ਬਠਿੰਡਾ ਜ਼ਿਲ੍ਹੇ ’ਚ ਸਖਤ ਸੁਰੱਖਿਆ ਹੇਠ ਸਜ਼ਿਆ ਵੋਟਾਂ ਦਾ ਵਿਹੜਾ
ਅਸ਼ੋਕ ਵਰਮਾ
ਬਠਿੰਡਾ,19ਫਰਵਰੀ2022: ਬਠਿੰਡਾ ਜਿਲ੍ਹੇ ‘ਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦਾ ਵਿਹੜਾ ਸਜ਼ ਕੇ ਤਿਆਰ ਹੋ ਗਿਆ ਹੈ। ਬਠਿੰਡਾ ਜਿਲ੍ਹੇ ’ਚ ਪੈਂਦੇ ਸ਼ਹਿਰੀ ਹਲਕੇ ਤੇ ਤਾਂ ਪੰਜਾਬ ਦੀ ਨਜ਼ਰ ਹੈ ਜਿੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਚੋਣ ਲੜ ਰਹੇ ਹਨ। ਵਿੱਤ ਮੰਤਰੀ ਦੇ ਮੁਕਾਬਲੇ ’ਚ ਪਿਛਲੀਆਂ ਚੋਣਾਂ ਦੌਰਾਨ ਉਨ੍ਹਾਂ ਦੇ ਸੱਜੇ ਖੱਬੇ ਰਹਿਣ ਵਾਲੇ ਦੋ ਸਾਬਕਾ ਕਾਂਗਰਸੀ ਜਗਰੂਪ ਸਿੰਘ ਗਿੱਲ ਅਤੇ ਰਾਜ ਨੰਬਰਦਾਰ ਹਨ ਜੋ ਆਮ ਆਦਮੀ ਪਾਰਟੀ ਅਤੇ ਭਾਜਪਾ ਤਰਫੋਂ ਚੋਣ ਲੜ ਰਹੇ ਹਨ। ਬਠਿੰਡਾ ਦੀ ਚੋਣ ਜੰਗ ’ਚ ਸੰਯੁਕਤ ਸਮਾਜ ਮੋਰਚੇ ਦਾ ਹਰਮਿਲਾਪ ਸਿੰਘ ਗਰੇਵਾਲ ਚੋਣ ਲੜ ਰਿਹਾ ਹੈ ਤਾਂ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਕੁੱਦਿਆ ਹੋਇਆ ਹੈ।
ਤੀਸਰੀ ਵਾਰ ਚੋਣ ਮੈਦਾਨ ’ਚ ਉੱਤਰੇ ਸਿੰਗਲਾ ਲਈ ਇਹ ਚੋਣ ਕਰੋ ਜਾਂ ਮਰੋ ਦਾ ਸਵਾਲ ਬਣੀ ਹੋਈ ਹੈ। ਜਿਸ ਤਰਾਂ ਦਾ ਹਾਲਾਤ ਹਨ ਬਾਦਲ ਲਈ ਧਮਾਲ ਐਨੀ ਸੌਖੀ ਨਹੀਂ ਹੈ। ਇਸੇ ਤਰਾਂ ਹੀ ਬਠਿੰਡਾ ਦਿਹਾਤੀ ਹਲਕੇ ਵਿੱਚ ਮੁੱਖ ਮੁਕਾਬਲਾ ਤਿੰਨ ਧਿਰੀ ਹੈ ਜਦੋਂਕਿ ਪੰਜਾਬ ਲੋਕ ਕਾਂਗਰਸ ਦਾ ਸਵੇਰਾ ਸਿੰਘ ਵੀ ਡਟਿਆ ਹੋਇਆ ਹੈ। ਅਕਾਲੀ ਦਲ ਨੇ ਐਤਕੀਂ ਪ੍ਰਕਾਸ਼ ਸਿੰਘ ਭੱਟੀ ਨੂੰ ਬੱਲੂਆਣਾ ਹਲਕੇ ਤੋਂ ਲਿਆਕੇ ਟਿਕਟ ਦਿੱਤੀ ਹੈ। ਕਾਂਗਰਸ ਤਰਫੋਂ ਦੂਸਰੀ ਵਾਰ ਹਰਵਿੰਦਰ ਸਿੰਘ ਲਾਡੀ ਚੋਣ ਲੜ ਰਹੇ ਹਨ। ਪਿਛਲੀ ਵਾਰ ਇਸ ਹਲਕੇ ਤੋਂ ਸ਼ਾਨੋ ਸ਼ੌਤਕ ਨਾਲ ਜਿੱਤੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਚੋਂ ਬਰਖਾਸਤ ਕੀਤੇ ਅਮਿਤ ਰਤਨ ਨੂੰ ਉਮੀਦਵਾਰ ਬਣਾਇਆ ਹੈ।
ਹਲਕੇ ’ਚ ਝਾੜੂ ਦੀ ਹਵਾ ਚੱਲਣ ਦੇ ਬਾਵਜੂਦ ਅਮਿਤ ਰਤਨ ਨਾਲ ਕਥਿਤ ਠੱਗੀ ਦਾ ਵਿਵਾਦ ਜੁੜਿਆ ਹੋਇਆ ਹੈ ਜੋ ਉਸ ਦੇ ਰਾਹ ’ਚ ਕੰਡੇ ਬੀਜ ਰਿਹਾ ਹੈ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਐਤਕੀਂ ਪੰਜ ਕੋਣੇ ਮੁਕਾਬਲਿਆਂ ਦਾ ਗਵਾਹ ਬਣ ਰਿਹਾ ਹੈ। ਇੱਥੇ ਬਾਗੀ ਕਾਂਗਰਸੀ ਹਰਮਿੰਦਰ ਸਿੰਘ ਜੱਸੀ ਚੋਣ ਮੈਦਾਨ ’ਚ ਹਨ। ਅਕਾਲੀ ਦਲ ਨੇ ਸਾਬਕਾ ਵਿਧਾਇਕ ਤੇ ਜੱਸੀ ਦੇ ਰਿਵਾਇਤੀ ਵਿਰੋਧੀ ਜੀਤਮੋਹਿੰਦਰ ਸਿੰਘ ਸਿੱਧੂ ਨੂੰ ਮੈਦਾਨ ’ਚ ਉਤਾਰਿਆ ਹੈ। ਸਿਟਿੰਗ ਆਪ ਵਿਧਾਇਕ ਬਲਜਿੰਦਰ ਕੌਰ ਅਤੇ ਪਿਛਲੀ ਵਾਰ ਹਾਰੇ ਖੁਸ਼ਬਾਜ ਸਿੰਘ ਜਟਾਣਾ ਵੀ ਕਾਂਗਰਸ ਤਰਫੋਂ ਲੜ ਰਹੇ ਹਨ। ਭਾਜਪਾ ਨੇ ਇੱਥੇ ਰਵੀਪ੍ਰੀਤ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਇਆ ਹੈ।
ਵਿਧਾਨ ਸਭਾ ਹਲਕਾ ਮੌੜ ’ਚ ਅਜਾਦ ਸਮੇਤ ਕਈ ਧਿਰਾਂ ਮੈਦਾਨ ’ਚ ਹਨ ਪਰ ਮੁੱਖ ਤੌਰ ਤੇ ਆਪ ਦੇ ਸੁਖਵੀਰ ਮਾਈਸਰਖਾਨਾ, ਸੰਯੁਕਤ ਸਮਾਜ ਮੋਰਚੇ ਦਾ ਲੱਖਾ ਸਿਧਾਣਾ,ਭਾਜਪਾ ਦੇ ਦਿਆਲ ਸੋਢੀ, ਅਕਾਲੀ ਦਲ ਦਾ ਜਗਮੀਤ ਬਰਾੜ ਅਤੇ ਕਾਂਗਰਸ ਦੀ ਮਨੋਜ ਬਾਲਾ ਬਾਂਸਲ ਚੋਣ ਲੜ ਰਹੇ ਹਨ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਵੀ ਦਿਲਚਸਪ ਮੁਕਾਬਲੇ ਹੋਣ ਜਾ ਰਹੇ ਹਨ ਜਿੱਥੇ ਅਕਾਲ ਦਲ ਵੱਲੋਂ ਸਿਕੰਦਰ ਸਿੰਘ ਮਲੂਕਾ, ਆਮ ਆਦਮੀ ਪਾਰਟੀ ਦਾ ਬਲਕਾਰ ਸਿੱਧੂ, ਕਾਂਗਰਸ ਦਾ ਗੁਰਪ੍ਰੀਤ ਸਿੰਘ ਕਾਂਗੜ ਅਤੇ ਭਾਜਪਾ ਦੇ ਅਮਰਜੀਤ ਸ਼ਰਮਾ ਆਹਮੋ ਸਾਹਮਣੇ ਹਨ।
ਕਾਂਗੜ ਅਤੇ ਮਲੂਕਾ ਰਿਵਾਇਤੀ ਵਿਰੋਧੀ ਹਨ ਜਦੋਂਕਿ ਆਪ ਤੇ ਭਾਜਪਾ ਦੇ ਉਮੀਦਵਾਰ ਪਹਿਲੀ ਵਾਰ ਚੋਣ ਲੜ ਰਹੇ ਹਨ। ਵਿਧਾਨ ਸਭਾ ਹਲਕਾ ਭੁੱਚੋ ਮੰਡੀ ’ਚ ਵੀ ਕਾਂਗਰਸ ਦੇ ਪ੍ਰੀਤਮ ਸਿੰਘ ਕੋਟਭਾਈ ਦਾ ਸਿਆਸੀ ਭਵਿੱਖ ਇੰਨ੍ਹਾਂ ਚੋਣਾਂ ਨਾਲ ਜੁੜਿਆ ਹੋਇਆ ਹੈ। ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਮਸਾਂ ਜਿੱਤੇ ਕੋਟਭਾਈ ਨੂੰ ਕਥਿਤ ਠੱਗੀ ਮਾਰਨ ਦੇ ਦੋਸ਼ਾਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਮਾਸਟਰ ਜਗਸੀਰ ਸਿੰਘ, ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਭਾਜਪਾ ਦੇ ਰੁਪਿੰਦਰਜੀਤ ਸਿੰਘ ਨਾਲ ਜੂਝਣਾ ਪੈ ਰਿਹਾ ਹੈ।
ਬਠਿੰਡਾ ਜਿਲ੍ਹੇ ਵਿਚਲਾ ਵੋਟਰ ਰਿਕਾਰਡ
ਬਠਿੰਡਾ ਜਿਲ੍ਹੇ ਦੇ 6 ਹਲਕਿਆਂ ਲਈ ਕੁੱਲ 69 ਉਮੀਦਵਾਰ ਚੋਣ ਮੈਦਾਨ ’ਚ ਹਨ ਅਤੇ 20 ਫਰਵਰੀ ਨੂੰ ਵੋਟਾਂ ਪੈਣਗੀਆਂ ਜਿਸ ਲਈ 1192 ਪੋÇਲੰਗ ਬੂਥ ਬਣਾਏ ਗਏ ਹਨ। ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਅੰਦਰ ਕੁੱਲ 10ਲੱਖ71ਹਜ਼ਾਰ164 ਵੋਟਰ ਹਨ। ਇੰਨ੍ਹਾਂ ਚੋਂ 5 ਲੱਖ 61ਹਜ਼ਾਰ749 ਪੁਰਸ਼, 5 ਲੱਖ 4 ਹਜ਼ਾਰ 360 ਔਰਤਾਂ ਅਤੇ 25 ਥਰਡ ਜੈਂਡਰ ਹਨ। ਇਸ ਤੋਂ ਇਲਾਵਾ 5030 ਸਰਵਿਸ ਵੋਟਰ ,80 ਸਾਲ ਤੋਂ ਵਧੇਰੇ ਉਮਰ ਦੇ 19636, 18-19 ਵਰਗ ਦੇ 16852, ਵਿਕਲਾਂਗ (ਪੀਡਬਲਿਯੂਡੀ) 7561 ਅਤੇ 148 ਵੀਆਈਪੀ ਵੋਟਰ ਸ਼ਾਮਲ ਹਨ।
ਵਧ ਚੜ੍ਹਕੇ ਵੋਟਾਂ ਪਾਉਣ ਵੋਟਰ: ਡੀ ਸੀ
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦਾ ਕਹਿਣਾ ਸੀ ਕਿ ਵਿਧਾਨ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੁਆਈਆਂ ਜਾਣਗੀਆਂ ਅਤੇ ਜੋ 5 ਵਜੇ ਤੱਕ ਲਾਈਨ ਵਿਚ ਲੱਗੇ ਵੋਟਰ ਆਪਣੀ ਵੋਟ ਪਾ ਸਕਣਗੇ। ਪੋਲਿੰਗ ਪਾਰਟੀਆਂ ਵੋਟਿੰਗ ਮਸ਼ੀਨਾਂ ਸਮੇਤ ਆਪੋਂ-ਆਪਣੇ ਬੂਥਾਂ ਵੱਲ ਰਵਾਨਾ ਕਰ ਦਿੱਤੀਆਂ ਹਨ। ਸਾਰੇ ਪੋਲਿੰਗ ਬੂਥਾਂ ਤੇ ਪੀਣ ਵਾਲੇ ਸਾਫ਼ ਪਾਣੀ ਦਾ ਖਾਸ ਪਬ੍ਰੰਧ ਕੀਤਾ ਗਿਆ ਹੈ। ਕੋਵਿਡ-19 ਦੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਨਾਉਣ ਲਈ ਜ਼ਿਲ੍ਹਾ ਵਾਸੀਆਂ ਨੂੰ ਬਿਨਾਂ ਡਰ ਭੈਅ ਤੋਂ ਆਪੋਂ-ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ।