ਲੰਬੀ ਹਲਕਾ: ਵੱਡੇ ਬਾਦਲ ਨੇ ਹਮੇਸ਼ਾ ਪਾਵੇ ਨਾਲ ਬੰਨ੍ਹਕੇ ਰੱਖੀ ਜਿੱਤ
ਅਸ਼ੋਕ ਵਰਮਾ
ਬਠਿੰਡਾ,24 ਫਰਵਰੀ2022: ਕੀ ਮੌਜੂਦਾ ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਜਿੱਤ ਪ੍ਰਾਪਤ ਕਰਨਗੇ। ਸਿਆਸੀ ਤੇ ਸਮਾਜਿਕ ਹਲਕਿਆਂ ’ਚ ਇਹ ਵੱਡਾ ਸਵਾਲ ਬਣਿਆ ਹੋਇਆ ਹੈ। ਪਿਛਲਾ ਰਿਕਾਰਡ ਦੇਖੀਏ ਤਾਂ ਇਹ ਸੱਚ ਜਾਪਦਾ ਹੈ ਕਿ ਵੱਡੇ ਬਾਦਲ ਆਪਣਾ ਜੇਤੂ ਰੱਥ ਅੱਗੇ ਲਿਜਾਣਗੇ। ਸਿਆਸੀ ਹਲਕੇ ਵੀ ਇਹੋ ਆਖਦੇ ਹਨ ਕਿ ਬਾਦਲ ਪ੍ਰੀਵਾਰ ਹਾਰਨ ਲਈ ਚੋਣ ਨਹੀਂ ਲੜਦਾ । ਇਹੋ ਕਾਰਨ ਲੰਬੀ ਹਲਕੇ ’ਤੇ ਦੁਨੀਆਂ ਭਰ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਹਲਕਾ ਲੰਬੀ ਦੀ ਕਰੀਬ ਇੱਕ ਲੱਖ 80 ਹਜਾਰ ਵੋਟ ਹੈ ਅਤੇ 75 ਪਿੰਡ ਪੈਂਦੇ ਹਨ। ‘ਆਮ ਆਦਮੀ ਪਾਰਟੀ ’ ਦਾ ਲੰਬੀ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਵਿਚ ਹੈ। ਕਾਂਗਰਸ ਨੇ ਜਗਪਾਲ ਸਿੰਘ ਅਬੁਲਖੁਰਾਣਾ ਨੂੰ ਮੈਦਾਨ ’ਚ ਉਤਾਰਿਆ ਹੈ।
ਹਾਲਾਂਕਿ ਵੱਡੇ ਬਾਦਲ ਦੀ ਚੋਣ ਮੈਨਜਮੈਂਟ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ‘ਕੋਈ ਖਤਰਾ ਨੇੜੇ ਤੇੜੇ ਵੀ ਨਹੀਂ’ ਫਿਰ ਵੀ ਜੁਆਨੀ ਦੇ ਮੂੰਹ ਤੇ ਬਦਲਾਅ ਦੇ ਨਾਅਰੇ ਪ੍ਰੇਸ਼ਾਨ ਕਰਨ ਵਾਲੇ ਹਨ। ਹਲਕੇ ’ਚ ਲੱਗੇ ਝਾੜੂ ਦੀ ਤਸਵੀਰ ਵਾਲੇ ਵੱਡੇ ਵੱਡੇ ਝੰਡਿਆਂ ਨੇ ਮਹੌਲ ਬਦਲਿਆ ਹੈ। ਖੁਡੀਆਂ ਸਮਰਥਕਾਂ ਦੀ ਦਲੀਲ ਹੈ ਕਿ ਵੱਡੇ ਬਾਦਲ ਨੇ ਤਾਂ 2017 ’ਚ ਹੀ ਹਾਰ ਜਾਣਾ ਸੀ ਪਰ ਕੈਪਟਨ ਅਤੇ ਬਾਦਲਾਂ ਦੀ ਕਥਿਤ ਭਿਆਲੀ ਜਿਤਾ ਗਈ। ਗੁਰਮੀਤ ਸਿੰਘ ਖੁੱਡੀਆਂ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਸਮਝਾਇਆ ਹੈ ਕਿ ਐਤਕੀਂ ਤਬਦੀਲੀ ਕਾਹਤੋਂ ਲਾਜਮੀ ਹੈ। ਇਹ ਵੀ ਦੱਸਿਆ ਹੈ ਕਿ ਸਾਰਾ ਪੰਜਾਬ ਹੁਣ ਨਵੇਂ ਰਾਹਾਂ ਤੇ ਤੁਰਨ ਲੱਗਾ ਹੈ ਦੇਖਿਓ ਲੰਬੀ ਵਾਲਿਓ ਤੁਸੀਂ ਨਾਂ ਰਹਿ ਜਾਇਓ।
ਜਿਆਦਾਤਰ ਸਮਾਂ ਸੱਤਾ ਰਹੀ ਹੋਣ ਦੇ ਬਾਵਜੂਦ ਹਲਕੇ ’ਚ ਵਿਕਾਸ ਦੀ ਘਾਟ ਵੀ ਮੁੱਦਾ ਬਣੀ ਹੈ। ਇੰਨ੍ਹਾਂ ਤੱਥਾਂ ਨੇ ਲੋਕਾਂ ਨੂੰ ਟੁੰਬਿਆ ਹੈ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਪ੍ਰਚਾਰ ਨੇ ਵੀ ਹਵਾ ਦਾ ਰੁੱਖ ਬਦਲਿਆ ਹੈ। ਮਹੱਤਵਪੂਰਨ ਪਹਿਲੂ ਹੈ ਕਿ ਜਿੱਤ ਨੂੰ ਆਪਣੀ ਜੇਬ੍ਹ ’ਚ ਸਮਝਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਚੋਣ ਪਿੜ ’ਚ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਹਨ ਜਿੰਨ੍ਹਾਂ ਨੂੰ ਪਹਿਲੀ ਵਾਰ ਲੰਬੀ ਹਲਕੇ ’ਚ ਵੱਡੀ ਰੈਲੀ ਕਰਨੀ ਪਈ ਹੈ। ਵੱਡੇ ਬਾਦਲ ਦੇ ਪੋਤਰੇ ਆਨੰਤਵੀਰ ਸਿੰਘ ਬਾਦਲ ਨੂੰ ਵੀ ਆਪਣੇ ਦਾਦੇ ਦੀ ਚੋਣ ਮੁਹਿੰਮ ਚਲਾਉਣੀ ਪਈ ਹੈ ਅਤੇ ਹਰਸਿਮਰਤ ਕੌਰ ਬਾਦਲ ਨੂੰ ਵੀ ਸਹੁਰੇ ਦੇ ਹੱਕ ’ਚ ਨਿਤਰਨਾ ਪਿਆ ਹੈ।
ਇਸ ਤੋਂ ਜਾਹਰ ਹੈ ਕਿ ਬਾਦਲ ਪ੍ਰੀਵਾਰ ਐਤਕੀਂ ਹਾਰ ਦਾ ਖਤਰਾ ਮਹਿਸੂਸ ਕਰ ਰਿਹਾ ਹੈ। ਉਂਜ ਡੇਰਾ ਸਿਰਸਾ ਦੀ ਵੋਟ ਵੱਡੇ ਬਾਦਲ ਨੂੰ ਪੈਣ ਦੇ ਚਰਚੇ ਹਨ ਇਹ ਰਾਹਤ ਵਾਲੀ ਗੱਲ ਮੰਨੀ ਜਾ ਰਹੀ ਹੈ। ਦੂਜੇ ਪਾਸੇ ਵੱਡੇ ਬਾਦਲ ਦੀ ਨਾਸਾਜ਼ ਸਿਹਤ ਮਾੜਾ ਪੱਖ ਦੱਸੀ ਜਾ ਰਹੀ ਹੈ ਅਤੇ ਦਿਆਲ ਸਿੰਘ ਕੋਲਿਆਂ ਵਾਲੀ ਦੀ ਮੌਤ ਵੀ ਅਕਾਲੀ ਦਲ ਲਈ ਘਾਟੇ ਦਾ ਕਾਰਨ ਬਣੀ ਹੈ। ਮਾਝੇ ਅਤੇ ਮਾਲਵੇ ਦੀ ਵਸੋਂ ‘ਤੇ ਆਧਾਰਤ ਲੰਬੀ ਹਲਕੇ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਾਲ 1997 ਤੋਂ ਸਿਆਸੀ ਕਬਜ਼ਾ ਲਗਾਤਾਰ ਚੱਲਿਆ ਆ ਰਿਹਾ ਹੈ। ਸਾਲ 2002 ’ਚ ਚਚੇਰੇ ਭਰਾ ਮਹੇਸ਼ਇੰਦਰ ਸਿੰਘ ਬਾਦਲ ਨੇ ਵੱਡੇ ਬਾਦਲ ਨੂੰ ਆਜ਼ਾਦ ਉਮੀਦਵਾਰ ਵਜੋਂ ਅਤੇ 2007 ਅਤੇ 2012 ’ਚ ਕਾਂਗਰਸ ਵੱਲੋਂ ਜਬਰਦਸਤ ਟੱਕਰ ਦਿੱਤੀ ਸੀ।
ਸਾਲ 2012 ਵਿੱਚ ਲੰਬੀ ਹਲਕੇ ‘ਚ ਤਿੰਨ ਬਾਦਲਾਂ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ (ਆਜ਼ਾਦ) ਅਤੇ ਮਹੇਸ਼ਇੰਦਰ ਸਿੰਘ ਬਾਦਲ (ਕਾਂਗਰਸ) ਵਿਚਕਾਰ ਗਹਿਗੱਚ ਤੇ ਰੌਚਕ ਮੁਕਾਬਲਾ ਹੋਇਆ ਸੀ। ਫਸਵੇਂ ਮੁਕਾਬਲੇ ਦੌਰਾਨ ਵੀ ਅੰਤ ’ਤੇ ਵੱਡੇ ਬਾਦਲ ਇੱਕ ਵਾਰ ਨੂੰ ਛੱਡਕੇ ਹਰ ਵਾਰੀ ਵਧਵੇਂ ਫ਼ਰਕ ਨਾਲ ਜਿੱਤਦੇ ਆਏ ਹਨ। ਅਕਾਲੀ ਭਾਜਪਾ ਗੱਠਜੋੜ ਵੱਲੋਂ ਲਗਾਤਾਰ ਦਸ ਸਾਲ ਰਾਜ ਕਰਨ ਉਪਰੰਤ ਬਣੀ ਸੱਤਾ ਵਿਰੋਧੀ ਲਹਿਰ ਦੇ ਬਾਵਜੂਦ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੱਡੇ ਬਾਦਲ ਨੇ ਤਿਕੋਣੇ ਮੁਕਾਬਲੇ ’ਚ 22 ਹਜ਼ਾਰ 770 ਵੋਟਾਂ ਨਾਲ ਆਪਣਾ ਲੰਬੀ ਹਲਕੇ ਤੇ ਕਬਜਾ ਬਰਕਰਾਰ ਰੱਖਿਆ ਸੀ। ਇਸ ਮੌਕੇ ਵੱਡੇ ਬਾਦਲ ਨੇ ਇੰਨ੍ਹਾਂ ਵਿਧਾਨ ਸਭ ਚੋਣਾਂ ਨੂੰ ਆਪਣੀ ਆਖਰੀ ਚੋਣ ਦੱਸਿਆ ਸੀ ।
ਇਸ ਦੇ ਉਲਟ ਉਹ ਸਾਲ 2022 ਦੀਆਂ ਚੋਣਾਂ ’ਚ ਕੁੱਦ ਪਏ ਜਿਸ ਨੂੰ ਆਮ ਆਦਮੀ ਪਾਰਟੀ ਨੇ ਪ੍ਰਚਾਰ ਦੌਰਾਨ ਵੱਡਾ ਮੁੱਦਾ ਬਣਾਇਆ ਸੀ। ਦੂਜੇ ਪਾਸੇ ਕਾਂਗਰਸ ਨੇ ਵੀ ਚੰਨੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਵੱਖ ਵੱਖ ਮੁੱਦਿਆਂ ਦੇ ਸਿਰ ਤੇ ਚੋਣ ਲੜੀ ਅਤੇ ਜਿੱਤਣ ਦਾ ਦਾਅਵਾ ਵੀ ਕੀਤਾ ਹੈ। ਲੰਬੀ ਹਲਕੇ ਦਾ ਇਤਿਹਾਸ ਦੇਖੀਏ ਤਾਂ 1962 ਤੋਂ ਹੁਣ ਤੱਕ ਹੋਈਆਂ 12 ਵਿਧਾਨ ਸਭਾ ਚੋਣਾਂ ’ਚੋਂ 8 ਵਾਰ ਅਕਾਲੀ ਦਲ ਜਿੱਤਿਆ ਹੈ ਅਤੇ ਤਿੰਨ ਵਾਰ ਕਾਂਗਰਸ ਜਿੱਤੀ ਹੈ। ਇਸ ਹਲਕੇ ਤੋਂ 1969 ਵਿਚ ਕਮਿਊਨਿਸਟ ਉਮੀਦਵਾਰ ਜਿੱਤੇ ਸਨ।
ਲੰਬੀ ਹਲਕੇ ’ਚ ਹੁਣ ਤੱਕ ਦੀ ਪੜਚੋਲ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਮੌਜੂਦਾ ਚੋਣਾਂ ਦੌਰਾਨ ਸਿਆਸੀ ਮਹੌਲ ਬਦਲਿਆ ਹੈ ਅਤੇ ਬਾਦਲ ਪ੍ਰੀਵਾਰ ਲਈ ਹਾਲਾਤ ਵੀ ਪਹਿਲਾਂ ਨਾਲੋਂ ਕਾਫੀ ਵੱਖਰੇ ਹਨ। ਅਕਾਲੀ ਆਗੂ ਕੁੱਝ ਵੀ ਕਹਿਣ ਪਰ ਸੂਤਰ ਦੱਸਦੇ ਹਨ ਕਿ ਅੰਦਰੋ ਅੰਦਰੀ ਝਾੜੂ ਫਿਰਨ ਦਾ ਧੁੜਕੂ ਲੱਗਿਆ ਹੋਇਆ ਹੈ। ਲੰਬੀ ਹਲਕੇ ਦੇ ਸੀਨੀਅਰ ਅਕਾਲੀ ਆਗੂ ਰਣਜੋਧ ਸਿੰਘ ਆਖਦੇ ਹਨ ਕਿ 10 ਮਾਰਚ ਆਉਣ ਦਿਓ ਜਿੱਤ ‘ਬਾਦਲ ਸਾਹਿਬ ’ ਦੀ ਹੋਣੀ ਤੈਅ ਹੈ।