ਅਸ਼ੋਕ ਵਰਮਾ
ਬਠਿੰਡਾ, 7 ਫਰਵਰੀ 2021: ਕ੍ਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਸਿੰਘ ਨੇ ਆਖਿਆ ਹੈ ਕਿ ਮਜਦੂਰ ਆਗੂ ਨੌਦੀਪ ਕੌਰ ਨੂੰ ਹਰਿਆਣਾ ਪੁਲਿਸ ਨੇ ਝੂਠੇ ਕੇਸਾਂ ਤਹਿਤ ਗਿ੍ਰਫਤਾਰ ਅਤੇ ਹਿਰਾਸਤ ਵਿੱਚ ਰੱਖਣ ਉਪਰੰਤ ਜਿਨਸੀ ਤੱਸ਼ਦਦ ਕਰਕੇ ਲੋਕਤੰਤਰ ਦਾ ਕਤਲ ਕਰਾਰ ਦਿੰਦਿਆਂ ਗੈਰਕਾਨੂੰਨੀ ਕਾਰਵਾਈ ’ਚ ਸ਼ਾਮਲ ਪੁਲਿਸ ਮੁਲਾਜਮਾਂ ਨੂੰ ਸਖਤ ਸਜਾਵਾਂ ਦੇਣ ਅਤੇ ਪੀੜਤ ਲੜਕੀ ਨੂੰ ਫੌਰੀ ਤੌਰ ਤੇ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇੱਕ ਪ੍ਰੈਸ ਬਿਆਨ ਰਾਹੀਂ ਖਾਕੀ ਵਰਦੀ ਵਿਚ ਲਪੇਟੀ ਹਰਿਆਣਾ ਪੁਲਿਸ ਨੂੰ ਦੇਸ਼ ਦਾ ਸਭ ਤੋ ਵੱਡਾ ਗੁੰਡਾ ਗਿਰੋਹ ਦੱਸਦਿਆਂ ਮਜਦੂਰ ਆਗੂ ਨੇ ਆਖਿਆ ਕਿ ਹਰਿਆਣੇ ’ਚ ਪੁਲਿਸ ਵੱਲੋਂ ਕੀਤੀ ਇਹ ਗੈਰਕਾਨੂੰਨੀ ਕਾਰਵਾਈ ਨਾਗਰਿਕਾਂ ਦੇ ਆਪਣੇ ਹੱਕਾਂ ਅਤੇ ਹਿੱਤਾਂ ਲਈ ਜੱਥੇਬੰਦ ਹੋਣ ਅਤੇ ਪੁਰਅਮਨ ਤਰੀਕੇ ਨਾਲ ਸੰਘਰਸ਼ ਕਰਨ ਦੇ ਜਮਹੂਰੀ ਹੱਕ ਤੇ ਹਮਲਾ ਹੈ ।
ਕ੍ਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਅਤੇ ਹਰਿਆਣਾ ਵੱਲੋਂ ਪੁਲਿਸ ਦੀ ਇਸ ਜਾਬਰਾਨਾ ਕਾਰਵਾਈ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਖਿਆਲੀ ਵਾਲਾ ਨੇ ਸਮੂਹ ਇਨਸਾਫਪਸੰਦ ਤਾਕਤਾਂ ਨੂੰ ਹਰਿਆਣਾ ਪੁਲਿਸ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਉਹਨਾਂ ਆਖਿਆ ਕਿ ਨੌਦੀਪ ਕੌਰ ਮਜਦੂਰਾਂ ਦੇ ਹੱਕਾਂ ਲਈ ਜੂਝਣ ਵਾਲੀ ਜੁਝਾਰੂ ਲੜਕੀ ਹੈ ,ਜਿਸ ਨੇ ਦਿੱਲੀ ਦੀਆਂ ਹੱਦਾਂ ਤੇ ਚੱਲ ਰਹੇ ਇਤਿਹਾਸਕ ਕਿਸਾਨ ਮਜਦੂਰ ਸੰਘਰਸ਼ ਦੀ ਹਮਾਇਤ ਚ ਵੱਡੀ ਗਿਣਤੀ ਚ ਮਜਦੂਰਾਂ ਨੂੰ ਲਾਮਬੰਦ ਕਰਕੇ ਲੋਕ ਹਿੱਤਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਡੂੰਘੀ ਵਚਨਬੱਧਤਾ ਦਿਖਾਈ ਹੈ। ਉਹਨਾਂ ਆਖਿਆ ਕਿ ਉਸ ਵਿਰੁੱਧ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਲਾ ਕੇ ਅਤੇ ਜਿਨਸੀ ਹਮਲੇ ਰਾਹੀਂ ਉਸ ’ਤੇ ਤਸ਼ੱਦਦ ਨੂੰ ਹਥਿਆਰ ਬਣਾਕੇ ਹਰਿਆਣਾ ਸਰਕਾਰ ਕਿਰਤੀ ਲੋਕਾਂ ਦੇ ਜੱਥੇਬੰਦ ਸੰਘਰਸ਼ ਨੂੰ ਦਹਿਸ਼ਤਜਦਾ ਕਰਨਾ ਚਾਹੁੰਦੀ ਹੈ ।
ਉਹਨਾਂ ਆਖਿਆ ਕਿ ਇਹ ਪਿਛਲੇ ਮਹੀਨਿਆਂ ਦੌਰਾਨ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜਦੂਰ ਵਿਰੋਧੀ ਸੋਧਾਂ ਰਾਹੀਂ ਕੀਤੇ ਹਮਲੇ ਦਾ ਹਿੱਸਾ ਹੈ ਜਿਹਨਾਂ ਨਾਲ ਲੰਮੇ ਸੰਘਰਸ਼ਾਂ ਰਾਹੀ ਹਾਸਲ ਕੀਤੇ ਮਜਦੂਰ ਹੱਕਾਂ ਨੂੰ ਮਾਰੂ ਸੱਟ ਮਾਰੀ ਗਈ ਹੈ। ਉਹਨਾਂ ਆਖਿਆ ਕਿ ਮੌਜੂਦਾ ਇਤਿਹਾਸਕ ਸੰਘਰਸ਼ ਦੌਰਾਨ ਇੱਕ ਔਰਤ ਆਗੂ ਦੀ ਪੂਰੀ ਤਰਾਂ ਝੂਠੇ ਕੇਸਾਂ ਤਹਿਤ ਗਿ੍ਰਫਤਾਰੀ ਦਰਸਾੳਂੁਦੀ ਹੈ ਕਿ ਪੁਰਅਮਨ ਸੰਘਰਸ਼ ਤੋ ਬੌਖਲਾਈ ਸੱਤਾ ਜਮਹੂਰੀ ਹੱਕ ਦਬਾਉਣ ਲਈ ਕਿੰਨੀ ਹਿੰਸਕ ਹੋ ਚੁੱਕੀ ਹੈ। ਉਹਨਾਂ ਆਖਿਆ ਕਿ ਕਾਨੂੰਨ ਦਾ ਰਾਜ ਲਾਗੂ ਕਰਨ ਲਈ ਬਣਾਈ ਪੁਲਿਸ ਦਾ ਐਨਾ ਘਿਨਾਉਣਾ ਰਾਜਨੀਤੀਕਰਨ ਕਰ ਦਿੱਤਾ ਗਿਆ ਹੈ ਕਿ ਸੱਤਾ ਦੇ ਹੱਥਠੋਕੇ ਬਣਕੇ ਪੁਲਿਸ ਅਧਿਕਾਰੀ ਮੁਢਲੇ ਨਾਗਰਿਕ ਹੱਕਾਂ ਨੂੰ ਕੁਚਲਣ ਦਾ ਸੰਦ ਅਤੇ ਨਾਗਰਿਕਾਂ ਦੀ ਸੁੱਰਖਿਆ ਲਈ ਖਤਰਾ ਬਣੇ ਹੋਏ ਹਨ ।
ਉਹਨਾਂ ਆਖਿਆ ਕਿ ਹਰਿਆਣਾ ’ਚ ਇੱਕ ਲੜਕੀ ਨਾਲ ਐਨਾ ਘਿਨਾਉਣਾ ਵਰਤਾਰਾ ਵਰਤਿਆ ਹੈ ਪਰ ਮਨੁੱਖੀ ਅਧਿਕਾਰ ਕਮਿਸ਼ਨ ,ਮਹਿਲਾ ਕਮਿਸ਼ਨ ਤੇ ਦਲਿਤ ਕਮਿਸ਼ਨ ਤਮਾਸ਼ਬੀਨ ਬਣਕੇ ਪਲਿਸ ਦੀਆਂ ਇਹਨਾਂ ਮਨਮਾਨੀਆਂ ਪ੍ਰਤੀ ਅੱਖਾਂ ਮੀਟੀ ਬੈਠੇ ਹਨ । ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਨੇ ਸਮੂਹ ਇਨਸਾਫਪਸੰਦ ਜਮਹੂਰੀ ਤਾਕਤਾਂ ਨੂੰ ਮਜਦੂਰ ਹੱਕ ਜਤਾਈ ’ਤੇ ਇਸ ਹਮਲੇ ਦਾ ਇੱਕਜੁਟ ਹੋਕੇ ਵਿਰੋਧ ਕਰਨ ਦਾ ਸੱਦਾ ਦਿੰਦਿਆਂ ਜਾਨ ਹੂਲਵੇਂ ਸੰਘਰਸ਼ਾਂ ਰਾਹੀ ਹਾਸਲ ਕੀਤੇ ਹੱਕਾਂ ’ਤੇ ਸੱਤਾ ਦੇ ਖੂਨੀ ਹਮਲੇ ਨੂੰ ਰੋਕਿਆ ਜਾ ਸਕੇ। ਉਹਨਾਂ ਮੰਗ ਕੀਤੀ ਕਿ ਮਜਦੂਰ ਆਗੂ ਨੌਦੀਪ ਕੌਰ ਨੂੰ ਤੁਰੰਤ ਰਿਹਾ ,ਉਸ ਖਿਲਾਫ ਦਰਜ ਸਾਰੇ ਝੂਠੇ ਪੁਲਿਸ ਕੇਸ ਰੱਦ ਅਤੇ ਲਾਕਾਨੂੰਨੀਆਂ ਕਰਨ ਵਾਲੇ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਉਹਨਾਂ ਵਿਰੁੱਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ।