ਜੀ ਐਸ ਪੰਨੂ
ਬਲਬੇੜਾ/ਪਟਿਆਲਾ 07 ਫਰਵਰੀ, 2022: ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁਲਵਾਉਣ, ਨੁਕਸਾਨੇ ਗਏ ਨਰਮੇ ਦਾ ਮੁਆਵਜਾ ਜਾਰੀ ਕਰਵਾਉਣ, ਗੰਨੇ ਦੀ ਫਸਲ ਦੇ ਬਕਾਏ ਸੰਬੰਧੀ ਕੀਤੇ ਐਲਾਨ ਨੂੰ ਲਾਗੂ ਕਰਵਾਉਣ, ਬਾਰਿਸ਼ ਕਾਰਨ ਆਲੂ ਦੀ ਨੁਕਸਾਨੀ ਗਈ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜਾ ਜਾਰੀ ਕਰਵਾਉਣ, ਇਲਾਕੇ ਵਿੱਚ ਯੂਰੀਆ ਖਾਦ ਦੀ ਕਾਲਾ ਬਾਜ਼ਾਰੀ ਨੂੰ ਬੰਦ ਕਰਵਾ ਕੇ ਸਮੂਹ ਕਿਸਾਨਾਂ ਨੂੰ ਲੋੜੀਂਦੀ ਖਾਦ ਮੁਹੱਈਆ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸਾਂਝੇ ਸੱਦੇ ਤਹਿਤ ਪਿੰਡ ਪੰਜੋਲਾ ਵਿਖੇ ਪਟਿਆਲਾ-ਚੀਕਾ ਸੜਕ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਮੁਕੰਮਲ ਚੱਕਾ ਜਾਮ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂ ਮੁਖਤਿਆਰ ਸਿੰਘ ਕੱਕੇਪੁਰ, ਬਲਜੀਤ ਸਿੰਘ ਪੰਜੋਲਾ, ਸੁਖਵਿੰਦਰ ਸਿੰਘ ਭਾਨਰਾ, ਹਰਦਿਆਲ ਸਿੰਘ, ਦਰਸ਼ਨ ਸਿੰਘ ਮਰਦਾਂਹੇੜੀ, ਕਿਰਤੀ ਕਿਸਾਨ ਯੂਨੀਅਨ ਦੇ ਦਵਿੰਦਰ ਸਿੰਘ ਪੂਨੀਆ ਅਤੇ ਸੁਰਿੰਦਰ ਸਿੰਘ ਖ਼ਾਲਸਾ ਨੇ ਆਖਿਆ ਕਿ ਭਾਵੇਂ ਸੰਘਰਸ਼ ਦੇ ਦਬਾਅ ਅਧੀਨ ਸਰਕਾਰ ਨੇ ਚੱਕਾ ਜਾਮ ਤੋਂ ਇੱਕ ਦਿਨ ਪਹਿਲਾਂ ਹੀ ਪ੍ਰਾਇਮਰੀ ਸਕੂਲਾਂ ਤੋਂ ਇਲਾਵਾ ਬਾਕੀ ਸਾਰੀਆਂ ਵਿੱਦਿਅਕ ਸੰਸਥਾਵਾਂ ਖੋਲਣ ਦਾ ਐਲਾਨ ਕਰ ਦਿੱਤਾ ਸੀ, ਪਰ ਪ੍ਰਾਇਮਰੀ ਅਤੇ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਵੀ ਸਕੂਲ ਖੁਲਾਵਾਉਣ ਅਤੇ ਬਾਕੀ ਮੰਗਾਂ ਦਾ ਕੋਈ ਹੱਲ ਨਾ ਕੀਤੇ ਜਾਣ ਦੇ ਰੋਸ ਵਿੱਚ ਚੱਕਾ ਜਾਮ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਕਿਸਾਨ ਆਗੂਆਂ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕੀਤੇ ਐਲਾਨ ਲਾਗੂ ਕਰਵਾਉਣ ਅਤੇ ਖਰਾਬ ਮੌਸਮ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੀ ਗਿਰਦਾਵਰੀ ਦਾ ਕੰਮ ਫੌਰੀ ਤੌਰ ਤੇ ਮੁਕੰਮਲ ਕਰਵਾਇਆ ਜਾਵੇ। ਮੰਗਾਂ ਦਾ ਵਾਜਿਬ ਹੱਲ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਤੇ ਬਲਾਕ ਆਗੂ ਜਗਜੀਤ ਸਿੰਘ ਜਟਾਣਾ, ਮੁਲਾਜ਼ਮ ਆਗੂ ਦਰਸ਼ਨ ਸਿੰਘ ਬੇਲੂਮਾਜਰਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਰੋਸ ਮੁਜ਼ਾਹਰੇ ਦੌਰਾਨ ਕਿਸਾਨ ਆਗੂ ਬਲਜਿੰਦਰ ਸਿੰਘ ਅਲੀਪੁਰ, ਮਨਜਿੰਦਰ ਸਿੰਘ ਪੰਜੋਲਾ, ਪਰਮਜੀਤ ਸਿੰਘ, ਜਸਕਰਨ ਸਿੰਘ, ਅਧਿਆਪਕ ਆਗੂ ਅਮਨਦੀਪ ਸਿੰਘ ਦੇਵੀਗਡ਼੍ਹ ਤੇ ਭੁਪਿੰਦਰ ਸਿੰਘ ਮਰਦਾਂਹੇਡ਼ੀ, ਕਿਸਾਨ ਆਗੂ ਬਲਵੀਰ ਸਿੰਘ ਮਵੀ ਸੱਪਾਂ, ਕੁੁਲਵੀਰ ਪੰਜੋਲਾ, ਪਵਨ ਕੁਮਾਰ ਪੰਜੋਲਾ, ਸਤਨਾਮ ਸਿੰਘ, ਜਗਪਾਲ ਸਿੰਘ, ਉਨੱਤਰ ਸਿੰਘ, ਕੇਸਰ ਸਿੰਘ ਚੂਡ਼ਪੁਰ ਅਤੇ ਮਹਿੰਦਰ ਸਿੰਘ ਮਰਦਾਂਹੇਡ਼ੀ ਆਦਿ ਵੀ ਮੌਜੂਦ ਰਹੇ।