ਵੋਟਾਂ ਦੀ ਗਿਣਤੀ ਵਾਲੇ ਦਿਨ 10 ਮਾਰਚ ਨੂੰ ਡਰਾਈ ਡੇਅ ਘੋਸ਼ਿਤ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 9 ਮਾਰਚ, 2022: ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਸੰਗਰੂਰ ਦੀ ਹਦੂਦ ਅੰਦਰ ਵੋਟਾਂ ਦੀ ਗਿਣਤੀ ਵਾਲੇ ਦਿਨ ਮਿਤੀ 10 ਮਾਰਚ, 2022 ਨੂੰ ਡਰਾਈ ਡੇਅ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਵਿਅਕਤੀਆਂ ਦੁਆਰਾ ਸ਼ਰਾਬ ਸਟੋਰ ਕਰਨ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਹੈ। ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜ਼ਤ ਹੈ, 'ਤੇ ਵੀ ਪੂਰਨ ਤੌਰ 'ਤੇ ਲਾਗੂ ਹੋਣਗੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸਾਂ ਤਹਿਤ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਮਿਤੀ 10 ਮਾਰਚ, 2022 ਨੂੰ ਕੀਤੀ ਜਾਵੇਗੀ। ਇਸ ਚੋਣ ਪ੍ਰਕਿਰਿਆ ਦੌਰਾਨ ਅਮਨ ’ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਗਿਣਤੀ ਵਾਲੇ ਦਿਨ ਭਾਵ ਮਿਤੀ 10 ਮਾਰਚ, 2022 ਨੂੰ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ।