ਮਲੇਰਕੋਟਲਾ ਦਾ ਸਿਆਸੀ ਅਖਾੜਾ-2022 ਤਿੰਨ ਸਾਬਕਾ ਵਿਧਾਇਕਾਂ ਸਮੇਤ 15 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਵੋਟਰ
- ਕੁੰਢੀਆਂ ਦੇ ਸਿੰਗ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ ਚੋਣ ਮੈਦਾਨ ਵਿੱਚ ਆਖ਼ਰੀ ਦਮ ਤਕ ਜ਼ੋਰ ਲਾਇਆ ਉਮੀਦਵਾਰਾਂ ਨੇ
- ਹਲਕਾ ਮਲੇਰਕੋਟਲਾ ਦੇ ਲੋਕਾਂ ਦੇ ਮਿਜ਼ਾਜ ਬਦਲੇ-ਬਦਲੇ ਨਜ਼ਰ ਆਉਣ ਲੱਗੇ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 19 ਫਰਵਰੀ ,2022,,ਪੰਜਾਬ ਵਿਧਾਨ ਸਭਾ ਵਿੱਚ ਵੱਖਰੀ ਪਹਿਚਾਣ ਰੱਖਣ ਵਾਲੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਵਿੱਚ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਅੱਠ ਉਮੀਦਵਾਰ ਪਾਰਟੀਆਂ ਦੇ ਚੋਣ ਨਿਸ਼ਾਨ ਅਤੇ ਸੱਤ ਉਮੀਦਵਾਰ ਅਜ਼ਾਦ ਤੌਰ ਤੇ ਚੋਣ ਲੜ ਰਹੇ ਹਨ । ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਜ਼ੀਆ ਸੁਲਤਾਨਾ, ਪੰਜਾਬ ਲੋਕ ਕਾਂਗਰਸ ਤੋਂ ਐਫ. ਨਿਸਾਰਾ ਖਾਤੂਨ, ਸ੍ਰੋਮਣੀ ਅਕਾਲੀ ਦਲ (ਬ) ਤੋਂ ਨੁਸਰਤ ਅਲੀ ਖਾਨ, ਆਮ ਆਦਮੀ ਪਾਰਟੀ ਤੋਂ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਲੋਕ ਇਨਸਾਫ ਪਾਰਟੀ ਤੋਂ ਮੁਹੰਮਦ ਅਨਵਰ, ਪੰਜਾਬ ਨੈਸ਼ਨਲ ਪਾਰਟੀ ਤੋਂ ਸੱਯਦ ਮਨਜ਼ੂਰ ਗਿਲਾਨੀ, ਆਪਣੀ ਏਕਤਾ ਪਾਰਟੀ ਤੋਂ ਹਸਨ ਮੁਹੰਮਦ ਇਸ ਤੋਂ ਇਲਾਵਾ ਮਹਿੰਦਰ ਸਿੰਘ, ਸੈਫ ਉਰ ਇਸਮਾਈਲ, ਮੁਹੰਮਦ ਜ਼ੁਬੈਰੀ, ਧਰਮਿੰਦਰ ਸਿੰਘ, ਮੁਹੰਮਦ ਯਾਸੀਨ ਉਰਫ ਘੁੱਗੀ, ਮੁਹੰਮਦ ਸ਼ਕੀਲ, ਮੁਹੰਮਦ ਮੁਨੀਰ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ । ਹਲਕਾ ਮਲੇਰਕੋਟਲਾ ਦਾ ਚੋਣ ਸਰਵੇਖਣ ਦੇਖੀਏ ਤਾਂ ਤਿਕੋਣਾ ਮੁਕਾਬਲਾ ਰਜ਼ੀਆ ਸੁਲਤਾਨਾ, ਨੁਸਰਤ ਇਕਰਾਮ ਖਾਨ ਅਤੇ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦਰਮਿਆਨ ਹੋ ਰਿਹਾ ਹੈ । ਹਲਕੇ ਦੀ ਸਥਿਤੀ ਜਾਨਣ ਲਈ ਪਹਿਲਾਂ ਜਰੂਰੀ ਹੈ ਕਿ ਮੁਕਾਬਲੇ 'ਚ ਆਏ ਉਮੀਦਵਾਰਾਂ ਦਾ ਪਿਛੋਕੜ ਅਤੇ ਉਨਾਂ ਦੀਆਂ ਪ੍ਰਾਪਤੀਆਂ ਤੇ ਝਾਤ ਮਾਰੀ ਜਾਵੇ ।
ਵਿਧਾਇਕਾ ਰਜ਼ੀਆ ਸੁਲਤਾਨਾ
ਰਜ਼ੀਆ ਸੁਲਤਾਨਾ ਨੇ ਆਪਣਾ ਸਿਆਸੀ ਸਫਰ 2002 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਕੀਤਾ ਸੀ । ਕਾਂਗਰਸ ਪਾਰਟੀ ਦੇ ਟਿਕਟ ਤੇ ਚੋਣ ਲੜ 37557 ਵੋਟਾਂ ਹਾਸਲ ਕਰਕੇ ਅਜੀਤ ਸਿੰਘ ਚੰਦੂਰਾਈਆਂ ਆਜ਼ਾਦ ਉਮੀਦਵਾਰ ਨੂੰ ਕੇਵਲ 179 ਵੋਟਾਂ ਨਾਲ ਹਰਾ ਕੇ ਵਿਧਾਇਕਾ ਚੁਣੇ ਗਏ । ਇਸ ਤੋਂ ਬਾਦ ਉਨਾਂ ਨੇ ਆਪਣੇ ਪਰੀਵਾਰ ਨਾਲ ਆਪਣੀ ਰਿਹਾਇਸ਼ ਹਥੋਆ ਰੋਡ ਤੇ ਸਥਿਤ ਮਲੇਰਕੋਟਲਾ ਹਾਊਸ ਵਿਖੇ ਕਰ ਲਈ । 2007 ਵਿੱਚ ਫਿਰ ਤੋਂ ਕਾਂਗਰਸ ਪਾਰਟੀ ਦੇ ਟਿਕਟ ਤੇ ਚੋਣ ਲੜ 72187 ਵੋਟ ਹਾਸਲ ਕਰਕੇ ਆਪਣੇ ਵਿਰੋਧੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੌਧਰੀ ਅਬਦੁਲ ਗਫਾਰ ਨੂੰ ਹਰਾ ਕੇ ਵਿਧਾਇਕਾ ਬਣੇ ਅਤੇ 2012 ਵਿੱਚ ਤੀਸਰੀ ਵਾਰ ਕਾਂਗਰਸ ਪਾਰਟੀ ਤੋਂ ਹੀ ਚੋਣ ਲੜੀ ਅਤੇ 51418 ਵੋਟ ਹਾਸਲ ਕਰ ਕੇ ਅਤੇ ਆਪਣੇ ਵਿਰੋਧੀ ਉਮੀਦਵਾਰ ਡੀਜੀਪੀ ਪੰਜਾਬ ਜਨਾਬ ਮਰਹੂਮ ਇਜ਼ਹਾਰ ਆਲਮ ਦੀ ਪਤਨੀ ਬੀਬੀ ਫਰਜਾਨਾ ਆਲਮ ਤੋਂ ਚੋਣ ਹਾਰ ਗਏ ਸੀ । 2017 ਵਿੱਚ ਚੌਥੀ ਵਾਰ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜਿਸ ਵਿੱਚ ਉਨਾਂ 58982 ਵੋਟ ਹਾਸਲ ਕਰ ਕੇ ਆਪਣੇ ਵਿਰੋਧੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਉਵੈਸ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਤੇ ਤੀਜੀ ਵਾਰ ਵਿਧਾਇਕਾ ਚੁਣੇ ਗਏ ਅਤੇ ਪੰਜਾਬ ਮੰਤਰੀ ਮੰਡਲ ਪਹਿਲੇ ਮਹਿਲਾਂ ਕੈਬਨਿਟ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ। ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਪੰਜਵੀਂ ਵਾਰ ਕਾਂਗਰਸ ਪਾਰਟੀ ਵੱਲੋਂ ਰਜ਼ੀਆ ਸੁਲਤਾਨਾ ਨੂੰ ਹੀ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ । ਮਲੇਰਕੋਟਲਾ ਦੀ ਜੰਮਪਲ ਰਜ਼ੀਆ ਸੁਲਤਾਨਾ ਦੀ ਵਿਦਿਅਕ ਯੋਗਤਾ ਮੈਟ੍ਰਿਕ ਹੈ, ਆਪਣੇ ਪਤੀ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਅਸਰ ਰਸੂਖ ਕਾਰਣ ਸਿਆਸਤ 'ਚ ਆਈ, ਕਹਿਣ ਨੂੰ ਤਾਂ ਚੋਣ ਰਜ਼ੀਆ ਸੁਲਤਾਨਾ ਲੜਦੇ ਸਨ ਪਰੰਤੂ ਚੋਣ ਦੀ ਸਾਰੀ ਕਮਾਂਡ ਮੁਹੰਮਦ ਮੁਸਤਫਾ ਮਲੇਰਕੋਟਲਾ ਹਾਊਸ ਤੋਂ ਚਲਾਉਂਦੇ ਰਹੇ, ਆਪਣੇ ਸਖਤ ਮਿਜ਼ਾਜ ਕਾਰਣ ਹਲਕੇ ਦੇ ਵੋਟਰਾਂ ਅਤੇ ਲੀਡਰਾਂ ਅੰਦਰ ਪੁਲਿਸ ਅਫਸਰੀ ਦਾ ਖੌਫ ਪੈਦਾ ਕਰ ਰੱਖਿਆ ਸੀ । ਇਸ ਵਾਰ ਹਾਲਾਤ ਕੁਝ ਬਦਲ ਗਏ ਹਨ ਕਿਉਂਕਿ ਮੁਹੰਮਦ ਮੁਸਤਫਾ ਡੀਜੀਪੀ ਅਹੁੱਦੇ ਤੋਂ ਰਿਟਾਇਰ ਹੋ ਚੁੱਕੇ ਹਨ ਅਤੇ ਸਿੱਧੇ ਤੌਰ ਤੇ ਸਟੇਜਾਂ ਤੋਂ ਚੋਣ ਪ੍ਰਚਾਰ ਕਰਨ ਲੱਗੇ । ਨਗਰ ਕੌਂਸਲ ਦੇ ਛੇ ਸਾਬਕਾ ਪ੍ਰਧਾਨਾਂ, ਰਜ਼ੀਆ ਸੁਲਤਾਨਾ ਦੇ ਸਾਬਕਾ ਪੀ.ਏ., ਇੱਥੋ ਤੱਕ ਕਿ ਉਨਾਂ ਦੇ ਖਾਸਮ-ਖਾਸ ਅਬਦੁਲ ਸਕੂਰ ਪ੍ਰਧਾਨ ਸਮੇਤ 2002 ਤੋਂ ਮਲੇਰਕੋਟਲਾ ਹਾਊਸ ਨਾਲ ਜੁੜੇ ਟਕਸਾਲੀ ਵਰਕਰਾਂ ਸਨੇ ਸਾਰਾ ਹਲਕਾ ਉਨਾਂ ਨਾਲ ਨਾਰਾਜ਼ ਚੱਲ ਰਿਹਾ ਹੈ । ਪੰਜਾਬ ਅੰਦਰ ਇੱਕ ਗੱਲ ਆਮ ਪ੍ਰਚੱਲਿਤ ਹੈ ਕਿ ਉਹ ਵਿਆਹ ਜਾਂ ਸਮਾਗਮ ਹੀ ਕੀ ਜਿਸ ਵਿੱਚ 'ਜੀਜਾ ਜਾਂ ਫੁੱਫੜ ਨਾ ਰੁੱਸੇ' । ਪਰੰਤੂ ਇਸ ਵਾਰ ਹਵਾ ਉਲਟੀ ਦਿਸ਼ਾ ਨੂੰ ਚੱਲ ਰਹੀ ਹੈ ਕਿ ਫੁੱਫੜ ਜੀ ਸਹੁਰੇ ਪਰਿਵਾਰ ਦੇ ਲੋਕਾਂ ਨੂੰ ਮਨਾਉਂਦੇ ਨਜ਼ਰ ਆ ਰਹੇ ਹਨ । ਇਸ ਵਾਰ ਦੇ ਇਲੈਕਸ਼ਨ ਦੀ ਖਾਸੀਅਤ ਇਹ ਰਹੀ ਹੈ ਕਿ ਮੁਹੰਮਦ ਮੁਸਤਫਾ ਦੇ ਵਿਵਾਦਿਤ ਬਿਆਨਾਂ ਕਾਰਣ ਉਹ ਚਰਚਾ ਦਾ ਵਿਸ਼ਾ ਵੀ ਬਣੇ ਰਹੇ ਹਨ ।
ਸਾਬਕਾ ਵਿਧਾਇਕ ਨੁਸਰਤ ਅਲੀ ਖਾਨ--
ਨੁਸਰਤ ਅਲੀ ਖਾਨ 1997 ਵਿੱਚ ਪਹਿਲੀ ਵਾਰ ਆਪਣੀ ਜੇਲ ਸੁਪਰਡੈਂਟ ਦੀ ਨੌਕਰੀ ਛੱਡ ਕੇ ਹਲਕਾ ਮਲੇਰਕੋਟਲਾ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੋਣ ਲੜੇ ਅਤੇ ਜਿੱਤ ਪ੍ਰਾਪਤ ਕੀਤੀ । ਉਨਾਂ ਦੇ ਪਿਤਾ ਮਰਹੂਮ ਇਕਰਾਮ ਖਾਨ ਪ੍ਰਸਿੱਧ ਸਮਾਜ ਸੇਵੀ ਸਨ ਜਿਸ ਦਾ ਨੁਸਰਤ ਅਲੀ ਖਾਨ ਨੂੰ ਚੋਖਾ ਫਲ ਮਿਲਿਆ । ਪਿਤਾ ਦੇ ਦੇਹਾਂਤ ਤੋਂ ਬਾਅਦ ਜਨਾਬ ਨੁਸਰਤ ਇਕਰਾਮ ਖਾਂ ਬੱਗਾ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਥਾਪੜਾ ਦੇ ਕੇ ਪਹਿਲੀ ਵਾਰ ਇਲੈਕਸ਼ਨ ਵਿੱਚ ਉਤਾਰਿਆ ਗਿਆ ਤਾਂ ਉਨ੍ਹਾਂ ਨੇ ਪਹਿਲੀ ਵਾਰ ਹੀ ਆਪਣੇ ਉਮੀਦਵਾਰ ਨੂੰ ਰਾਹ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਮਾਣ ਹਾਸਲ ਕੀਤਾ ਅਤੇ ਆਜ਼ਾਦ ਪੰਜਾਬ ਦੇ ਪਹਿਲੇ ਮੁਸਲਿਮ ਕੈਬਨਿਟ ਮੰਤਰੀ ਹੋਣ ਦਾ ਮਾਣ ਵੀ ਹਾਸਲ ਕੀਤਾ ਇਸ ਵਾਰ ਫਿਰ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਚੋਣ ਦੰਗਲ ਵਿੱਚ ਉਤਾਰਿਆ ਗਿਆ ਹੈ ਹਰ ਇੱਕ ਨਾਲ ਮਿਲਣ ਅਤੇ ਦੁੱਖ ਸੁੱਖ ਵਿੱਚ ਸਾਂਝ ਦਾ ਬਣਾਈ ਰੱਖਣ ਵਾਲੇ ਬੱਗਾ ਮੁਸਲਿਮ ਭਾਈਚਾਰੇ ਸਮੇਤ ਸਾਰੇ ਭਾਈਚਾਰਿਆਂ ਵਿੱਚ ਹਰਮਨਪਿਆਰੇ ਆਗੂ ਵਜੋਂ ਜਾਣੇ ਜਾਣ ਲੱਗੇ ਸੁਭਾਅ ਵਿੱਚ ਨਰਮੀ ਹੋਣ ਕਾਰਨ ਭਾਵੇਂ ਅਫ਼ਸਰਸ਼ਾਹੀ ਵਿੱਚ ਉਨ੍ਹਾਂ ਦਾ ਇੰਨਾ ਦਬਦਬਾ ਨਾ ਬਣ ਸਕਿਆ ਪਰ ਲੋਕਾਂ ਦੇ ਦਿਲਾਂ ਵਿਚ ਅੱਜ ਵੀ ਛਾਏ ਹੋਣ ਕਾਰਨ ਹਰ ਇੱਕ ਨੂੰ ਜੱਫੀ ਪਾ ਕੇ ਮਿਲਣਾ ਉਨ੍ਹਾਂ ਦੀ ਪਹਿਚਾਣ ਬਣ ਗਿਆ ਹੈ ਪੰਜਾਬ ਦੇ ਮੁਸਲਿਮ ਭਾਈਚਾਰੇ ਦੀ ਨੁਮਾਇੰਦਗੀ ਕਰਦਿਆਂ ਹਰ ਇੱਕ ਦਾ ਉਨ੍ਹਾਂ ਤੱਕ ਪਹੁੰਚਣਾ ਆਸਾਨ ਬਣਿਆ ਰਿਹਾ ਇਸੇ ਨੂੰ ਉਹ ਆਪਣਾ ਚੋਣ ਮੁੱਦਾ ਦੱਸਦੇ ਹੋਏ ਮਾਲੇਰਕੋਟਲਾ ਹਾਊਸ ਵੱਲੋਂ ਆਪਣੇ ਵਿਧਾਇਕ ਪਾਸ ਪਹੁੰਚ ਕਰਨ ਲਈ ਡਰ ਅਤੇ ਭੈਅ ਦੇ ਮਾਹੌਲ ਨੂੰ ਉਨ੍ਹਾਂ ਵੱਲੋਂ ਮੁੱਖ ਚੋਣ ਮੁੱਦਾ ਬਣਾਇਆ ਹੋਇਆ ਹੈ ਧਾਰਮਿਕ ਤੌਰ ਤੇ ਪੱਕੇ ਅਤੇ ਪੰਜ ਵੱਖ ਦੇ ਨਮਾਜ਼ੀ ਜਨਾਬ ਨੁਸਰਤ ਇਕਰਾਮ ਖਾਂ ਬੱਗਾ ਬਾਰੇ ਵਿਧਾਨ ਸਭਾ ਦੇ ਅਧਿਕਾਰੀਆਂ ਵੱਲੋਂ ਪਹਿਲੀ ਵਾਰ ਕਿਸੇ ਨੂੰ ਮੁਸਲਿਮ ਸ਼ਕਲ ਵਾਲਾ ਆਗੂ ਵੇਖਣ ਨੂੰ ਮਿਲਨਾ ਉਨ੍ਹਾਂ ਦੀ ਵਿਧਾਨ ਸਭਾ ਵਿਚ ਪਹਿਚਾਣ ਰਹੀ ਹੈ । ਉਨਾਂ ਦੀ ਵਿਦਿਅਕ ਯੋਗਤਾ ਬੀ.ਏ. ਹੈ ।
ਡਾ. ਮੁਹੰਮਦ ਜਮੀਲ ਉਰ ਰਹਿਮਾਨ--
ਮੁਹੰਮਦ ਜਮੀਲ ਉਰ ਰਹਿਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਉਨਾਂ ਦੀ ਵਿੱਦਿਅਕ ਯੋਗਤਾ ਪੀ.ਐਚ.ਡੀ. (ਡਾਕਟਰ ਆਫ ਫਿਲਾਸਫੀ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਹੈ ਉਨਾਂ ਗੁਰੁ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਆਪਣੀ ਡਿਗਰੀ ਮੁਕੰਮਲ ਕੀਤੀ ਹੈ । ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਾਮੀ ਹਨ ਗ਼ਰੀਬ ਅਤੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਨੌਜਵਾਨੀ ਦੌਰ ਵਿਚ ਰਾਜਨੀਤੀ ਵਿਚ ਪੈਰ ਰੱਖਿਆ ਸੀ ਇਨਸਾਫ਼ ਪਾਰਟੀ ਤੋਂ ਆਪਣਾ ਰਾਜਨੀਤੀ ਜੀਵਨ ਸ਼ੁਰੂ ਕਰਨ ਵਾਲੇ ਜਨਾਬ ਜਮੀਲ ਉਰ ਰਹਿਮਾਨ ਦੀ ਜ਼ਿੰਦਗੀ ਵਿੱਚ । ਇਸ ਤੋਂ ਪਹਿਲਾਂ ਉਹ ਵੱਖ-ਵੱਖ ਪਾਰਟੀਆਂ ਤੋਂ ਵਿਧਾਨ ਸਭਾ ਅਤੇ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ ਪਰੰਤੂ ਸਫਲ ਨਹੀਂ ਹੋ ਸਕੇ । ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਪੰਜਾਬ ਦੇ 117 ਹਲਕਿਆਂ ਵਿੱਚੋਂ ਚੋਣ ਲੜ ਰਹੇ ਕਰੀਬ 6 ਹਜ਼ਾਰ ਉਮੀਦਵਾਰਾਂ ਵਿਚੋਂ ਸਿਰਫ 3 ਉਮੀਦਵਾਰ ਪੀ.ਐਚ.ਡੀ. ਹਨ ਜਿਨ੍ਹਾਂ ਵਿੱਚ ਹਲਕਾ ਮਲੇਰਕੋਟਲਾ ਤੋਂ ਉਮੀਦਵਾਰ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦਾ ਨਾਮ ਸ਼ਾਮਲ ਹੈ ਅਗਰ ਇਹ ਕਹਿ ਲਿਆ ਜਾਵੇ ਕਿ ਅਜ਼ਾਦੀ ਤੋਂ ਅੱਜ ਤੱਕ ਮਲੇਰਕੋਟਲਾ ਹਲਕੇ ਅੰਦਰ ਏਨਾ ਪੜਿਆ ਲਿਖਿਆ ਉਮੀਦਵਾਰ ਮੈਦਾਨ ਵਿੱਚ ਨਹੀਂ ਆਇਆ ਤਾਂ ਕੋਈ ਅੱਤਕਥਨੀ ਨਹੀਂ । ਆਪਣੇ ਮਸਲਿਆਂ ਨੂੰ ਲੈ ਕੇ ਅਫ਼ਸਰਸ਼ਾਹੀ ਅੱਗੇ ਪੜ੍ਹਨਾ ਉਨ੍ਹਾਂ ਦਾ ਸੁਭਾਅ ਮੰਨਿਆ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਵਿਰੋਧੀਆਂ ਵੱਲੋਂ ਅੜੀਅਲ ਵੀ ਕਿਹਾ ਜਾਂਦਾ ਹੈ ਮਾਲੇਰਕੋਟਲਾ ਅੰਦਰ ਵਸ ਰਹੀ ਸਭ ਤੋਂ ਵੱਡੀ ਆਬਾਦੀ ਕੰਬੋਜ ਬਰਾਦਰੀ ਨਾਲ ਸਬੰਧਤ ਡਾ ਜਮੀਲ ਉਰ ਰਹਿਮਾਨ ਅਵਾਮੀ ਆਗੂ ਵਜੋਂ ਵੀ ਆਪਣੀ ਪਹਿਚਾਣ ਰੱਖਦੇ ਹਨ ਉਨ੍ਹਾਂ ਦੀ ਪਤਨੀ ਫਰਿਆਲ ਉਰ ਰਹਿਮਾਨ ਸਥਾਨਕ ਨਗਰ ਕੌਂਸਲ ਵਿੱਚ ਕੌਂਸਲਰ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਹੁਣ ਉਨ੍ਹਾਂ ਦੀ ਭਰਜਾਈ ਆਮ ਆਦਮੀ ਪਾਰਟੀ ਦੀ ਇੱਕੋ ਇੱਕ ਜਿੱਤਣ ਵਾਲੀ ਉਮੀਦਵਾਰ ਬਣੀ ਜਿਸ ਕਾਰਨ ਪਾਰਟੀ ਹਾਈ ਕਮਾਂਡ ਤੱਕ ਉਨ੍ਹਾਂ ਟਿਕਟ ਪ੍ਰਾਪਤ ਕਰਨ ਲਈ ਵੱਡਾ ਪ੍ਰਭਾਵ ਬਣਿਆ ਰਿਹਾ ਬਸਪਾ ਵਿੱਚ ਰਾਏ ਹੋਣ ਕਾਰਨ ਐਸ਼ ਸੀ ਬਿਰਾਦਰੀ ਦਾ ਵੋਟ ਉਨ੍ਹਾਂ ਨਾਲ ਸ਼ੁਰੂ ਤੋਂ ਹੀ ਮੋਢੇ ਨਾਲ ਮੋਢਾ ਜੋੜਿਆ ਪ੍ਰਤੀਤ ਹੋ ਰਿਹਾ ਹੈ ਇਸ ਵਾਰ ਭਖਾਈ ਆਪਣੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੂੰ ਜਿਥੇ ਨੂੰ ਇਲਾਕੇ ਦੀ ਜਨਤਾ ਬਦਲਾਅ ਦੇ ਰੂਪ ਵਿੱਚ ਦੇਖ ਰਹੀ ਹੈ ਉੱਥੇ ਹੀ ਜਨਾਬ ਮੁਹੰਮਦ ਮੁਸਤਫ਼ਾ ਦੀ ਵਿਰੋਧਤਾ ਕਾਰਨ ਵੀ ਚੰਗਾ ਲਾਹਾ ਮਿਲਦਾ ਪ੍ਰਤੀਤ ਹੋ ਰਿਹਾ ਹੈ । ਜਿਸ ਦਾ ਫ਼ਾਇਦਾ ਉਨ੍ਹਾਂ ਨੂੰ ਇਸ ਵਾਰ ਮਾਲੇਰਕੋਟਲਾ ਹਾਊਸ ਦੀ ਵੀਹ ਸਾਲ ਵਿੱਚ ਬਣੀ ਸਾਰੀ ਵਿਰੋਧੀ ਟੀਮ ਦਾ ਮਿਲਣਾ ਵਾਧੂ ਫ਼ਾਇਦਾ ਦੇ ਰਿਹਾ ਹੈ ।
ਬੀਬੀ ਫਰਜ਼ਾਨਾ ਆਲਮ ---ਮਾਲੇਰਕੋਟਲਾ ਵਿਖੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਤੇ ਲੜਨ ਵਾਲੀ ਬੀਬੀ ਫਰਜ਼ਾਨਾ ਆਲਮ ਦੀ ਕਿਸਮਤ ਵੀ ਲੱਕੀ ਕਹੀ ਜਾ ਸਕਦੀ ਹੈ ਕਿ ਜਿੱਥੇ ਉਨ੍ਹਾਂ ਨੂੰ ਪਹਿਲੀ ਵਾਰ ਹੀ ਚੋਣ ਲੜਨ ਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਮਾਣ ਹਾਸਲ ਹੋਇਆ ਉੱਥੇ ਹੀ ਸਰਦਾਰ ਬਾਦਲ ਵੱਲੋਂ ਉਨ੍ਹਾਂ ਨੂੰ ਸੰਸਦੀ ਸਕੱਤਰ ਦੇ ਤੌਰ ਤੇ ਉਹਦਾ ਦੇ ਕੇ ਮਾਲੇਰਕੋਟਲਾ ਦਾ ਮਾਣ ਰੱਖਿਆ ਗਿਆ ਇਸ ਤੋਂ ਬਾਅਦ ਹਜ਼ਰਤ ਹਲੀਮਾ ਹਸਪਤਾਲ ਦਾ ਚਾਲੂ ਹੋਣਾ ਅਤੇ ਲੜਕੀਆਂ ਦਾ ਇਸਲਾਮੀਆ ਕਾਲਜ ਮਾਲੇਰਕੋਟਲਾ ਵਿਖੇ ਸਥਾਪਤ ਕਰਨਾ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਦੇ ਤੌਰ ਤੇ ਉਨ੍ਹਾਂ ਸਮਾ ਯਾਦਗਾਰੀ ਬਣਿਆ ਰਹੇਗਾ ਇਸ ਵਾਰ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਵੱਲੋਂ ਚੋਣ ਦੰਗਲ ਵਿੱਚ ਉਤਾਰਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਢੀਂਡਸਾ ਗਰੁੱਪ ਵੱਲੋਂ ਅਲੱਗ ਅਲੱਗ ਹੋਣ ਤੋਂ ਬਾਅਦ ਕਿਸੇ ਇਕ ਵੱਲ ਇਸ ਸਮੇਂ ਦੌਰਾਨ ਝੁਕਾ ਨਾ ਹੋਣਾ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਨੂੰ ਸਮਾ ਕੇ ਰੱਖਣਾ ਉਨ੍ਹਾਂ ਲਈ ਜਿੱਥੇ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ ਉੱਥੇ ਹੀ ਭਾਜਪਾ ਦੀ ਕੱਟੜ ਬੋਰਡ ਦਾ ਫ਼ਾਇਦਾ ਉਨ੍ਹਾਂ ਨੂੰ ਪੁਲਸ ਪਾਇਲਟ ਦੇ ਤੌਰ ਤੇ ਵੇਖਿਆ ਜਾ ਸਕਦਾ ਹੈ ।
ਜਨਤਾ ਦਾ ਮਿਜ਼ਾਜ ਕੀ ਹੈ?
2022 ਦੀ ਵਿਧਾਨ ਸਭਾ ਚੋਣ ਪਿਛਲੀਆਂ ਸਾਰੀਆਂ ਚੋਣਾਂ ਨਾਲ ਵੱਖ ਹੈ । ਹਲਕੇ ਤੋਂ ਇੱਕੋ ਪਾਰਟੀ ਦੀ ਤਿੰਨ ਵਾਰ ਵਿਧਾਇਕਾ ਰਹੀ ਰਜ਼ੀਆ ਸੁਲਤਾਨਾ ਦੀ ਪੁਜ਼ੀਸ਼ਨ ਇਸ ਵਾਰ ਪਤਲੀ ਨਜ਼ਰ ਆ ਰਹੀ ਹੈ । ਰਾਸ਼ਟਰੀ ਪੱਧਰ ਦੇ ਸਟਾਰ ਪ੍ਰਚਾਰਕ ਬੁਲਾ ਕੇ ਵੀ ਕੁਝ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਜਿਸ ਦਾ ਲੋਕਾਂ ਵੱਲੋਂ ਇੱਕ ਵੱਡਾ ਕਾਰਣ ਉਨਾਂ ਦੇ ਪਤੀ ਮੁਹੰਮਦ ਮੁਸਤਫਾ ਵੱਲੋਂ ਵੱਖ-ਵੱਖ ਜਲਸਿਆਂ ਵਿੱਚ ਦਿੱਤੇ ਵਿਵਾਦਿਤ ਬਿਆਨ ਅਤੇ ਲੋਕਾਂ ਨੂੰ ਬੋਲੇ ਸਖਤ ਬੋਲਾ ਸਾਰੇ ਸ਼ਹਿਰ ਅੰਦਰ ਪੁੱਟੀਆਂ ਸੜਕਾਂ, ਥੰਮੀਆਂ ਦੇ ਸਹਾਰੇ ਖੜਾ ਜਰਗ ਚੌਂਕ ਵਾਲਾ ਪੁਲ, ਵਿਵਾਦਾਂ 'ਚ ਘਿਰਿਆ ਮੈਡੀਕਲ ਕਾਲਜ, ਬਹੁਤ ਹੀ ਮਾੜੀ ਹਾਲਤ 'ਚ ਚੱਲ ਰਹੇ ਸਕੂਲ ਅਤੇ ਹਸਪਤਾਲ, ਘਰ 'ਚ ਰੱਖੀ ਪੰਜਾਬ ਵਕਫ ਬੋਰਡ ਦੀ ਚੇਅਰਮੈਨੀ, ਬਦਲਾਖੋਰੀ ਦੀ ਨੀਤੀ ਨਾਲ ਕੀਤੀਆਂ ਮੁਲਾਜ਼ਮਾਂ ਦੀਆਂ ਬਦਲੀਆਂ, ਹਲਕੇ ਅੰਦਰ ਬੇਕਾਬੂ ਹੋਇਆ ਨਸ਼ਿਆਂ ਦਾ ਦੈਂਤ, ਵਕਫ ਬੋਰਡ 'ਚ ਅਨੇਕਾਂ ਭ੍ਰਿਸ਼ਟਾਚਾਰ ਦੇ ਮਾਮਲੇ ਠੰਡੇ ਬਸਤੇ 'ਚ, ਸਰਕਾਰੀ ਗਰਲਜ਼ ਕਾਲਜ ਤਿੰਨ ਸਾਲਾਂ ਤੋਂ ਬਿਨਾਂ ਇਮਾਰਤ ਤੋਂ ਚੱਲਣਾ, ਹਲਕੇ ਦੇ ਲੋਕਾਂ ਅਤੇ ਸ਼ਹਿਰ ਨੂੰ ਪੀ.ਏ. ਦੇ ਸਹਾਰੇ ਛੱਡਣਾ, ਲਾਕਡਾਊਨ ਦੌਰਾਨ ਸਬਜ਼ੀ ਮੰਡੀ ਮਾਮਲਾ ਅਤੇ ਕਰੋਨਾ ਕਾਲ 'ਚ ਹਲਕੇ ਨੂੰ ਛੱਡ ਕੇ ਪੰਚਕੂਲੇ ਬੈਠੇ ਰਹਿਣਾ, ਰਜਿਸਟਰੀਆਂ ਅਤੇ ਮੁਸਲਿਮ ਭਾਈਚਾਰੇ ਨੂੰ ਮਿਲੇ ਹਿਬਾਨਾਮਾ ਤਹਿਸੀਲ ਅਤੇ ਸਮੇਂ ਸਮੇਂ ਤੇ ਡੀ ਸੀ ਵੱਲੋਂ ਬੰਦ ਅਤੇ ਇਸ ਵਿੱਚ ਸਖ਼ਤੀ ਅਤੇ ਖੁੱਲ੍ਹਣ ਤੋਂ ਬਾਅਦ ਮੋਟਾ ਭ੍ਰਿਸ਼ਟਾਚਾਰ ਬੰਦ ਨਾ ਕਰਨਾ ਜਿਹੇ ਮੁਦਿਆਂ ਕਾਰਣ ਕਾਂਗਰਸ ਪਾਾਰਟੀ ਦੇ ਹਜ਼ਾਰਾਂ ਵਰਕਰ, ਆਗੂ, ਕੌਂਸਲਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਚੁੱਕੇ ਹਨ ਜਿਸ ਨਾਲ 'ਆਪ' ਦਾ ਕਾਫਲ਼ਾ ਕਾਫੀ ਵੱਡਾ ਨਜ਼ਰ ਆ ਰਿਹਾ ਹੈ । ਇਤਿਹਾਸ ਗਵਾਹ ਹੈ ਕਿ ਪਿਛਲੇ ਇਲੈਕਸ਼ਨਾਂ ਦੌਰਾਨ ਲੋਕਾਂ ਨੂੰ ਪੋਲਿੰਗ ਵਾਲੇ ਦਿਨ ਕਈ ਤਰ੍ਹਾਂ ਦੇ ਖ਼ਤਰੇ ਅਤੇ ਐਲਾਨ ਸਮੇਂ ਸਮੇਂ ਤੇ ਚੋਣ ਲੜ ਰਹੇ ਆਗੂਆਂ ਵੱਲੋਂ ਆਪਣੇ ਵੱਲ ਝੁਕਾਅ ਪੈਦਾ ਕਰਨ ਲਈ ਫ਼ਾਇਦਾ ਹਾਸਲ ਕਰਨ ਵਿੱਚ ਕਾਮਯਾਬੀ ਦਿਲਾ ਸਕੇ ਸੀ ਇਸ ਵਾਰ ਵੀ ਅਜਿਹਾ ਕੋਈ ਹੁਕਮਨਾਮਾ ਇਨ੍ਹਾਂ ਚੋਣ ਲੜ ਰਹੇ ਆਗੂਆਂ ਵੱਲੋਂ ਲਾਗੂ ਜਾਂ ਐਲਾਨਿਆ ਜਾਵੇਗਾ ਇਹ ਤਾਂ ਅੱਜਕੱਲ੍ਹ ਪੜ੍ਹੇ ਲਿਖੇ ਵੋਟਰਾਂ ਦੇ ਸਾਹਮਣੇ ਜਦੋਂ ਪਰੋਸਿਆ ਜਾਵੇਗਾ ਸਮਾਂ ਹੀ ਦੱਸੇਗਾ ਪਹਿਲਾਂ ਨਾਲੋਂ ਜਾਗਰੂਕ ਹੋਏ ਮਾਲੇਰਕੋਟਲਾ ਦੇ ਵੋਟਰਾਂ ਬਾਕੀ ਇਸ ਬਾਰੇ ਕੀ ਫੈਸਲਾ ਲੈਂਦੇ ਹਨ ਇਹ ਤਾਂ ਭਵਿੱਖ ਦੇ ਗਰਭ ਵਿੱਚ ਹੈ ਜਾਂ ਤਾਂ ਖੁਦਾ ਬਿਹਤਰ ਜਾਣਦੇ ਹਨ ਕਿ ਇਸ ਵਾਰ ਕਿਸ ਨੂੰ ਇੱਜ਼ਤ ਮਿਲਣ ਵਾਲੀ ਹੈ । ਇਹ ਲੀਡਰ ਭਾਵੇਂ ਸਾਰੇ ਹੀ ਬਾਅਦ ਵਿੱਚ ਇਕੱਠੇ ਹੋ ਜਾਣ ਪਰ ਕਈ ਲੋਕਾਂ ਅਤੇ ਪਰਿਵਾਰਾਂ ਨੇ ਆਪਣੀਆਂ ਦੁਸ਼ਮਣੀਆਂ ਕਮਾ ਲਈਆਂ ਹਨ ਤੇ ਕਿੰਜ ਦੀਆ ਦਾਅ ਤੇ ਲੱਗੀਆਂ ਹੋਈਆਂ ਹਨ ਇਹ ਤਾਂ ਹਲਕੇ ਦੀ ਜਨਤਾ ਭਲਕੇ ਹੋਣ ਵਾਲੀ ਪੋਲਿੰਗ ਦੌਰਾਨ ਕਰੇਗੀ ਜਿਸ ਦਾ ਜਵਾਬ 10 ਮਾਰਚ ਨੂੰ ਲੋਕਾਂ ਦੇ ਸਾਹਮਣੇ ਆ ਜਾਵੇਗਾ ਕਿ ਕਿਸ ਦੇ ਸਿਰ ਜਿੱਤ ਦਾ ਤਾਜ ਸਜੇਗਾ ਜਿਸ ਦਾ ਫ਼ੈਸਲਾ ਰੱਬ ਵੱਲੋਂ ਪਹਿਲਾਂ ਹੀ ਤੈਅ ਹੈ ਪਰ ਇਸ ਸਮੇਂ ਤਾਂ ਇਹ ਮਹਿਸੂਸ ਹੋ ਰਿਹਾ ਹੈ ਕਿ ਕੁੰਡੀਆਂ ਦੇ ਸਿੰਗ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ ।