ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 07 ਫਰਵਰੀ 2022: ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਲਈ ਫਰੀਦਕੋਟ ਜ਼ਿਲੇ ਲਈ ਨਿਯੁਕਤ ਖਰਚਾ ਨਿਗਰਾਨ ਸ੍ਰੀ ਗਨੇਸ਼ ਚੰਦਰਾ ਯਾਦਵ ਆਈ.ਆਰ.ਐਸ ਵੱਲੋਂ ਵੱਲੋਂ ਜਿਲਾ ਫਰੀਦਕੋਟ ਵਿਖੇ ਸਥਾਪਿਤ ਐਮ.ਸੀ.ਐਮ.ਸੀ ( ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ) ਸੈੱਲ/ਦਫਤਰ ਕਮਰਾ ਨੰਬਰ 329 ਦਾ ਵੀ ਦੌਰਾ ਕੀਤਾ ਅਤੇ ਉਮੀਦਵਾਰਾਂ ਵੱਲੋਂ ਸ਼ੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਆਦਿ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ, ਪੇਡ ਨਿਊਡ, ਵੱਖ ਵੱਖ ਪ੍ਰਵਾਨਗੀਆਂ ਆਦਿ ਸਬੰਧੀ ਵੀ ਜਾਣਕਾਰੀ ਲਈ। ਉਨ੍ਹਾਂ ਹਾਜਰ ਸਮੂਹ ਅਧਿਕਾਰੀਆਂ ਤੇ ਮੈਂਬਰਾਂ ਨੂੰ ਕਿਹਾ ਕਿ ਉਹ ਪੇਡ ਨਿਊਡ, ਸਪਾਂਸਰਡ ਇਸਤਿਹਾਰਾਂ ਆਦਿ ਤੇ ਵਿਸ਼ੇਸ਼ ਨਿਗ੍ਹਾਂ ਰੱਖਣ।
ਚੋਣ ਖਰਚਾ ਨਿਗਰਾਨ ਸ੍ਰੀ ਗਨੇਸ਼ ਚੰਦਰਾ ਯਾਦਵ ਨੇ ਐਮ.ਸੀ.ਐਮ.ਸੀ ਵਿੱਚ ਡਿਊਟੀ ਕਰ ਰਹੇ ਸਾਰੇ ਕਰਮਚਾਰੀਆਂ ਨੂੰ ਹਦਾਇਤ ਕੀਤਾ ਕਿ ਮੀਡੀਆ, ਜਿਸ ਅਖਬਾਰ, ਰੇਡੀਓ, ਟੀ.ਵੀ, ਈ-ਪੇਪਰ ਅਤੇ ਸ਼ੋਸ਼ਲ ਮੀਡੀਆ ਆਦਿ ਸ਼ਾਮਿਲ ਹਨ, ਉਪਰ ਤਿੱਖੀ ਨਜ਼ਰ ਰੱਖੀ ਜਾਵੇ ਤੇ ਜੇਕਰ ਕਿਸੇ ਵੀ ਉਮੀਦਵਾਰ ਦਾ ਇਸ਼ਤਿਹਾਰ/ ਪੇਡ ਨਿਊਜ਼ ਮਿਲਦਾ ਹੈ ਤਾਂ ਉਸ ਨੂੰ ਉਸਦੇ ਚੋਣ ਖਰਚੇ ਵਿੱਚ ਸ਼ਾਮਿਲ ਕਰਨ ਲਈ ਸਬੰਧਤ ਰਿਟਰਨਿੰਗ ਅਧਿਕਾਰੀ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਇਹ ਖਰਚਾ ਉਸਦੇ ਚੋਣ ਖਰਚੇ ਵਿੱਚ ਸ਼ਾਮਿਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਲੈਕਟ੍ਰੋਨਿਕ ਮੀਡੀਆ ਜਿਸ ਵਿੱਚ ਈ-ਪੇਪਰ ਤੇ ਸ਼ੋਸ਼ਲ ਮੀਡੀਆ ਵੀ ਸ਼ਾਮਿਲ ਹਨ, ਵਿੱਚ ਇਸ਼ਤਿਹਾਰ ਦੇਣ ਲਈ ਐਮ.ਸੀ.ਐਮ.ਸੀ ਕਮੇਟੀ ਵੱਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਅਤੇ ਇਸ ਮੰਤਵ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਜ਼ਿਲ੍ਹਾ ਲੋਕ ਸੰਪਰਕ ਦਫਤਰ ਦੇ ਕਮਰਾ ਨੰ-329 ਵਿੱਚ ਪਹੁੰਚ ਕੀਤੀ ਜਾਵੇ। ਕਮੇਟੀ ਇਸ ਦੀ ਜਿੱਥੇ ਸਕਰਿਪਟ ਵੇਖੇਗੀ, ਉਥੇ ਹੀ ਇਸ਼ਤਿਹਾਰ ਬਣਾਉਣ ਤੇ ਲਗਾਉਣ ਉੱਤੇ ਆਏ ਖਰਚੇ ਦੀ ਜਾਣਕਾਰੀ ਲੈ ਕੇ ਇਹ ਆਗਿਆ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਦਾਰਾ ਉਮੀਦਵਾਰ ਦੀ ਲਿਖਤੀ ਆਗਿਆ ਤੇ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਇਸ਼ਤਿਹਾਰ ਲਗਾ ਦਿੰਦਾ ਹੈ ਤਾਂ ਉਸ ਵਿਰੁੱਧ 171 ਐਚ ਇੰਡੀਅਨ ਪੀਨਲ ਕੋਡ ਤਹਿਤ ਕੇਸ ਦਰਜ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਚੋਣਾਂ ਤੋਂ ਦੋ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿੱਚ ਲੱਗਣ ਵਾਲੇ ਇਸ਼ਤਿਹਾਰ ਵੀ ਉਕਤ ਕਮੇਟੀ ਤੋਂ ਪ੍ਰਵਾਨ ਕਰਵਾਉਣੇ ਜ਼ਰੂਰੀ ਹਨ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ ਮੁੱਲ ਦੀ ਖਬਰ ਕਿਸੇ ਵੀ ਮੀਡੀਆ ਵਿੱਚ ਲਗਾਉਂਦਾ ਜਾ ਛਪਾਉਂਦਾ ਹੈ ਜੋ ਉਕਤ ਉਮੀਦਵਾਰ ਦੇ ਚੋਣ ਖਰਚੇ ਵਿੱਚ ਇਸ ਖਬਰ ਦਾ ਖਰਚਾ ਸ਼ਾਮਿਲ ਕੀਤਾ ਜਾਵੇਗਾ।
ਇਸ ਮੌਕੇ ਜਿਲ੍ਹਾ ਲੋਕ ਸੰਪਰਕ ਅਫਸਰ ਅਮਰੀਕ ਸਿੰਘ ਕਮ ਨੋਡਲ ਅਫਸਰ ਐਮ. ਸੀ.ਐਮ. ਸੀ ਕਮੇਟੀ, ਲਾਇਜ਼ਨ ਅਫਸਰ ਸ੍ਰੀ ਅਮਨਦੀਪ ਕੇਸ਼ਵ ,ਕਮੇਟੀ ਦੇ ਮੈਂਬਰ ਪ੍ਰੋ. ਨਵੀਨ ਜੈਨ, ਸ਼ਿਵਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਭਿੰਡਰ, ਮਨੀਸ਼ ਸ਼ਰਮਾ, ਤਰਸੇਮ ਚੰਦ, ਅਮਿਤ ਮੈਨੀ, ਅਮਰਜੀਤ ਸਿੰਘ , ਮੈਡਮ ਗਗਨ ਸ਼ਰਮਾ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ।