ਕਿਸਾਨ ਮੋਰਚਾ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਇੱਕ ਲਿਖਤੀ ਖਰੜਾ ਪ੍ਰਸਤਾਵ ਪ੍ਰਾਪਤ ਕਰਨ ਦੀ ਕੀਤੀ ਪੁਸ਼ਟੀ
ਦਲਜੀਤ ਕੌਰ ਭਵਾਨੀਗੜ੍ਹ
- ਸੰਯੁਕਤ ਕਿਸਾਨ ਮੋਰਚਾ ਸਰਕਾਰ ਦੇ ਪ੍ਰਸਤਾਵ ਦੇ ਕੁੱਝ ਨੁਕਤਿਆਂ 'ਤੇ ਹੋਰ ਸਪੱਸ਼ਟੀਕਰਨ ਮੰਗੇਗਾ
- ਸੰਯੁਕਤ ਕਿਸਾਨ ਮੋਰਚਾ ਕੱਲ੍ਹ ਦੁਪਹਿਰ 2 ਵਜੇ ਦੁਬਾਰਾ ਮੀਟਿੰਗ ਕਰੇਗਾ
- ਪੁਲਿਸ ਕੇਸਾਂ ਦੀ ਵਾਪਸੀ ਦਾ ਫ਼ੈਸਲਾ ਅੰਦੋਲਨ ਖ਼ਤਮ ਕਰਕੇ ਘਰਾਂ ਨੂੰ ਜਾਣ ਮਗਰੋਂ ਹੀ ਕਰਨ ਦੀ ਸ਼ਰਤ ਕਿਸਾਨਾਂ ਨੇ ਠੁਕਰਾਈ
ਦਿੱਲੀ, 7 ਦਸੰਬਰ, 2021: ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਸਰਕਾਰ ਤੋਂ ਲਿਖਤੀ ਖਰੜਾ ਪ੍ਰਸਤਾਵ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਹੈ। ਅੱਜ ਸਿੰਘੂ ਬਾਰਡਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਅਹਿਮ ਮੀਟਿੰਗ ਵਿੱਚ ਕਿਸਾਨ ਆਗੂਆਂ ਵੱਲੋਂ ਇਸ ਪ੍ਰਸਤਾਵ ’ਤੇ ਉਸਾਰੂ ਚਰਚਾ ਕੀਤੀ ਗਈ।
ਕਿਸਾਨ ਮੋਰਚੇ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਢੂੰਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਸ਼ਰਮਾ 'ਕੱਕਾਜੀ', ਯੁੱਧਵੀਰ ਸਿੰਘ ਅਤੇ ਯੋਗਿੰਦਰ ਯਾਦਵ ਨੇ ਅੱਜ ਕਿਸਾਨੀ ਧਰਨਿਆਂ ਦੇ 376ਵੇਂ ਦਿਨ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਰਚਾ ਕੇਂਦਰ ਸਰਕਾਰ ਦੇ ਪ੍ਰਸਤਾਵ ਦੇ ਕੁੱਝ ਨੁਕਤਿਆਂ 'ਤੇ ਹੋਰ ਸਪੱਸ਼ਟੀਕਰਨ ਮੰਗੇਗਾ ਅਤੇ ਅਗਲੀ ਚਰਚਾ ਲਈ ਭਲਕੇ ਦੁਪਹਿਰ 2 ਵਜੇ ਮੁੜ ਬੈਠਕ ਕਰੇਗਾ। ਉਨ੍ਹਾਂ ਕਿਹਾ ਕਿ ਮੋਰਚੇ ਨੂੰ ਸਰਕਾਰ ਤੋਂ ਹਾਂ-ਪੱਖੀ ਹੁੰਗਾਰੇ ਦੀ ਆਸ ਹੈ।
ਇਧਰ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸਰਕਾਰੀ ਚਿੱਠੀ ਵਿੱਚ ਅੰਦੋਲਨ ਸਬੰਧੀ ਦਰਜ਼ ਕੀਤੇ ਗਏ ਪੁਲਿਸ ਕੇਸਾਂ ਦੀ ਵਾਪਸੀ ਦਾ ਫ਼ੈਸਲਾ ਅੰਦੋਲਨ ਖ਼ਤਮ ਕਰਕੇ ਘਰਾਂ ਨੂੰ ਜਾਣ ਮਗਰੋਂ ਹੀ ਕਰਨ ਦੀ ਸ਼ਰਤ ਕਿਸਾਨਾਂ ਨੇ ਠੁਕਰਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਿਨਾਂ ਸ਼ਰਤ ਕੇਸ ਵਾਪਸ ਲੈਣ ਦਾ ਫ਼ੈਸਲਾ ਕਰਨ ਲਈ ਸਰਕਾਰ ਨੂੰ ਸੋਚਣ ਦਾ ਸਮਾਂ ਦੇ ਕੇ ਅਗਲਾ ਐਕਸ਼ਨ ਐਲਾਨ ਕਰਨ ਲਈ ਕੱਲ੍ਹ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 2 ਵਜੇ ਰੱਖੀ ਗਈ ਹੈ।