← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 21 ਫਰਵਰੀ 2022: ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਅੱਜ ਸ਼ਾਂਤੀਪੂਰਵਕ ਚੋਣਾਂ ਨੇਪਰੇ ਚੜ੍ਹਾਉਣ ਲਈ ਬਠਿੰਡਾ ਵਾਸੀਆਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ’ਚ ਸੈਂਕੜਿਆਂ ਦੀ ਗਿਣਤੀ ਚ ਪਹੁੰਚੇ ਪਾਰਟੀ ਵਰਕਰਾਂ ਦੇ ਨਾਲ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਬਦ ਨਹੀਂ ਹਨ ਜਿੰਨ੍ਹਾਂ ਨਾਲ ਉਹ ਆਪਣੇ ਉਨ੍ਹਾਂ ਸਾਥੀਆਂ ਦਾ ਸ਼ੁਕਰਾਨਾ ਕਰਨ ਜਿੰਨ੍ਹਾਂ ਨੇ ਦਿਨ ਰਾਤ ਇੱਕ ਕਰ ਕੇ ਪਾਰਟੀ ਨੂੰ ਮਜਬੂਤ ਕਰਨ ਲਈ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਮਿਹਨਤ 10 ਮਾਰਚ ਨੂੰ ਨਤੀਜੇ ਦੌਰਾਨ ਰੰਗ ਲਿਆਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਤਵਾਰ ਨੂੰ ਆਮ ਲੋਕਾਂ ਦਾ ਜਨੂੰਨ ਦੇਖ ਕੇ ਅੰਦਾਜਾ ਹੋ ਗਿਆ ਕਿ ਸਾਡੇ ਕੰਮ ਨੂੰ ਭਾਗ ਲੱਗੇ ਹਨ ਜੋ ਵੋਟਰ ਐਨੇ ਉਤਸ਼ਾਹਪੂਰਵਕ ਵੋਟਾਂ ਪਾਉਣ ਲਈ ਬੂਥਾਂ ਤੇ ਪੁੱਜੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਦਾ ਇੱਕ ਵਾਰ ਫਿਰ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਜਨਾਰਧਨ ਦਾ ਫੈਸਲਾ ਹਮੇਸ਼ਾ ਸਹੀ ਹੁੰਦਾ ਹੈ ਅਤੇ ਗਲ੍ਹਤ ਫੈਸਲੇ ਹਕੂਮਤ ਕਰਨ ਵਾਲੇ ਕਰਦੇ ਹਨ। ਜਗਰੂਪ ਸਿੰਘ ਗਿੱਲ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਹਕੂਮਤ ਕਰਨ ਵਾਲੀ ਨਹੀਂ ਬਲਕਿ ਸੇਵਾ ਵਾਲੀ ਹੋਵੇਗੀ । ਇਸ ਮੌਕੇ ਪਾਰਟੀ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਚੋਣਾਂ ਦੌਰਾਨ ਹੋਈਆਂ ਨਿੱਕੀਆਂ ਮੋਟੀਆਂ ਪ੍ਰੇਸ਼ਾਨੀਆਂ ਤੋਂ ਵੀ ਜਾਣੂੰ ਕਰਵਾਇਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨੀਲ ਗਰਗ, ਸੂਬਾ ਆਗੂ ਨਵਦੀਪ ਸਿੰਘ ਜੀਦਾ ਅਤੇ ਅੰਮ੍ਰਿਤ ਲਾਲ ਅਗਰਵਾਲ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਆਦਿ ਹਾਜ਼ਰ ਸਨ।
Total Responses : 267