ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਵੋਟਾਂ ਪਾਉਣ ਲਈ ਸਮਾਪਤੀ ਦਾ ਸਮਾਂ ਸ਼ਾਮ ਛੇ ਵਜੇ ਤੱਕ ਦਾ ਸੀ ਪਰ ਮਿਥੇ ਵਕਤ ਤੇ ਪੋÇਲੰਗ ਬੂਥਾਂ ਤੇ ਪੁੱਜਣ ਵਾਲੇ ਵੋਟਰ ਕਈ ਥਾਵਾਂ ਤੇ ਕਾਫੀ ਦੇਰ ਤੱਕ ਵੋਟਾਂ ਪਾਉਣ ਦੀਆਂ ਖਬਰਾਂ ਹਨ। ਅੱਜ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਪ੍ਰਸ਼ੰਸ਼ਾ ਪੱਤਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।
ਅੱਜ ਜਿੰਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾਅ ਤੇ ਲੱਗੀ ਹੈ ਉਨ੍ਹਾਂ ’ਚ ਬਠਿੰਡਾ ਸ਼ਹਿਰੀ ਹਲਕੇ ਤੋ ਚੋਣ ਲੜ ਰਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਅਕਾਲੀ ਦਲ ਦੇ ਉਮੀਦਵਾਰ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਤੋਂ ਇਲਾਵਾ ਦੋ ਸਾਬਕਾ ਕਾਂਗਰਸੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ, ਭਾਜਪਾ ਦੇ ਰਾਜ ਨੰਬਰਦਾਰ ਅਤੇ ਸੰਯੁਕਤ ਸਮਾਜ ਮੋਰਚੇ ਦੇ ਹਰਮਿਲਾਪ ਸਿੰਘ ਗਰੇਵਾਲ ਸ਼ਾਮਲ ਹਨ। ਇਸੇ ਤਰਾਂ ਹੀ ਬਠਿੰਡਾ ਦਿਹਾਤੀ ਹਲਕੇ ਵਿੱਚ ਪੰਜਾਬ ਲੋਕ ਕਾਂਗਰਸ ਦੇ ਸਵੇਰਾ ਸਿੰਘ , ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਭੱਟੀ , ਕਾਂਗਰਸ ਤਰਫੋਂ ਹਰਵਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਅਮਿਤ ਰਤਨ ਦੀ ਕਿਸਮਤ ਵੀ ਮਸ਼ੀਨਾਂ ’ਚ ਬੰਦ ਹੈ।
ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ’ਚ ਬਾਗੀ ਕਾਂਗਰਸੀ ਹਰਮਿੰਦਰ ਸਿੰਘ , ਅਕਾਲੀ ਦਲ ਦੇ ਸਾਬਕਾ ਵਿਧਾਇਕ ਜੀਤਮੋਹਿੰਦਰ ਸਿੰਘ ਸਿੱਧੂ , ਆਪ ਵਿਧਾਇਕ ਬਲਜਿੰਦਰ ਕੌਰ, ਭਾਜਪਾ ਦੇ ਰਵੀਪ੍ਰੀਤ ਸਿੰਘ ਸਿੱਧੂ। ਅਤੇ ਕਾਂਗਰਸ ਦੇ ਖੁਸ਼ਬਾਜ ਸਿੰਘ ਜਟਾਣਾ ਆਹਮੋ ਸਾਹਮਣੇ ਹਨ। ਵਿਧਾਨ ਸਭਾ ਹਲਕਾ ਮੌੜ ’ਚ ਆਪ ਦੇ ਸੁਖਵੀਰ ਮਾਈਸਰਖਾਨਾ, ਸੰਯੁਕਤ ਸਮਾਜ ਮੋਰਚੇ ਦਾ ਲੱਖਾ ਸਿਧਾਣਾ,ਭਾਜਪਾ ਦੇ ਦਿਆਲ ਸੋਢੀ, ਅਕਾਲੀ ਦਲ ਦਾ ਜਗਮੀਤ ਬਰਾੜ ਅਤੇ ਕਾਂਗਰਸ ਦੀ ਮਨੋਜ ਬਾਲਾ ਬਾਂਸਲ ’ਚ ਮੁਕਾਬਲਾ ਹੈ।
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਅਕਾਲੀ ਦਲ ਵੱਲੋਂ ਸਿਕੰਦਰ ਸਿੰਘ ਮਲੂਕਾ, ਆਮ ਆਦਮੀ ਪਾਰਟੀ ਦਾ ਬਲਕਾਰ ਸਿੱਧੂ, ਕਾਂਗਰਸ ਦਾ ਗੁਰਪ੍ਰੀਤ ਸਿੰਘ ਕਾਂਗੜ ਅਤੇ ਭਾਜਪਾ ਦੇ ਅਮਰਜੀਤ ਸ਼ਰਮਾ ਮੈਦਾਨ ’ਚ ਹਨ। ਵਿਧਾਨ ਸਭਾ ਹਲਕਾ ਭੁੱਚੋ ਮੰਡੀ ’ਚ ਵੀ ਕਾਂਗਰਸ ਦੇ ਪ੍ਰੀਤਮ ਸਿੰਘ ਕੋਟਭਾਈ ,ਆਮ ਆਦਮੀ ਪਾਰਟੀ ਦੇ ਮਾਸਟਰ ਜਗਸੀਰ ਸਿੰਘ, ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਭਾਜਪਾ ਦੇ ਰੁਪਿੰਦਰਜੀਤ ਸਿੰਘ ’ਚ ਮੁਕਾਬਲਾ ਹੈ।