ਅਸ਼ੋਕ ਵਰਮਾ
ਨਵੀਂ ਦਿੱਲੀ ,4ਫਰਵਰੀ2021:ਟਿਕਰੀ ਬਾਰਡਰ ‘ਤੇ ਪਕੌੜਾ ਚੌਕ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ‘ਤੇ ਜੁੜੇ ਕਿਸਾਨਾਂ ਮਜਦੂਰਾਂ, ਔਰਤਾਂ ਦੇ ਇਕੱਠ ਨੂੰ ਸੰਬੋਧਨ ਦੌਰਾਨ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੌਪ ਸਟਾਰ ਰਿਹਾਨਾ ਅਤੇ ਵਾਤਾਵਰਨ ਕਾਰਕੁੰਨ ਗਰੇਟਾ ਖਿਲਾਫ ਦਿੱਲੀ ਪੁਲਿਸ ਵੱਲੋਂ ਦਰਜ ਪੁਲਿਸ ਕੇਸ ਦੀ ਨਿਖੇਧੀ ਕਰਦਿਆਂ ਇਸ ਨੂੰ ਭਾਜਪਾ ਸਰਕਾਰ ਦੀ ਬੁਖਲਾਹਟ ਭਰੀ ਕਾਰਵਾਈ ਕਰਾਰ ਦਿੱਤਾ। ਉਹਨਾਂ ਕਿਹਾ ਕਿ 26 ਜਨਵਰੀ ਦੀਆਂ ਘਟਨਾਵਾਂ ਦੀ ਆੜ ਹੇਠ ਮੋਦੀ ਹਕੂਮਤ ਵੱਲੋਂ ਕਿਸਾਨ ਸੰਘਰਸ ‘ਤੇ ਬੋਲੇ ਚੌਤਰਫੇ ਹੱਲੇ ਨੂੰ ਦੇਸ਼ ਦੇ ਕਿਸਾਨਾਂ ਨੇ ਇੱਕਜੁਟਤਾ ਨਾਲ ਪਛਾੜ ਦੇ ਕੇ ਇਸ ਸੰਘਰਸ਼ ਨੂੰ ਨਵੀਂ ਪਛਾਣ ਦੇ ਦਿੱਤੀ ਹੈ।
ਉਹਨਾਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਚੱਲ ਰਹੇ ਸ਼ਾਂਤਮਈ ਮੋਰਚੇ ਵਿੱਚ ਬੈਠੇ ਵੋਟਾਂ ਮੌਕੇ ਨੇਤਾਵਾਂ ਵੱਲੋਂ ਆਖੇ ਜਾਂਦੇ ਅੰਨਦਾਤਾ ਕਿਸਾਨ ਪ੍ਰੀਵਾਰਾਂ ਦੇ ਬੱਚਿਆਂ ਔਰਤਾਂ ਦਾ ਬਿਜਲੀ-ਪਾਣੀ ਅਤੇ ਇੰਟਰਨੈਟ ਸੇਵਾਵਾਂ ਬੰਦ ਕਰਨਾ ਸਰਕਾਰ ਦੀ ਕਿਸਾਨਾਂ ਤੇ ਕਿਰਤੀ ਲੋਕਾਂ ਨਾਲ ਦੁਸ਼ਮਣੀ ਵਾਲੇ ਰਿਸ਼ਤੇ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ਦੀਆਂ ਸੜਕਾਂ ‘ਤੇ ਕਿੱਲ ਗੱਡਣ ਅਤੇ ਕੰਧਾਂ ਉਸਾਰ ਕੇ ਕਿਸਾਨਾਂ ਨਾਲ ਵਿਦੇਸ਼ੀ ਹਕੂਮਤ ਵਾਂਗ ਵਿਹਾਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਕੁਚਲਣ ਲਈ ਕਦੇ ਅੱਤਵਾਦੀ ,ਨਕਸਲਵਾਦੀ, ਵਿਚੋਲੀਏ,ਪਾਕਿਸਤਾਨ ਜਾਂ ਚੀਨ ਦੇ ਚੱਕੇ ਹੋਏ ਅਤੇ ਖਾਲਸਤਾਨੀ ਦੇ ਠੱਪੇ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਖੇਰੂੰ ਖੇਰੂੰ ਹੋਣ ਤੋਂ ਬਾਅਦ ਭਾਜਪਾ ਸਰਕਾਰ ਹੁਣ ਨੰਗੇ ਚਿੱਟੇ ਹਮਲੇ ਤੇ ਉੱਤਰ ਆਈ ਹੈ। ਉਹਨਾਂ ਕਿਹਾ ਕਿ ਮੋਦੀ ਹਕੂਮਤ ਕਦੇ ਜਵਾਹਰ ਲਾਲ ਯੂਨੀਵਰਸਟੀ ਦੇ ਵਿਦਿਆਰਥੀ ਸੰਘਰਸ਼ ਤੇ ਆਪਣੇ ਗੁੰਡਿਆਂ ਰਾਹੀਂ ਹਮਲਾ ਕਰਵਾਉਣ, ਨਾਗਰਿਕਤਾ ਹੱਕਾਂ ਸਬੰਧੀ ਸੰਘਰਸ਼ ਦੌਰਾਨ ਸ਼ਾਹੀਨ ਬਾਗ ਦੇ ਅੰਦੋਲਨਕਾਰੀਆਂ ਤੇ ਪੁਲਸ ਅਤੇ ਆਰ ਐਸ ਐਸ ਵੱਲੋਂ ਹਮਲੇ ਕਰਵਾਉਣ ਵਰਗੇ ਕੋਝੇ ਹਥਕੰਡੇ ਹੁਣ ਕਿਸਾਨ ਸੰਘਰਸ਼ ਖਿਲਾਫ ਵਰਤ ਰਹੀ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਦਾ ਦਿੱਲੀ ਮੋਰਚਾ ਹੁਣ ਹੋਰ ਵੀ ਜੋਸ਼ ਅਤੇ ਹੋਸ਼ ਨਾਲ ਹੋਰ ਵਿਸ਼ਾਲ ਹੋ ਗਿਆ ਹੈ ਅਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਸੰਘਰਸ਼ ਜਿੱਤ ਕੇ ਹੀ ਖਤਮ ਹੋਵੇਗਾ । ਉਹਨਾਂ ਕਿਸਾਨਾਂ ਨੂੰ ਇਸ ਮੋਰਚੇ ਚ ਭਾਰਤ ਦੇ ਸਾਰੇ ਧਰਮਾਂ ਦੇ ਕਿਸਾਨ ਤੇ ਲੋਕਾਂ ਵੱਲੋਂ ਯੋਗਦਾਨ ਪਾਉਣ ਕਾਰਨ ਸੰਘਰਸ਼ ਨੂੰ ਧਾਰਮਿਕ ਰੰਗਤ ਦੇਣ ਦੇ ਯਤਨਾਂ ਤੋਂ ਹੋਰ ਸੁਚੇਤ ਰਹਿਣ ਦਾ ਸੱਦਾ ਦਿੱਤਾ।
ਅੱਜ ਗੁਰਭਗਤ ਸਿੰਘ ਭਲਾਈਆਣਾ, ਜਸਵਿੰਦਰ ਸਿੰਘ ਬਰਾਸ ਪਟਿਆਲਾ , ਰਾਮ ਸਿੰਘ ਨਿਰਮਾਣ, ਹਰਪ੍ਰੀਤ ਕੌਰ ਜੇਠੂਕੇ, ਪ੍ਰਤੀਸ਼ਠਾ ਮੰਚ ਹਰਿਆਣਾ ਤੋਂ ਮੁਕੇਸ਼ ਅਤੇ ਸੁਸ਼ੀਲ ਕੌਰ ਹਰਿਆਣਾ ਤੋਂ ਇਲਾਵਾ ਧਰਨੇ ’ਚ ਵਿਸ਼ੇਸ਼ ਤੌਰ ਤੇ ਪਹੁੰਚੀ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮਿ੍ਰਤ ਤੇ ਉੱਘੀ ਲੇਖਕਾ ਕਮਲ ਦੁਸਾਂਝ ਨੇ ਵੀ ਸੰਬੋਧਨ ਕੀਤਾ।