ਮਨਿੰਦਰਜੀਤ ਸਿੱਧੂ
ਜੈਤੋ, 6 ਫਰਵਰੀ, 2021 - ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਵਿੱਚ ਅੱਜ 12 ਵਜੇ ਦੁਪਹਿਰ ਤੋਂ ਲੈਕੇ 3 ਵਜੇ ਦੁਪਹਿਰ ਤੱਕ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਸੀ, ਜਿਸਦੇ ਚਲਦਿਆਂ ਅੱਜ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਝੰਡੇ ਹੇਠ ਜੈਤੋ ਵਿੱਚ ਤਿੰਂਨ ਜਗ੍ਹਾ ਤੇ ਧਰਨਾ ਦਿੱਤਾ ਗਿਆ। ਕੋਟਕਪੂਰਾ ਰੋਡ ਉੱਪਰ ਸੂਏ ਦੇ ਪੁਲ ਤੇ ਲੱਗੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ ਆਦਿ ਜੱਥੇਬੰਦੀਆਂ ਨੇ ਧਰਨਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਮੇਨ ਬੱਸ ਸਟੈਂਡ ਚੌਂਕ ਵਿੱਚ ਧਰਨਾ ਦਿੱਤਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਾਜਾਖਾਨਾ ਚੌਂਕ ਵਿੱਚ ਧਰਨਾ ਦਿੱਤਾ ਗਿਆ।
ਤਿੰਨੋਂ ਧਰਨਿਆਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਹਾਜਰ ਰਹੇ। ਕਿਸਾਨ ਆਗੂਆਂ ਵੱਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਮੋਦੀ ਸਰਕਾਰ ਕਿਸਾਨਾਂ ਉੱਪਰ ਜ਼ੁਲਮ ਢਾਅ ਰਹੀ ਹੈ, ਜਿਸਦਾ ਸਬੂਤ ਹੈ ਬੇਗੁਨਾਹਾਂ ਉੱਪਰ ਨਜ਼ਾਇਜ ਪਰਚੇ ਪਾਏ ਜਾਣਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਘਟੀਆ ਨੀਤੀਆਂ ਕਰਕੇ ਅੰਨਦਾਤੇ ਨੂੰ ਸੜਕਾਂ ਉੱਪਰ ਰੁਲਣਾ ਪੈ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਤੰਗ ਕਰਨ ਲਈ ਕਦੇ ਨੈੱਟ ਬੰਦ ਕਰਦੀ ਹੈ, ਕਦੇ ਸੜਕਾਂ ਵਿੱਚ ਕਿੱਲ ਗੱਡਦੀ ਹੈ, ਕਦੇ ਕੰਡਿਆਲੀਆਂ ਤਾਰਾਂ ਲਗਾਉਂਦੀ ਹੈ। ਜਿੱਥੇ ਸਰਕਾਰ ਅਤੇ ਗੋਦੀ ਮੀਡੀਆ ਨੇ ਕਿਸਾਨਾਂ ਨੂੰ ਭੰਡਣ ਦਾ ਠੇਕਾ ਲਿਆ ਹੋਇਆ ਹੈ ਉਥੇ ਅੱਜ ਪੂਰਾ ਵਿਸ਼ਵ ਕਿਸਾਨਾਂ ਦੇ ਹੱਕ ਵਿੱਚ ਖੜ੍ਹਾ ਹੈ।
ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਨੂੰ ਪਰਖ ਰਹੀ ਹੈ ਤਾਂ ਕਿਸਾਨ ਵੀ ਕੇਂਦਰ ਦੇ ਜਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਲਾਲ ਕਿਲ੍ਹੇ ਤੇ ਵਾਪਰੀ ਘਟਨਾ ਸਰਕਾਰ ਦੀ ਸਾਜਿਸ਼ ਸੀ ਤਾਂ ਜੋ ਅੰਦੋਲਨ ਨੂੰ ਕਿਸਾਨੀ ਤੋਂ ਪਾਸੇ ਕਰਕੇ ਸਿੱਖ ਬਨਾਮ ਹਿੰਦੂ ਬਣਾਇਆ ਜਾ ਸਕੇ, ਪਰ ਕੇਂਦਰ ਸਰਕਾਰ ਆਪਣੀ ਇਸ ਚਾਲ ਵਿੱਚ ਨਾਕਾਮ ਰਹੀ ਤੇ ਲੋਕਾਂ ਦਾ ਪਿਆਰ ਹੋਰ ਵੀ ਵੱਧ ਗਿਆ।