ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਮੋਗਾ ਵਾਸੀਆਂ ਨੇ ਭੰਗੜਾ ਪਾ ਕੇ ਮਨਾਈ
- ਨਾਅਰਿਆਂ ਅਤੇ ਜੈਕਾਰਿਆਂ ਨੂੰ ਗੂੰਜ ਉਠਿਆ ਮੋਗਾ ਸ਼ਹਿਰ
ਮੋਗਾ 10 ਦਸੰਬਰ 2021 - ਡਾ. ਕੁਲਦੀਪ ਸਿੰਘ ਗਿੱਲ ਦੀ ਅਗਵਾਈ ਵਿੱਚ ਮੇਨ ਚੌਂਕ ਮੋਗਾ ਵਿਖੇ ਪਿਛਲੇ ਦਸ ਮਹੀਨੇ ਤੋਂ ਚੱਲ ਰਿਹਾ ਰੋਜਾਨਾ ਕਿਸਾਨੀ ਧਰਨਾ ਅੱਜ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਨਾਅਰਿਆਂ ਅਤੇ ਜੈਕਾਰਿਆਂ ਦੀ ਗੂੰਜ਼ ਨਾਲ ਸਮਾਪਤ ਹੋ ਗਿਆ । ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਰ ਔਰਤਾਂ ਅਤੇ ਮਰਦਾਂ ਨੇ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਦੀ ਖੁਸ਼ੀ ਭੰਗੜੇ ਪਾ ਕੇ ਮਨਾਈ ।
ਇਸ ਮੌਕੇ ਖੁਸ਼ੀ ਵਿੱਚ ਖੀਵੇ ਹੋਏ ਲੋਕਾਂ ਨੇ ਨਾਅਰਿਆਂ ਅਤੇ ਜੈਕਾਰਿਆਂ ਨਾਲ ਮੋਗਾ ਸ਼ਹਿਰ ਨੂੰ ਗੂੰਜਣ ਲਗਾ ਦਿੱਤਾ । ਇਸ ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਕੁਲਦੀਪ ਸਿੰਘ ਗਿੱਲ, ਕਿਸਾਨ ਆਗੂ ਬਲਦੇਵ ਸਿੰਘ ਢਿੱਲੋਂ, ਰਸ਼ਪਾਲ ਸਿੰਘ ਪਟਵਾਰੀ, ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, ਨਰਜੀਤ ਕੌਰ, ਸੁਖਦੇਵ ਸਿੰਘ ਬਰਾੜ, ਭਵਨਦੀਪ ਸਿੰਘ ਪੁਰਬਾ, ਸੁਰਿੰਦਰ ਸਿੰਘ ਲਾਡੀ, ਜੋਗਿੰਦਰ ਸਿੰਘ ਸੰਘਾ, ਅਮਿ੍ਰਤਪਾਲ ਅਨੇਜਾ, ਹਰਜੀਤ ਸਿੰਘ, ਜਸਲੀਨ ਕੌਰ ਸੰਘਾ, ਗੁਰਪ੍ਰੀਤ ਸਿੰਘ ਕੋਮਲ, ਐਡਵੋਕੇਟ ਹਰਜੀਤ ਸਿੰਘ ਅਤੇ ਅਮਰਜੀਤ ਸਿੰਘ ਜੱਸਲ ਨੇ ਇਸ ਇਤਿਹਾਸਕ ਅੰਦੋਲਨ ਦੀ ਜਿੱਤ ਦੀਆਂ ਸਭ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਇਹ ਕਿਸਾਨਾਂ ਦੇ ਨਾਲ ਨਾਲ ਮਜਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਵਪਾਰੀਆਂ, ਵਿਦਿਆਰਥੀਆਂ, ਡਾਕਟਰਾਂ ਅਤੇ ਵਕੀਲਾਂ ਆਦਿ ਸਭ ਵਰਗਾਂ ਦੀ ਸਾਂਝੀ ਜਿੱਤ ਹੈ ਕਿਉਂਕਿ ਸਭ ਵਰਗਾਂ ਨੇ ਇਸ ਅੰਦੋਲਨ ਵਿੱਚ ਆਪੋ ਆਪਣਾ ਬਣਦਾ ਯੋਗਦਾਨ ਪਾਇਆ ਹੈ।
ਉਹਨਾਂ ਕਿਹਾ ਕਿ ਇਸ ਅੰਦੋਲਨ ਦੀ ਜਿੱਤ ਇਸ ਕਰਕੇ ਵੀ ਇਤਿਹਾਸਕ ਹੈ ਕਿਉਂਕਿ ਇਸ ਜਿੱਤ ਨੇ ਸੰਘਰਸ਼ਾਂ ਤੋਂ ਨਿਰਾਸ਼ ਹੋ ਚੁੱਕੀਆਂ ਧਿਰਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਹੈ, ਜਿਸ ਨਾਲ ਉਹਨਾਂ ਦਾ ਸ਼ਾਂਤਮਈ ਸੰਘਰਸ਼ਾਂ ਵਿੱਚ ਵਿਸ਼ਵਾਸ਼ ਵਧਿਆ ਹੈ। ਉਨਾਂ ਕਿਹਾ ਕਿ ਇਸ ਅੰਦੋਲਨ ਦੀ ਜਿੱਤ ਵਿੱਚ ਵੱਡਾ ਹੱਥ ਪੰਜਾਬ ਦੇ ਮੀਡੀਆ ਅਤੇ ਯੂ ਟਿਊਬ ਚੈਨਲਾਂ ਦਾ ਵੀ ਹੈ, ਜਿਸ ਨੇ ਨੈਸ਼ਨਲ ਮੀਡੀਆ ਤੋਂ ਹਟ ਕੇ ਕਿਸਾਨਾਂ ਦੇ ਹੱਕ ਵਿੱਚ ਰਿਪੋਰਟਿੰਗ ਕੀਤੀ ਹੈ ਤੇ ਲੋਕਾਂ ਦੀ ਏਕਤਾ ਨੂੰ ਬਣਾ ਕੇ ਰੱਖਣ ਵਿੱਚ ਵੱਡਾ ਰੋਲ ਅਦਾ ਕੀਤਾ ਹੈ।
ਉਹਨਾਂ ਰੋਜਾਨਾ ਕਿਸਾਨੀ ਧਰਨੇ ਵਿੱਚ ਲਗਾਤਾਰ ਹਾਜਰੀ ਦੇਣ ਵਾਲੇ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲਗਾਤਾਰ ਦਸ ਮਹੀਨੇ ਮੇਨ ਚੌਕ ਮੋਗਾ ਵਿੱਚ ਇਹ ਧਰਨਾਂ ਚਲਦਾ ਰਿਹਾ ਹੈ, ਜਿਸਨੇ ਲੋਕਾਂ ਨੂੰ ਲਗਾਤਾਰ ਅੰਦੋਲਨ ਨਾਲ ਜੋੜਕੇ ਰੱਖਣ, ਲੋਕਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰਨ ਅਤੇ ਨੈਸ਼ਨਲ ਮੀਡੀਆ ਦੁਆਰਾ ਫੈਲਾਏ ਜਾ ਰਹੇ ਝੂਠ ਦਾ ਖੰਡਨ ਕਰਨ ਵਿੱਚ ਵੱਡੀ ਭੁਮਿਕਾ ਨਿਭਾਈ ਹੈ ਅਤੇ ਮੋਗਾ ਵਿੱਚ ਚੱਲ ਰਹੇ ਇਸ ਰੋਜਾਨਾ ਕਿਸਾਨੀ ਧਰਨੇ ਦੀਆਂ ਗੂੰਜਾਂ ਦੇਸ਼ਾਂ ਵਿਦੇਸ਼ਾਂ ਤੱਕ ਪੈਂਦੀਆਂ ਰਹੀਆਂ ਹਨ । ਇਸ ਮੌਕੇ ਡਾ. ਕੁਲਦੀਪ ਸਿੰਘ ਗਿੱਲ ਨੇ ਕਿਹਾ ਕਿ ਮੋਗਾ ਹਮੇਸ਼ਾ ਸੰਘਰਸ਼ਾਂ ਦੇ ਪਿੜ ਵਿੱਚ ਮੋਹਰੀ ਰਿਹਾ ਹੈ ਤੇ ਸਾਨੂੰ ਮਾਣ ਹੈ ਕਿ ਇਸ ਇਤਿਹਾਸਕ ਅੰਦੋਲਨ ਵਿੱਚ ਵੀ ਅਸੀਂ ਮੂਹਰੀਆਂ ਸਫਾਂ ਵਿੱਚ ਰਹਿ ਕੇ ਯੋਗਦਾਨ ਪਾਇਆ ਹੈ ਤੇ ਅੰਦੋਲਨ ਨੂੰ ਜਿੱਤ ਤੱਕ ਲੈ ਕੇ ਆਂਦਾ ਹੈ।
ਉਹਨਾਂ ਕਿਹਾ ਕਿ ਇਸ ਧਰਨੇ ਦੌਰਾਨ ਬਣੇ ਸੰਘਰਸ਼ਸ਼ੀਲ ਧਿਰਾਂ ਦੇ ਏਕੇ ਨੂੰ ਅੱਗੇ ਵੀ ਬਰਕਰਾਰ ਰੱਖਿਆ ਜਾਵੇਗਾ ਅਤੇ 15 ਦਸੰਬਰ ਤੋਂ ਬਾਅਦ ਇੱਕ ਸਾਂਝੇ ਫੋਰਮ ਦਾ ਗਠਨ ਕੀਤਾ ਜਾਵੇਗਾ, ਜੋ ਹਰ ਬੇਇਨਸਾਫੀ ਅਤੇ ਧੱਕੇ ਵਿਰੁੱਧ ਸੰਘਰਸ਼ ਕਰਨ ਲਈ ਤਿਆਰ ਬਰ ਤਿਆਰ ਰਹੇਗਾ । ਉਹਨਾਂ ਦੇ ਇਸ ਫੈਸਲੇ ਦਾ ਸਭ ਹਾਜਰ ਲੋਕਾਂ ਨੇ ਹੱਥ ਖੜੇ ਕਰਕੇ ਅਤੇ ਜੈਕਾਰੇ ਲਗਾ ਕੇ ਸਮਰਥਨ ਕੀਤਾ । ਇਸ ਮੌਕੇ ਉਕਤ ਤੋਂ ਇਲਾਵਾ ਡਾ. ਧਨਵੰਤ ਕੌਰ, ਅਜਮੇਰ ਸਿੰਘ, ਹਾਕਮ ਸਿੰਘ ਗਿੱਲ, ਐਚ ਐਸ ਬੇਦੀ, ਵੀ.ਪੀ. ਸੇਠੀ, ਮਨਜੀਤ ਕੌਰ, ਕਰਮਜੀਤ ਕੌਰ, ਹਰਪ੍ਰੀਤ ਸਿੰਘ, ਮੇਜਰ ਸਿੰਘ ਗਿੱਲ, ਸਰਬਜੀਤ ਕੌਰ, ਮਨਪ੍ਰੀਤ ਕੌਰ, ਗੁਰਦਰਸ਼ਨ ਸਿੰਘ, ਭਾਗ ਸਿੰਘ, ਜਸਵੰਤ ਸਿੰਘ, ਨਛੱਤਰ ਸਿੰਘ, ਕੇਵਲ ਸ਼ਰਮਾ, ਬੰਤ ਸਿੰਘ, ਮਹਿੰਦਰ ਸਿੰਘ, ਹਰਜੀਵਨ ਸਿੰਘ, ਇਕਬਾਲ ਸਿੰਘ ਖੋਸਾ, ਜਗਤਾਰ ਸਿੰਘ, ਜੋਗਿੰਦਰ ਸਿੰਘ, ਪਿ੍ਰਤਪਾਲ ਸਿੰਘ ਅਤੇ ਗਿੰਦਰ ਸਿੰਘ ਤੋਂ ਇਲਾਵਾ ਸੈਂਕੜੇ ਦੀ ਗਿਣਤੀ ਵਿੱਚ ਲੋਕ ਹਾਜਰ ਸਨ ।