ਕਿਸਾਨ ਮੋਰਚਿਆਂ ਦੌਰਾਨ ਔਰਤਾਂ ਨੇ ਨਿਭਾਈ ਸਰਗਰਮ ਭੂਮਿਕਾ-ਮਾਨ
ਅਸ਼ੋਕ ਵਰਮਾ
ਨਵੀਂ ਦਿੱਲੀ23 ਨਵੰਬਰ 2021: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਔਰਤਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਨਾ ਔਰਤਾਂ ਦਾ ਲਗਾਤਾਰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਸੰਘਰਸ਼ ਵਿੱਚ ਦਿ੍ਰੜ ਇਰਾਦਿਆਂ ਨਾਲ ਸ਼ਮੂਲੀਅਤ ਦਾ ਹੀ ਯੋਗਦਾਨ ਹੈ । ਔਰਤਾਂ ਵੱਲੋਂ ਚਲਾਈ ਗਈ ਅੱਜ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਮੋਰਚਿਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਵੱਡੀ ਗਿਣਤੀ ਵਿੱਚ ਬਣਾਈ ਰੱਖਣਾ ਲਾਜਮੀ ਹੈ । ਉਨ੍ਹਾਂ ਕਿਹਾ ਕਿ ਦੇਸ ਦੀਆਂ ਹਕੂਮਤਾਂ ਦੀ ਨੀਅਤ ਹਮੇਸ਼ਾ ਲੋਕ ਵਿਰੋਧੀ ਰਹੀ ਹੈ ਕਿਉਂਕਿ ਪਿਛਲੇ 75 ਸਾਲ ਦਾ ਤਜਰਬਾ ਇਹ ਹੀ ਦਿਖਾਉਂਦਾ ਹੈ । ਉਨ੍ਹਾਂ ਕਿਹਾ ਕਿ ਇਸ ਕਰਕੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਅਸਲੀ ਜਾਮਾ ਪਹਿਨਾਉਣ ਅਤੇ ਰਹਿੰਦੀਆਂ ਮੰਗਾਂ ਮਨਵਾਉਣ ਤੱਕ ਇਸ ਮੋਰਚੇ ਦੇ ਸੰਘਰਸ਼ ਨੂੰ ਸੁਚੇਤ ਹੋ ਕੇ ਜੋਰ ਸ਼ੋਰ ਜਾਰੀ ਰੱਖਣ ਦੀ ਲੋੜ ਹੈ। ਉਨ੍ਹਾਂ ਸਮੁੱਚੇ ਕਿਰਤੀ ਲੋਕਾਂ ਅਤੇ ਖਾਸ ਕਰਕੇ ਔਰਤਾਂ ਨੂੰ ਮੋਰਚੇ ਦੀ 26 ਨਵੰਬਰ ਨੂੰ ਮਨਾਈ ਜਾ ਰਹੀ ਵਰ੍ਹੇਗੰਢ ਮੌਕੇ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ।
ਜਿਲ੍ਹਾ ਬਠਿੰਡਾ ਤੋਂ ਪਰਮਜੀਤ ਕੌਰ ਕੋਟੜਾ ਅਤੇ ਅੰਮ੍ਰਿਤਸਰ ਤੋਂ ਪਰਵਿੰਦਰ ਕੌਰ ਗੋਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਵੇਂ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਇਸ ਮੋਰਚੇ ਨਾਲ ਸਬੰਧਿਤ ਮੰਗਾਂ ਐਮ ਐਸ ਪੀ ਤੇ ਸਾਰੀਆਂ ਫਸਲਾਂ ਸਾਰੇ ਦੇਸ਼ ’ਚ ਅਤੇ ਖਰੀਦ ਲਈ ਗਰੰਟੀ ਦਾ ਕਾਨੂੰਨ ਬਣਾਉਣਾ , ਸਰਵ ਜਨਕ ਜਨਤਕ ਵੰਡ ਪ੍ਰਣਾਲੀ ਰਾਹੀਂ ਸਾਰੇ ਲੋੜਵੰਦ ਲੋਕਾਂ ਤੱਕ ਸਾਰੀਆਂ ਜਰੂਰੀ ਵਸਤਾਂ ਦਾ ਦੇਣ ਦੀ ਗਾਰੰਟੀ ਕਰਨਾ , ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਔਰਤਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਅਤੇ ਸਰਕਾਰੀ ਨੌਕਰੀ ਦਿਵਾਉਣਾ ਸੰਘਰਸ ਦੌਰਾਨ ਪੁਲਿਸ ਕੇਸਾਂ ਦੀ ਵਾਪਸੀ ਆਦਿ ਮੰਗਾਂ ਦਾ ਮਸਲਾ ਬਾਕੀ ਹੈ । ਉਨ੍ਹਾਂ ਕਿਹਾ ਕਿ ਇਹਨਾਂ ਮੰਗਾਂ ਦੇ ਹੱਲ ਲਈ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੱਕ ਸੰਘਰਸ਼ ਜਾਰੀ ਰਹੇਗਾ । ਸਟੇਜ ਦੀ ਕਾਰਵਾਈ ਮੋਗਾ ਜਿਲ੍ਹੇ ਦੀ ਆਗੂ ਕੁਲਦੀਪ ਕੁੱਸਾ ਨੇ ਚਲਾੲਂ ਅਤੇ ਸਟੇਜ ਤੋਂ ਚਰਨਜੀਤ ਕੌਰ ਕੁੱਸਾ,ਪਰਮਜੀਤ ਕੌਰ ਟਾਹਲੀ ਵਾਲਾ, ਮਨਜੀਤ ਕੌਰ ਅਤੇ ਛਿੰਦਰ ਕੌਰ ਨੇ ਵੀ ਸੰਬੋਧਨ ਕੀਤਾ।