ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਖੁਸ਼ੀ ‘ਚ ਮਲੇਰਕੋਟਲਾ ਅੰਦਰ ਵੱਖ-ਵੱਖ ਥਾਂਵਾ ‘ਤੇ ਲੱਡੂ ਵੰਡ ਕੇ ਮਨਾਈ ਗਈ ਖੁਸ਼ੀ
ਹਰਮਿੰਦਰ ਸਿੰਘ ਭੱਟ
ਮਲੇਰਕੋਟਲਾ, 19, ਨਵੰਬਰ, 2021: ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਨਵੰਬਰ ਮਹੀਨੇ ‘ਚ ਲਾਗੂ ਕੀਤੇ ਗਏ ਕਿਸਾਨ ਮਾਰੂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਰੀਬ ਇੱਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਮੋਰਚੇ ਸੰਭਾਲੀ ਬੈਠੇ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਕਿਸਾਨਾਂ ਦੇ ਦ੍ਰਿੜ ਸੰਘਰਸ਼ੀ ਇਰਾਦਿਆਂ ਅੱਗੇ ਆਖਰਕਾਰ ਅੱਜ ਸਵੇਰੇ ਕੇਂਦਰ ਸਰਕਾਰ ਨੇ ਗੋਡੇ ਟੇਕਦਿਆਂ ਉਕਤ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਹੀ ਦਿੱਤਾ।ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਉਕਤ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੇ ਐਲਾਨ ਦੀ ਖਬਰ ਅੱਜ ਸਵੇਰੇ ਜਿਉਂ ਹੀ ਮੀਡੀਆ ‘ਚ ਆਈ ਤਾਂ ਦੇਸ਼ ਭਰ ਅੰਦਰ ਜਿਥੇ ਖੁਸ਼ੀ ਦੀ ਲਹਿਰ ਪਾਈ ਗਈ ਉਥੇ ਪੰਜਾਬ, ਹਰਿਆਣਾ ਤੇ ਯੂ.ਪੀ. ਵਰਗੇ ਸੂਬਿਆਂ ਦੇ ਕੁਝ ਹਿੱਸਿਆਂ ‘ਚ ਲੋਕਾਂ ਵੱਲੋਂ ਖੁਸ਼ੀ ‘ਚ ਚਲਾਏ ਗਏ ਬੰਬ ਪਟਾਕਿਆਂ ਕਾਰਨ ਦਿਵਾਲੀ ਤੋਂ ਬਾਅਦ ਇੱਕ ਵਾਰ ਫਿਰ ਦਿਵਾਲੀ ਦੀ ਖੁਸ਼ੀ ਵਰਗਾ ਮਹੌਲ ਦੇਖਣ ਨੂੰ ਮਿਲਿਆ।
ਪੰਜਾਬ ਦੇ ਇੱਕੋ-ਇੱਕ ਮੁਸਲਿਮ ਬਹੁਲਤਾ ਵਾਲੇ ਸ਼ਹਿਰ ਮਾਲੇਰਕੋਟਲਾ ਅੰਦਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਹਿਰ ਦੇ ਵੱਖ-ਵੱਖ ਚੌਂਕਾ ਬਜ਼ਾਰਾਂ ‘ਚ ਇੱਕਠੇ ਹੋ ਕੇ ਖੁਸ਼ੀਆਂ ਮਨਾਉਂਦਿਆਂ ਜਿਥੇ ਲੱਡੂ ਵੰਡੇ ਉਥੇ ਆਪਣੇ ਕਿਸਾਨ ਭਰਾਵਾਂ ਨੂੰ ਜੱਫੀਆਂ ਪਾ ਕੇ ਵਧਾਈਆਂ ਦਿੱਤੀਆਂ।ਸਥਾਨਕ ਸਰਹੰਦੀਗੇਟ ਚੌਂਕ ਵਿਖੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵੱਲੋਂ ਜਿਥੇ ਸੂਬਾ ਪ੍ਰਧਾਨ ਸਾਹਿਬਜ਼ਾਦਾ ਨਦੀਮ ਅਨਵਾਰ ਖਾਂ ਦੀ ਅਗਵਾਈ ਹੇਠ ਆਉਂਦੇ ਜਾਂਦੇ ਰਾਹਗੀਰਾਂ ਨੂੰ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਉਥੇ ਹੀ ਸਥਾਨਕ ਮੁਲਤਾਨੀ ਚੌਂਕ ਵਿਖੇ ਵੀ ਵੱਖ-ਵੱਖ ਦੁਕਾਨਦਾਰਾਂ ਵੱਲੋਂ ਆਪਣੇ ਪੱਧਰ ‘ਤੇ ਮਾਰਕੀਟ ‘ਚ ਲੱਡੂ ਵੰਡੇ ਗਏ।
ਹਲਕੇ ਦੇ ਪੇਂਡੂ ਖੇਤਰਾਂ ‘ਚ ਤਾਂ ਕਿਸਾਨ ਪਰਿਵਾਰਾਂ ਨੇ ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ‘ਚ ਮਠਿਆਈਆਂ ਵੰਡਣ ਦੇ ਨਾਲ-ਨਾਲ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ ਗਈਆਂ।ਸਰਹੰਦੀਗੇਟ ਵਿਖੇ ਸਾਹਿਬਜਾਦਾ ਨਦੀਮ ਅਨਵਾਰ ਖਾਂ ਨੇ ਲੱਡੂ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਇੱਕਲੇ ਕਿਸਾਨਾਂ ਦੀ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਜਿੱਤ ਹੈ।ਕੇਂਦਰ ਸਰਕਾਰ ਨੂੰ ਇਹ ਫੈਸਲਾ ਬਹੁਤ ਸਮਾਂ ਪਹਿਲਾਂ ਲੈਣਾ ਚਾਹੀਦਾ ਸੀ, ਕਿਉਂ ਕਿ ਕਰੀਬ ਇੱਕ ਸਾਲ ਚੱਲੇ ਇਸ ਸੰਘਰਸ਼ ਦੌਰਾਨ ਕਾਫੀ ਵੱਡੀ ਪੱਧਰ ‘ਤੇ ਜਾਨੀ-ਮਾਲੀ ਨੁਕਸਾਨ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਇਨ੍ਹਾਂ ਕਾਨੂੰਨਾਂ ਨੂੰ ਲਿਖਤੀ ਰੂਪ ‘ਚ ਰੱਦ ਕਰਕੇ ਐਮ.ਐਸ.ਪੀ. ਦੀ ਗਰੰਟੀ ਦਿੱਤੀ ਜਾਵੇ ਅਤੇ ਸੰਘਰਸ਼ ਦੌਰਾਨ ਜਿਹੜੇ ਕਿਸਾਨ ਸ਼ਹੀਦ ਹੋਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।ਇਸ ਦੇ ਨਾਲ ਹੀ ਨਦੀਮ ਖਾਂ ਨੇ ਇਹ ਵੀ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਲਾਗੂ ਕੀਤੇ ਗਏ ਸੀ.ਈ.ਏ. ਅਤੇ ਐਨ.ਆਰ.ਸੀ. ਦੇ ਕਾਨੂੰਨਾਂ ਨੂੰ ਵੀ ਕੇਂਦਰ ਸਰਕਾਰ ਸ਼ੈਸਨ ਦੌਰਾਨ ਰੱਦ ਕਰਨ ਦਾ ਐਲਾਨ ਕਰੇ।
ਇਸ ਮੌਕੇ ਨਦੀਮ ਖਾਂ ਦੇ ਨਾਲ ਰਿਟਾਇਰਡ ਸੁਪਰਡੈਂਟ ਮੁਹੰਮਦ ਇਖਲਾਕ, ਮੁਹੰਮਦ ਸ਼ਹਿਜਾਦ, ਕਾਮਰੇਡ ਮੁਹੰਮਦ ਇਲਿਆਸ, ਮੁਹੰਮਦ ਸ਼ਮਸਾਦ ਝੋਕ, ਮੁਨਸ਼ੀ ਮੁਹੰਮਦ ਅਰਸ਼ਦ ਕਿਲਾ, ਜਾਹਿਦ ਜੱਜੀ, ਮੋਹਨ ਸਿੰਘ ਆਦਮਪਾਲ ਤੋਂ ਇਲਾਵਾ ਮੁਲਤਾਨੀ ਚੌਂਕ ਵਿਖੇ ਲੱਡੂ ਵੰਡਣ ਵਾਲਿਆਂ ‘ਚ ਰਾਜੂ ਮੁਲਤਾਨੀ ਅਤੇ ਇਮਰਾਨ ਟੀ ਸਟਾਲ ਵਾਲੇ ਸ਼ਾਮਲ ਸਨ।