ਦੇਸ਼ ਨੂੰ ਬਰਬਾਦ ਕਰਨ ਦੀ ਦਿਸ਼ਾ 'ਤੇ ਕੰਮ ਕਰ ਰਿਹਾ ਹੈ ਮੋਦੀ : ਰਾਹੁਲ ਗਾਂਧੀ
ਕੁਲਵੰਤ ਸਿੰਘ ਬੱਬੂ
- ਕੇਜਰੀਵਾਲ ਤੇ ਮੋਦੀ ਇੱਕੋ ਸਿੱਕੇ ਦੇ ਹਨ ਦੋ ਪਾਸੇ
- ਮੋਦੀ ਪੰਜਾਬ ਅੰਦਰ ਸਰਕਾਰ ਬਣਾਉਣ ਦਾ ਸੁਪਨਾ ਲੈਣਾ ਛੱਡ ਦੇਣ
- ਮੋਦੀ ਦੀਆਂ ਨੀਤੀਆਂ ਦੇਸ਼ ਲਈ ਬੇਹਦ ਘਾਤਕ
- ਅਕਾਲੀ ਦਲ ਅਤੇ ਆਪ ਦਾ ਮਕਸਦ ਸਿਰਫ਼ ਤੇ ਸਿਰਫ਼ ਪੰਜਾਬ ਨੂੰ ਲੁੱਟਣਾ
- ਚੰਨੀ ਇੱਕ ਗਰੀਬ ਤੇ ਆਮ ਆਦਮੀ ਜਿਸਨੂੰ ਅਸੀਂ ਸੀ.ਐਮ. ਬਣਾਇਆ
- ਅਮਰਿੰਦਰ ਦੀ ਬੀਜੇਪੀ ਨਾਲ ਸਾਂਝ ਸਾਫ ਹੋਣ ਤੋਂ ਬਾਅਦ ਹੀ ਅਮਰਿੰਦਰ ਨੂੰ ਹਟਾਇਆ ਗਿਆ
- 80 ਸੀਟਾਂ ਜਿੱਤ ਕੇ ਬਣੇਗੀ ਪੰਜਾਬ ਅੰਦਰ ਕਾਂਗਰਸ ਸਰਕਾਰ
ਪਟਿਆਲਾ/ਰਾਜਪੁਰਾ, 15 ਫਰਵਰੀ 2022 - ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕੌਮੀ ਨੇਤਾ ਰਾਹੁਲ ਗਾਂਧੀ ਨੇ ਅੱਜ ਆਖਿਆ ਹੈ ਕਿ ਨਰਿੰਦਰ ਮੋਦੀ ਦੇਸ਼ ਨੂੰ ਬਰਬਾਦ ਕਰਨ ਦੀ ਦਿਸ਼ਾ 'ਤੇ ਕੰਮ ਕਰ ਰਿਹਾ ਹੈ ਤੇ ਮੋਦੀ ਦੀਆਂ ਨੀਤੀਆਂ ਦੇਸ਼ ਲਈ ਬੇਹਦ ਘਾਤਕ ਹਨ, ਜਿਹੜੀਆਂ ਦੇਸ਼ ਨੂੰ ਵੰਡ ਦੇਣਗੀਆਂ। ਰਾਹੁਲ ਗਾਂਧੀ ਅੱਜ ਇੱਥੇ ਰਾਜਪੁਰਾ ਵਿਖੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਹੋਈ ਰੈਲੀ ਵਿੱਚ ਜੁੜੇ ਹਜਾਰਾਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਰਾਹੁਲ ਗਾਂਧੀ ਨੇ ਮੋਦੀ 'ਤੇ ਨਿਸ਼ਾਨਾ ਲਗਾਉਂਦਿਆਂ ਆਖਿਆ ਕਿ ਉਹ ਪੰਜਾਬ ਅੰਦਰ ਸੱਤਾ ਦਾ ਸੁਪਨਾ ਲੈਣਾ ਛੱਡ ਦੇਣ ਕਿਉਂਕਿ ਪੰਜਾਬੀ ਬੜੇ ਹੀ ਅਣਖੀ ਲੋਕ ਹਨ ਤੇ ਮੋਦੀ ਵੱਲੋਂ ਕੀਤੀਆਂ 700 ਕਿਸਾਨਾਂ ਦੀਆਂ ਸ਼ਹੀਦੀਆਂ ਨੂੰ ਕਦੇ ਵੀ ਪੰਜਾਬੀ ਭੁਲਾ ਨਹੀਂ ਸਕਣਗੇ। ਉਨ੍ਹਾਂ ਆਖਿਆ ਕਿ ਕੇਜਰੀਵਾਲ ਅਤੇ ਮੋਦੀ ਇੱਕੋ ਸਿੱਕੇ ਦੇ ਦੋ ਪਾਸੇ ਹਨ, ਜਿਨ੍ਹਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਪੰਜਾਬ ਅਤੇ ਪੰਜਾਬੀਆਂ ਨੂੰ ਵੰਡਣਾ ਹੈ ਪਰ ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ ਅਤੇ ਪੰਜਾਬ ਦੇ ਲੋਕ ਕਾਂਗਰਸ ਨੂੰ 80 ਸੀਟਾਂ ਜਿਤਾ ਕੇ ਪੂਰੇ ਬਹੁਮਤ ਨਾਲ ਸਰਕਾਰ ਬਣਾ ਕੇ ਦੇਣਗੇ।
ਰਾਹੁਲ ਗਾਂਧੀ ਨੇ ਮੋਦੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਉਨ੍ਹਾਂ ਨੇ ਕਿਹੜੇ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਤੇ ਕਿਹੜੇ ਿਕਸਾਨਾਂ ਨੂੰ 15 ਲੱਖ ਰੁਪਏ ਦਿੱਤੇ ਹਨ। ਉਨ੍ਹਾਂ ਆਖਿਆ ਕਿ ਇੱਕ ਵੀ ਵਾਅਦਾ ਪੁਰਾ ਨਾ ਕਰਨ ਵਾਲਾ ਮੋਦੀ ਹੁਣ ਆਪਣਾ ਭਾਸ਼ਣ ਹੀ ਬਦਲ ਗਿਆ ਹੈ ਪਰ ਕਾਂਗਰਸ ਜੋ ਕਹਿੰਦੀ ਹੈ, ਉਹ ਕਰਦੀ ਹੈ। ਉਨ੍ਹਾਂ ਆਖਿਆ ਕਿ ਮੋਦੀ ਨੇ ਝੂਠ ਬੋਲਣ ਦੀ ਪੀਐਚਡੀ ਕੀਤੀ ਹੋਈ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਅਤੇ ਆਪ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ। ਉਨ੍ਹਾਂ ਨੂੰ ਪੰਜਾਬੀਆਂ ਨਾਲ ਕੋਈ ਵੀ ਪਿਆਰ ਨਹੀਂ ਹੈ।
ਰਾਹੁਲ ਗਾਂਧੀ ਨੇ ਆਖਿਆ ਕਿ ਦੇਸ਼ ਵਿੱਚ ਨੋਟਬੰਦੀ, ਜੀਐਸਟੀ ਸਮੇਤ ਹੋਰ ਘਟੀਆ ਯੋਜਨਾਵਾਂ ਮੋਦੀ ਦੀ ਦੇਣ ਹਨ, ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੲਂਆਂ ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਖਤਮ ਕਰਕੇ ਰੱਖ ਦਿੱਤਾ। ਉਨ੍ਹਾਂ ਆਖਿਆ ਕਿ ਮੋਦੀ ਦੇ ਪਿੱਛੇ ਕੁੱਝ ਧਨਾਢ ਸ਼ਕਤੀਆਂ ਕੰਮ ਕਰ ਰਹੀਆਂ ਹਨ, ਜਿਹੜੀਆਂ ਦੇਸ਼ 'ਤੇ ਅਸਿੱਧੇ ਤੌਰ 'ਤੇ ਕਬਜਾ ਕਰਕੇ ਬੈਠ ਗਈਆਂ ਹਨ ਤੇ ਮੋਦੀ ਉਨ੍ਹਾ ਦੀਆਂ ਯੋਜਨਾਵਾਂ ਨੂੰ ਲਾਗੂ ਕਰ ਰਿਹਾ ਹੈ, ਜਿਸ ਨਾਲ ਸਮੁੱਚੇ ਦੇਸ਼ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਰਾਹੁਲ ਗਾਂਧੀ ਨੇ ਆਖਿਆ ਕਿ ਕੇਜਰੀਵਾਲ ਦਿੱਲੀ ਮਾਡਲ ਅਤੇ ਮੋਦੀ ਗੁਜਰਾਤ ਮਾਡਲ ਦੀ ਦੁਹਾਈ ਦਿੰਦਾ ਹੈ ਪਰ ਦੋਵੇਂ ਬੇਹਦ ਫਲਾਪ ਸਾਬਿਤ ਹੋਏ ਹਨ। ਅਸੀਂ ਇੱਕ ਗਰੀਬ ਤੇ ਆਮ ਆਦਮੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਤੇ ਹੁਣ ਮੁੱਖ ਮੰਤਰੀ ਦਾ ਿਚਹਰਾ ਪੰਜਾਬ ਦੇ ਸਾਹਮਣੇ ਰੱਖਿਆ ਕਿਉਂਕਿ ਚਰਨਜੀਤ ਚੰਨੀ ਨੂੰ ਗਰੀਬਾਂ ਦੀ, ਲੋੜਵੰਦਾਂ ਦੀ, ਛੋਟੇ ਦੁਕਾਨਦਾਰਾਂ ਦੀ ਤੇ ਵਪਾਰੀਆਂ ਦੀ ਲੋੜ ਦਾ ਪਤਾ ਹੈ ਤੇ ਇਨ੍ਹਾਂ ਸਭ ਨੂ ਤਾਕਤਵਰ ਬਣਾਉਣ ਲਈ ਅਸੀਂ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਣਿਆ ਹੈ ਤੇ ਸੂਬੇ ਦੇ ਲੋਕ ਕਾਂਗਰਸ ਨੂੰ 80 ਸੀਟਾਂ ਦੇ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਊਣਗੇ।
ਰਾਹੁਲ ਗਾਂਧੀ ਨੇ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਟਿਹਰੇ ਵਿੱਚ ਖੜਾ ਕੀਤਾ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਨਾਲ ਸਾਂਝ ਪਤਾ ਲੱਗਣ ਤੋਂ ਬਾਅਦ ਹੀ ਅਮਰਿੰਦਰ ਨੂੰ ਗੱਦੀ ਤੋਂ ਉਤਾਰਿਆ ਗਿਆ ਤੇ ਅੱਜ ਸਾਰੀ ਦੁਨੀਆ ਦੇ ਸਾਹਮਣੇ ਇਹ ਸਾਂਝ ਆ ਗਈ ਹੈ। ਉੂਨ੍ਹਾਂ ਆਖਿਆ ਕਿ ਬੀਜੇਪੀ ਘੱਟ ਗਿਣਤੀਆਂ ਲਈ ਸਭ ਤੋਂ ਵੱਡਾ ਖਤਰਾ ਹੈ ਕਿਉਂਕਿ ਮੋਦੀ ਨੂੰ ਸਿਰਫ਼ ਤੇ ਸਿਰਫ਼ ਧਨਾਢ ਸ਼ਕਤੀਆਂ ਦੀ ਹੀ ਚਿੰਤਾ ਹੈ ਪਰ ਦੇਸ਼ ਦੀ ਨਹੀਂ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਰਾਜਪੁਰਾ ਤੋਂ ਕਾਂਗਰਸ ਦੇ ਉਮੀਦਵਾਰ ਤੇ ਸੀਨੀਅਰ ਕਾਂਗਰਸੀ ਨੇਤਾ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਵਿਸ਼ਨੂੰ ਸ਼ਰਮਾ, ਹਰਿੰਦਰ ਪਾਲ ਸਿੰਘ ਹੈਰੀਮਾਨ, ਸਾਧੂ ਸਿੰਘ ਧਰਮਸਰੋਤ, ਗੁਰਦੀਪ ਸਿੰਘ ਊਂਟਸਰ ਜ਼ਿਲਾ ਪ੍ਰਧਾਨ ਦਿਹਾਤੀ, ਜ਼ਿਲਾ ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ, ਮਿਲਟੀ ਕੰਬੋਜ ਯੂਥ ਪ੍ਰਧਾਨ, ਗਗਨਦੀਪ ਜਲਾਲਪੁਰ ਏ.ਐਮ. ਬਿਜਲੀ ਬੋਰਡ, ਕਾਕਾ ਰਾਜਿੰਦਰ ਸਿੰਘ ਅਤੇ ਹੋਰ ਵੀ ਸੀਨੀਅਰ ਨੇਤਾ ਹਾਜਰ ਸਨ।