ਕਾਲ਼ੇ ਖੇਤੀ ਕਾਨੂੰਨ ਰੱਦ ਹੋਣ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਐੱਮਐੱਸਪੀ ਤੇ ਹੋਰ ਅਹਿਮ ਮੰਗਾਂ ਲਈ ਘੋਲ਼ ਜਾਰੀ
ਦਲਜੀਤ ਕੌਰ ਭਵਾਨੀਗੜ੍ਹ
- 4 ਦਸੰਬਰ ਨੂੰ ਹੋਵੇਗਾ ਅਗਲੇ ਐਕਸ਼ਨ ਦਾ ਐਲਾਨ: ਭਾਕਿਯੂ (ਉਗਰਾਹਾਂ)
ਨਵੀਂ ਦਿੱਲੀ, 30 ਨਵੰਬਰ, 2021: ਅੱਜ ਇੱਥੇ ਟਿਕਰੀ ਬਾਰਡਰ ਪਕੌੜਾ ਚੌਕ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਔਰਤਾਂ ਵੱਲੋਂ ਚਲਾਈ ਗਈ ਸਟੇਜ ਮੌਕੇ ਪੰਡਾਲ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਔਰਤਾਂ, ਕਿਸਾਨ, ਮਜ਼ਦੂਰ ਤੇ ਨੌਜਵਾਨ ਸ਼ਾਮਲ ਹੋਏ।
ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀ ਪਟਿਆਲਾ ਜ਼ਿਲ੍ਹਾ ਆਗੂ ਗੁਰਪ੍ਰੀਤ ਕੌਰ ਬਰਾਸ ਨੇ ਸਾਲ ਤੋਂ ਵੀ ਵੱਧ ਸਮੇਂ ਤੋਂ ਮੁਲਕ ਪੱਧਰੇ ਕਿਸਾਨ ਮੋਰਚੇ ਵਿੱਚ ਪੂਰੇ ਸਿਦਕ ਸਿਰੜ ਨਾਲ ਡਟੇ ਹੋਏ ਜੁਝਾਰੂ ਲੋਕਾਂ ਵੱਲੋਂ ਮੋਦੀ ਭਾਜਪਾ ਹਕੂਮਤ ਦੀ ਅੜੀ ਭੰਨ ਕੇ ਤਿੰਨੇ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਦਾ ਮਤਾ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚੋਂ ਪਾਸ ਕਰਵਾਉਣ ਨੂੰ ਜਥੇਬੰਦ ਲੋਕ ਤਾਕਤ ਦੀ ਸ਼ਾਨਦਾਰ ਜਿੱਤ ਕਰਾਰ ਦਿੱਤਾ ਅਤੇ ਸਭਨਾਂ ਸੰਘਰਸ਼ਸ਼ੀਲ ਤੇ ਹਮਾਇਤੀ ਲੋਕਾਂ ਨੂੰ ਮੁਬਾਰਕਬਾਦ ਦਿੱਤੀ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਇਸ ਘੋਲ਼ ਦੀਆਂ ਰਹਿੰਦੀਆਂ ਮੰਗਾਂ ਸਾਰੀਆਂ ਫ਼ਸਲਾਂ ਤੇ ਸਾਰੇ ਕਿਸਾਨਾਂ ਲਈ ਐੱਮਐੱਸਪੀ ਗਰੰਟੀ ਦਾ ਕਾਨੂੰਨ ਬਣਾਉਣ; ਬਿਜਲੀ ਬਿੱਲ 2020 ਰੱਦ ਕਰਨ ਅਤੇ ਜਨਤਕ ਵੰਡ ਪ੍ਰਣਾਲੀ ਪੂਰੀ ਮਜ਼ਬੂਤ ਕਰਨ ਤੋਂ ਇਲਾਵਾ ਘੋਲ਼ ਦੌਰਾਨ ਮੜ੍ਹੇ ਸਾਰੇ ਪੁਲਿਸ ਕੇਸ ਵਾਪਸ ਲੈਣ; 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਢੁੱਕਵੇਂ ਮੁਆਵਜ਼ੇ ਤੇ ਪੱਕੀ ਸਰਕਾਰੀ ਨੌਕਰੀ ਅਤੇ ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਸਮੇਤ ਸਾਰੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਵਰਗੀਆਂ ਮੰਗਾਂ ਮੰਨਵਾਉਣ ਲਈ ਘੋਲ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਰਕਾਰੀ ਹੁੰਗਾਰੇ ਨੂੰ ਧਿਆਨ ਵਿੱਚ ਰੱਖਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾਣ ਵਾਲੀ 4 ਦਸੰਬਰ ਦੀ ਮੀਟਿੰਗ ਵਿੱਚ ਅਗਲੇ ਐਕਸ਼ਨ ਬਾਰੇ ਫੈਸਲਾ ਕੀਤਾ ਜਾਵੇਗਾ। ਸਟੇਜ ਤੋਂ ਲਵਾਏ ਨਾਹਰਿਆਂ ਦੇ ਆਕਾਸ਼ ਗੁੰਜਾਊ ਬੋਲਾਂ ਵਿੱਚੋਂ ਲੋਕਾਂ ਦਾ ਠਾਠਾਂ ਮਾਰਦਾ ਜੇਤੂ ਰੌਂਅ ਤੇ ਜੋਸ਼ ਝਲਕ ਰਿਹਾ ਸੀ।
ਮਾਲਣ ਕੌਰ ਕੋਠਾਗੁਰੂ ਨੇ ਆਪਣੇ ਸੰਬੋਧਨ ਦੌਰਾਨ ਇਸ ਜਾਨ ਹੂਲਵੇਂ ਘੋਲ਼ ਵਿੱਚ ਔਰਤਾਂ ਵੱਲੋਂ ਨਿਭਾਈ ਜਾ ਰਹੀ ਸ਼ਾਨਾਂਮੱਤੀ ਭੂਮਿਕਾ, ਲਾਮਿਸਾਲ ਸ਼ਮੂਲੀਅਤ ਅਤੇ ਆਪਾਵਾਰੂ ਸਿਦਕੀ ਜਜ਼ਬੇ ਦੀ ਜੈ ਜੈਕਾਰ ਕੀਤੀ। ਆਉਂਦੇ ਦਿਨਾਂ ਵਿੱਚ ਹੋਰ ਵੀ ਦ੍ਰਿੜ੍ਹਤਾ ਨਾਲ ਘੋਲ਼ ਦੇ ਮੈਦਾਨ ਵਿੱਚ ਡਟਣ ਦੀ ਉਨ੍ਹਾਂ ਦੀ ਤਤਪਰਤਾ ਨੂੰ ਉਚਿਆਇਆ।
ਪਲਵਿੰਦਰ ਕੌਰ ਅੰਮ੍ਰਿਤਸਰ ਨੇ ਸੰਸਾਰ ਵਪਾਰ ਸੰਸਥਾ ਦੀਆਂ ਸਾਮਰਾਜ ਪੱਖੀ ਨਿੱਜੀਕਰਨ ਵਪਾਰੀਕਰਨ ਸੰਸਾਰੀਕਰਨ ਖੁੱਲ੍ਹੀ ਮੰਡੀ ਦੀਆਂ ਲੋਕ ਮਾਰੂ ਨੀਤੀਆਂ ਨੂੰ ਮੁਕੰਮਲ ਭਾਂਜ ਦੇਣ ਲਈ ਕਿਸਾਨਾਂ ਮਜ਼ਦੂਰਾਂ ਤੇ ਹੋਰ ਸਾਰੇ ਕਿਰਤੀਆਂ ਦੇ ਇੱਕਜੁਟਤਾ ਵਾਲੇ ਸੰਘਰਸ਼ਾਂ ਲਈ ਮਾਨਸਿਕ ਤੌਰ 'ਤੇ ਤਿਆਰ ਹੋਣ ਅਤੇ ਹੋਰ ਵੀ ਵੱਡੀਆਂ ਔਰਤ ਲਾਮਬੰਦੀਆਂ ਜੁਟਾਉਣ ਦਾ ਸੱਦਾ ਦਿੱਤਾ।
ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਕੌਰ ਕੁੱਸਾ ਵੱਲੋਂ ਨਿਭਾਈ ਗਈ ਅਤੇ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਸੰਦੀਪ ਕੌਰ ਬਰਨਾਲਾ, ਪਰਮਜੀਤ ਕੌਰ ਸੰਗਰੂਰ, ਬਚਿੱਤਰ ਕੌਰ ਮੋਗਾ, ਕਸ਼ਮੀਰ ਕੌਰ ਵਲਟੋਹਾ, ਰਾਜਨਦੀਪ ਕੌਰ ਫਾਜ਼ਿਲਕਾ, ਕਰਮਜੀਤ ਕੌਰ ਮਾਨਸਾ ਅਤੇ ਗੁਰਪ੍ਰੀਤ ਕੌਰ ਨੌਹਰਾ ਸ਼ਾਮਲ ਸਨ।
ਲੋਕਪੱਖੀ ਕਲਾਕਾਰ ਮੇਘ ਰਾਜ ਰੱਲਾ ਦੀ ਨਿਰਦੇਸ਼ਨਾ ਹੇਠ ਕੋਰੀਓਗ੍ਰਾਫੀ "ਜੁਗਨੀ" ਪੇਸ਼ ਕੀਤੀ ਗਈ। ਕੇਰਲਾ ਰਾਜ ਤੋਂ ਸ਼੍ਰੀ ਕੇ ਸਹਿਦੇਵਨ ਦੀ ਅਗਵਾਈ ਵਿੱਚ ਪਹੁੰਚੇ ਟ੍ਰਾਂਜ਼ੀਸ਼ਨ ਸਟੱਡੀਜ਼ ਥ੍ਰਿਸੂਰ ਦੇ ਹਮਾਇਤੀ ਜੱਥੇ ਵੱਲੋਂ ਆਪਣੀ ਮਾਤ-ਭਾਸ਼ਾ ਵਿੱਚ ਕਿਸਾਨ ਘੋਲ਼ ਦੀ ਜਿੱਤ ਦਾ ਸਮੂਹਿਕ ਗੀਤ ਪੇਸ਼ ਕੀਤਾ ਗਿਆ।