ਅਸ਼ੋਕ ਵਰਮਾ
ਬਠਿੰਡਾ, 7 ਫਰਵਰੀ 2021 - ਔਰਤਾਂ ਨੂੰ ਸੰਘਰਸ਼ ਦੇ ਰਾਹ ਤੋਰਨ ਤੋਂ ਬਾਅਦ ਸੰਘਰਸ਼ ਧਿਰਾਂ ਵੱਲੋਂ ਨਵੀਂ ਪਨੀਰੀ ਨੂੰ ਸੰਘਰਸ਼ੀ ਗੁੜ੍ਹਤੀ ਦਿੱਤੀ ਜਾਣ ਲੱਗੀ ਹੈ । ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਕਾਰਨ ਹੁਣ ਬੱਚੇ ਤਾਂ ਇਨਕਲਾਬ ਦੀਆਂ ਗੱਲਾਂ ਕਰਨ ਲੱਗੇ ਹਨ। ਇਹਨਾਂ ਬੱਚਿਆਂ ਨੂੰ ਇਹ ਸਮਝ ਆ ਗਈ ਹੈ ਕਿ ਕਿਸ ਤਰਾਂ ਕਿਸਾਨਾਂ ਦੀ ਮਾਂ ਆਖਵਾਉਂਦੀ ਜਮੀਨ ਨਾਲ ਵਰਤਾਰਾ ਵਰਤਾਉਣ ਦੇ ਮਨਸੂਬੇ ਬਣਾਏ ਜਾ ਰਹੇ ਹਨ। ਪਿਛਲੇ ਕੁੱਝ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨੇ ਨਾਂ ਕੇਵਲ ਬੱਚਿਆਂ ਨੂੰ ਅੰਦੋਲਨ ਦੀਆਂ ਜਰਬ੍ਹਾਂ ਤਕਸੀਮਾਂ ਸਿਖਾ ਦਿੱਤੀਆਂ ਹਨ ਬਲਕਿ ਖੇਤੀ ਸੰਕਟ ਤੋਂ ਬਾਹਰ ਆਉਣ ਲਈ ਉਹਨਾਂ ਨੇ ਭਵਿੱਖ ਦੀ ਲੜਾਈ ਲਈ ਤਿਆਰ ਹੋਣਾ ਸ਼ੁਰੂ ਕਰ ਦਿੱਤਾ ਹੈ।
ਅੱਜ ਲੋਕ ਮੋਰਚਾ ਪੰਜਾਬ ਦੀ ਅਗਵਾਈ ਹੇਠ ਦਰਜਨਾਂ ਬੱਚੇ ਖੇਤੀ ਕਾਨੂੰਨਾਂ ਖਿਲਾਫ ਸੜਕਾਂ ਤੇ ਉੱਤਰੇ ਅਤੇ ਇਨਕਲਾਬੀ ਨਾਅਰਿਆਂ ਦੌਰਾਨ ਮੋਦੀ ਸਰਕਾਰ ਨੂੰ ਨਸੀਹਤ ਦਿੱਤੀ ਕਿ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ ਨਹੀਂ ਤਾਂ ਹਕੂਮਤ ਨੂੰ ਵੱਡਿਆਂ ਦੇ ਨਾਲ ਨਾਲ ਨਵੇਂ ਪੋਚ ਦੇ ਰੋਸੇ ਦਾ ਸਾਹਮਣਾ ਕਰਨਾ ਪਵੇਗਾ। ਅੱਜ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਚੌਂਕ ’ਚ ਇਕੱਤਰ ਹੋਏ ਬੱਚਿਆਂ ਜਿਹਨਾਂ ਦੇ ਨਾਲ ਮਾਪੇ ਵੀ ਸਨ, ਨੇ ਇੰਕਲਾਬ ਜਿੰਦਾਬਾਦ ਨੂੰ ਆਪਣਾ ਨਿਸ਼ਾਨਾ ਮੰਨਦਿਆਂ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਬੱਚਿਆ ਨੇ ਕਿਸਾਨ ਸੰਘਰਸ਼ ਨਾਲ ਸਬੰਧਤ ਕਵਿਤਾਵਾਂ ਗੀਤ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ।
ਲੋਕ ਮੋਰਚਾ ਪੰਜਾਬ ਦੇ ਜੱਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਦੇਸ ਦੀਆਂ ਨਿੱਘਰ ਰਹੀਆਂ ਆਰਥਿਕ ਤੇ ਸਮਾਜਿਕ ਹਾਲਾਤਾਂ ਕਰਕੇ ਪਹਿਲਾਂ ਹੀ ਵੱਡੀ ਗਿਣਤੀ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਜਦੋਂਕਿ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਹਨੇਰੀ ਸੁਰੰਗ ’ਚ ਧੱਕਿਆ ਜਾਏਗਾ ਅਤੇ ਗਰੀਬ ਕਿਸਾਨਾਂ ਛੋਟੇ ਦੁਕਾਨਦਾਰਾਂ ਅਤੇ ਮਜਦੂਰਾਂ ਦੇ ਰੁਜਗਾਰ ਤੇ ਵੱਡੀ ਸੱਟ ਵੱਜੇਗੀ ਜੋ ਭੁੱਖਮਰੀ ਪੈਦਾ ਕਰੇਗੀ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਾਰਪੋਰੇਟਾਂ ਤੋਂ ਜਮੀਨਾਂ ਬਚਾਉਣ ਦਾ ਹੀ ਨਹੀਂ ਸਰਕਾਰੀ ਰਾਸ਼ਨ ਪ੍ਰਣਾਲੀ ਬਚਾਉਣ,ਐਫਸੀਆਈ,ਫੂਡ ਸਪਲਾਈ, ਪਨਗ੍ਰੇਨ ਤੇ ਵੇਅਰਹਾਊਸ ਵਰਗੇ ਸਰਕਾਰੀ ਅਦਾਰਿਆਂ ਵਿੱਚ ਰੁਜ਼ਗਾਰ ਬਚਾਉਣ ਦਾ ਵੀ ਹੈ।
ਉਹਨਾਂ ਕਿਹਾ ਕਿ ਮੋਦੀ ਹਕੂਮਤ ਲੋਕਾਂ ਵਿੱਚ ਫਿਰਕੂ ਵੰਡੀਆਂ ਪਾ ਕੇ ਸੰਘਰਸ਼ ਨੂੰ ਲੀਹੋਂ ਲਾਹੁਣ ਦੇ ਮਨਸੂਬੇ ਪਾਲ ਰਹੀ ਹੈ ਤਾਂ ਜੋ ਆਪਣੇ ਸਾਮਰਾਜੀ ਆਕਾਵਾਂ ਨੂੰ ਦੇਸ਼ ਦੇ ਮਾਲ ਖਜਾਨੇ ਲੁਟਾਕੇ ਖੁਸ਼ ਕੀਤਾ ਜਾ ਸਕ ਪਰ ਲੋਕ ਘੋਲ ਅਜਿਹਾ ਹੋਣ ਨਹੀਂ ਦੇਵੇਗਾ।ਇਕਠ ਨੇ ਹਰਿਆਣਾ ਪੁਲਸ ਵੱਲੋਂ ਗਿਰਫਤਾਰ ਕੀਤੀ ਮਜਦੂਰ ਆਗੂ ਨੌਦੀਪ ਕੌਰ ਤੇ ਕੀਤੇ ਪੁਲਸ ਦੇ ਵਹਿਸ਼ੀਆਨਾ ਜਬਰ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਉਸ ਨੂੰ ਰਿਹਾ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਸਮੂਹ ਲੋਕਾਂ ਨੂੰ 10 ਤਰੀਕ ਨੂੰ ਸ਼ਹਿਰ ਵਿਚ ਕੀਤੇ ਜਾ ਰਹੇ ਮੁਜਾਹਰੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।