ਸੀਐੱਮ ਚੰਨੀ ਰਾਹੀਂ ਦੇਸ਼ ਦੇ ਦਲਿਤਾਂ ਨੂੰ ਦਬਾਉਣ ਤੇ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਤੇ ਪੀਐਮ ਮੋਦੀ: ਵੇਰਕਾ
- ਕੇਜਰੀਵਾਲ ਆਮ ਨਹੀਂ, ਬੇਈਮਾਨ ਆਦਮੀ: ਅਲਕਾ ਲਾਂਬਾ
ਚੰਡੀਗੜ੍ਹ, 20 ਜਨਵਰੀ 2022 - ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਨੇ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਸੂਬੇ ਸਣੇ ਦੇਸ਼ ਭਰ ਦੇ ਦਲਿਤਾਂ ਨੂੰ ਦਬਾਉਣ ਦੀ ਸੋਚ ਤਹਿਤ ਭਾਰਤ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਗਲਤ ਪ੍ਰਚਾਰ ਕਰਨ ਅਤੇ ਉਹਨਾਂ ਨੂੰ ਹਟਾਉਣ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਈਡੀ ਦੀ ਕਾਰਵਾਈ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਵੇਰਕਾ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਮੁੱਖ ਦਫਤਰ ਚ ਪਾਰਟੀ ਦੇ ਸੀਨੀਅਰ ਆਗੂ ਅਲਕਾ ਲਾਂਬਾ ਦੀ ਮੌਜੂਦਗੀ ਹੇਠ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਵੇਰਕਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਦਲਿਤ ਵਿਰੋਧੀ ਰਹੀ ਹੈ ਅਤੇ ਮੋਦੀ ਸਰਕਾਰ ਪੰਜਾਬ ਨੂੰ ਦਬਾਉਣ ਤੇ ਡਰਾਉਣ ਲਈ ਅਜਿਹੇ ਕਾਨੂੰਨੀ ਹਥਕੰਡੇ ਅਪਣਾ ਰਹੀ ਹੈ। ਇਸ ਤੋਂ ਉਨ੍ਹਾਂ ਦੁੱਖ ਮਹਿਸੂਸ ਹੁੰਦਾ ਹੈ ਕਿ ਦਲਿਤਾਂ ਅਤੇ ਪਿਛੜਿਆਂ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਇੰਨੇ ਹੇਠਲੇ ਪੱਧਰ ਤੱਕ ਡਿੱਗ ਸਕਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਦੇਸ਼ ਦੇ ਪਹਿਲੇ ਦਲਿਤ ਤੇ ਨੌਜਵਾਨ ਮੁੱਖ ਮੰਤਰੀ ਚੰਨੀ ਖ਼ਿਲਾਫ਼ ਭਾਜਪਾ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਸਾਜ਼ਿਸ਼ ਰਚ ਰਹੇ ਹਨ। ਵੇਰਕਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਜਪਾ ਕਿਸੇ ਵੀ ਤਰੀਕੇ ਨਾਲ ਸੀ.ਐਮ ਦੀ ਕੁਰਸੀ ਤੇ ਬਹਿਣਾ ਅਤੇ ਪੰਜਾਬ ਦੀ ਸਿਆਸਤ ਨੂੰ ਕਬਜ਼ਾ ਹੋਣਾ ਚਾਹੁੰਦੀ ਹੈ। ਇਹ ਪੰਜਾਬ, ਪੰਜਾਬੀਅਤ ਅਤੇ ਸੂਬੇ ਦੇ ਤਿੰਨ ਕਰੋਡ਼ ਨਾਗਰਿਕਾਂ ਤੇ ਹਮਲਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੌਰਾਨ ਲੱਗੀਆਂ 70 ਹਜ਼ਾਰ ਕੁਰਸੀਆਂ ਮੁਕਾਬਲੇ 700 ਲੋਕ ਵੀ ਨਹੀਂ ਪਹੁੰਚੇ ਸਨ। ਜਿਸ ਤੋਂ ਘਬਰਾਏ ਭਾਜਪਾ ਅਤੇ ਉਨ੍ਹਾਂ ਦੇ ਸਹਿਯੋਗੀ ਸਾਡੇ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੇ ਹਨ ਤੇ ਦਲਿਤਾਂ ਨੂੰ ਧਮਕਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਦਲਿਤ ਘਬਰਾਉਣ ਤੋਂ ਡਰਨ ਵਾਲੇ ਨਹੀਂ ਹਨ। ਅਸੀਂ ਬੰਧੂਆ ਮਜ਼ਦੂਰ ਨਹੀਂ ਹਾਂ, ਸਗੋਂ ਰਾਹੁਲ ਗਾਂਧੀ ਦੇ ਸੈਨਿਕ ਹਾਂ।
ਇਸ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਗਾਜ਼ੀਆਬਾਦ ਚ ਭਾਜਪਾ ਦੀ ਗੱਡੀ ਤੋਂ ਤਿੰਨ ਕਰੋੜ ਰੁਪਏ ਫੜੇ ਗਏ, ਜਿਹੜੇ ਲਖਨਊ ਤੇ ਦਫ਼ਤਰ ਜਾਣੇ ਸਨ। ਇਸ 177 ਕਰੋੜ ਰੁਪਏ ਦੀ ਬਰਾਮਦਗੀ ਚ ਕੋਈ ਕੇਸ ਨਹੀਂ ਦਰਜ ਹੋਇਆ। ਭਾਜਪਾ ਦੇ ਆਗੂਆਂ ਤੇ ਈਡੀ ਰੇਡ ਹੁੰਦੀ ਹੈ, ਪਰ ਕੋਈ ਕਾਰਵਾਈ ਨਹੀਂ ਹੁੰਦੀ, ਲੇਕਿਨ ਪੰਜਾਬ ਚ ਚਰਨਜੀਤ ਸਿੰਘ ਚੰਨੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਉਨ੍ਹਾਂ ਦਾ ਅਪਮਾਨ ਤੇ ਬੇਇੱਜ਼ਤ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਪਾਰਟੀ ਦੇ ਸੀਨੀਅਰ ਆਗੂ ਅਲਕਾ ਲਾਂਬਾ ਨੇ ਸੀਐਮ ਚੰਨੀ ਤੇ ਝੂਠੇ ਦੋਸ਼ ਲਗਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੱਚਾਈ ਮੀਡੀਆ ਸਾਹਮਣੇ ਰੱਖੀ। ਉਨ੍ਹਾਂ ਖੁਲਾਸਾ ਕੀਤਾ ਕਿ ਕੇਜਰੀਵਾਲ ਦਾ ਭਤੀਜਾ ਪੀਡਬਲਿਊਡੀ ਸਕੈਮ ਚ ਅਰੈਸਟ ਹੋਇਆ ਤੇ ਉਨ੍ਹਾਂ ਦੇ ਭਤੀਜੇ ਤੇ ਈਡੀ ਦੀ ਰੇਡ ਹੋਈ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸੀਬੀਆਈ ਦੀ ਰੇਡ ਹੋਈ। ਡਿਪਟੀ ਮੁੱਖ ਮੰਤਰੀ ਨਾਲ ਜੁੜੇ ਇਕ ਅਫਸਰ ਸੀਬੀਆਈ ਰੇਡ ਦੌਰਾਨ ਗ੍ਰਿਫ਼ਤਾਰ ਹੋਏ ।ਟਰਾਂਸਪੋਰਟ ਮੰਤਰੀ ਨਾਲ ਜੁੜੀਆਂ 16 ਥਾਵਾਂ ਤੇ ਇਨਕਮ ਟੈਕਸ ਰੇਡ ਹੋਈ। ਵਿਧਾਇਕ ਕਰਤਾਰ ਸਿੰਘ ਤੰਵਰ ਤੋਂ ਇਨਕਮ ਟੈਕਸ ਨੇ 130 ਕਰੋੜ ਰੁਪਏ ਬਰਾਮਦ ਕੀਤੇ। ਉਨ੍ਹਾਂ ਦੇ ਉੱਤਮ ਨਗਰ ਤੋਂ ਵਿਧਾਇਕ ਨਰੇਸ਼ ਬਾਲਿਯਾਨ ਨਾਕ ਜੁੜੀ ਫੋਟੋ ਦਿਖਾ ਕੇ ਦੋਸ਼ ਲਾਇਆ ਕਿ ਕੇਜਰੀਵਾਲ ਆਮ ਨਹੀਂ, ਬੇਈਮਾਨ ਆਦਮੀ ਹਨ।
ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਿਆ ਤੇ ਦੋਸ਼ ਲਾਇਆ ਕਿ ਅਮਰਿੰਦਰ ਸੀ.ਐਮ ਦੀ ਕੁਰਸੀ ਜਾਣ ਦਾ ਗਮ ਭੁਲ ਨਹੀਂ ਪਾਏ ਹਨ।