ਮੋਦੀ ਦਾ ਐਲਾਨ:ਸ਼ਹੀਦਾਂ ਦੇ ਪਰਿਵਾਰਾਂ ਦੀਆਂ ਅੱਖਾਂ ’ਚ ਅੱਥਰੂ ਸ਼ਹਾਦਤਾਂ 'ਤੇ ਮਾਣ
ਅਸ਼ੋਕ ਵਰਮਾ
ਬਠਿੰਡਾ,19 ਨਵੰਬਰ2021: ਅੱਖਾਂ ’ਚ ਅੱਥਰੂ ਅਤੇ ਸ਼ਹਾਦਤਾਂ ਤੇ ਮਾਣ ,ਇਹ ਮੰਜ਼ਰ ਉਨ੍ਹਾਂ ਪਰਿਵਾਰਾਂ ਦਾ ਹੈ ਜਿਨ੍ਹਾਂ ਦੇ ਆਪਣੇ ਘਰਾਂ ਦੇ ਚਿਰਾਗ਼ ਖੇਤੀ ਕਾਨੂੰਨਾਂ ਖ਼ਿਲਾਫ਼ ਲਗਾਤਾਰ ਚੱਲੇ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਨੇ ਫ਼ਖਰ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੇ ਪੈਲ਼ੀਆਂ ਦੀ ਜੰਗ ’ਚ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ। ਇਨ੍ਹਾਂ ਪਰਿਵਾਰਾਂ ਕੋਲ ਹੁਣ ਆਪਣਿਆਂ ਦੀ ਸਿਰਫ਼ ਤਸਵੀਰ ਹੀ ਬਚੀ ਹੈ ਜਾਂ ਉਨ੍ਹਾਂ ਦੀਆਂ ਯਾਦਾਂ ਬਚੀਆਂ ਹਨ ਜੋ ਆਖ਼ਰੀ ਸਾਹਾਂ ਤੱਕ ਉਨ੍ਹਾਂ ਦੇ ਨਾਲ ਨਿਭਣਗੀਆਂ। ਵਿਸ਼ੇਸ਼ ਤੱਥ ਹੈ ਕਿ ਇਸ ਲੜਾਈ ’ਚ ਜੇਕਰ ਮਾਵਾਂ ਨੇ ਜਾਨਾਂ ਵਾਰੀਆਂ ਤਾਂ ਪੁੱਤ ਵੀ ਕੁਰਬਾਨੀਆਂ ਕਰਨ ’ਚ ਮੋਹਰੀ ਰਹੇ ਅਤੇ ਪੰਜਾਬ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੀ ਕੁਰਬਾਨੀ ਤੋਂ ਪਾਸਾ ਨਹੀਂ ਵੱਟਿਆ ਹੈ।
ਇਨ੍ਹਾਂ ਪਰਿਵਾਰਾਂ ਨੂੰ ਬੇਸ਼ੱਕ ਆਪਣਿਆਂ ਦੇ ਚਲੇ ਜਾਣ ਦਾ ਗ਼ਮ ਹਮੇਸ਼ਾ ਰਹੇਗਾ ਪਰ ਇੱਕ ਗੱਲ ਦੀ ਤਸੱਲੀ ਹੈ ਕਿ ਉਨ੍ਹਾਂ ਵੱਲੋਂ ਸੰਘਰਸ਼ੀ ਯੱਗ ’ਚ ਪਾਈ ਅਹੂਤੀ ਬੇਕਾਰ ਨਹੀਂ ਗਈ ਬਲਕਿ ਉਹ ਹਮੇਸ਼ਾ ਲਈ ਆਪਣੇ ਨਾਮ ਰਾਹ ਦਸੇਰਿਆਂ ’ਚ ਲਿਖਵਾ ਗਏ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲਾ ’ਚ ਅੱਜ ਰਲਿਆ ਮਿਲਿਆ ਮਹੌਲ ਦੇਖਣ ਨੂੰ ਮਿਲਿਆ। ਇਸ ਪਿੰਡ ਦੀਆਂ ਤਿੰਨ ਬੀਬੀਆਂ ਟਿਕਰੀ ਬਾਰਡਰ ਮੋਰਚੇ ਤੋਂ ਘਰ ਪਰਤਣ ਸਮੇਂ ਟਿੱਪਰ ਹਾਦਸੇ ’ਚ ਸ਼ਹੀਦ ਹੋ ਗਈਆਂ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਆਖਦੇ ਹਨ ਕਿ ਖੇਤੀ ਕਾਨੂੰਨਾਂ ਦੇ ਸ਼ਹੀਦਾਂ ਦਾ ਨਾਮ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ’ਚ ਅਮਰ ਹੋ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਹੀ ਪਿੰਡ ਫੱਤਾ ਮਾਲੋਕਾ ਦਾ ਜਤਿੰਦਰ ਵੀ ‘ਦਿੱਲੀ ਮੋਰਚੇ’ ਵਿੱਚ ਸ਼ਹੀਦੀ ਪਾ ਗਿਆ ਸੀ।
ਉਮਰ ਦੇ ਸਿਰਫ਼ 22 ਵੇਂ ਸਾਲ ’ਚ ਪੁੱਜੇ ਜਤਿੰਦਰ ਨੇ ਉਹ ਮੁਕਾਮ ਹਾਸਲ ਕੀਤਾ ਹੈ ਜੋ ਵਿਰਲਿਆਂ ਨੂੰ ਮਿਲਦਾ ਹੈ। ਜਤਿੰਦਰ ਦੇ ਪਿਤਾ ਉਸ ਨੂੰ ਵਿਦੇਸ਼ ਭੇਜਣਾ ਚਾਹੁੰਦੇ ਸਨ ਪਰ ਉਸ ਨੇ ਖੇਤੀ ਨੂੰ ਤਰਜੀਹ ਦਿੱਤੀ ਅਤੇ ਪੈਲ਼ੀਆਂ ਦੀ ਲੜਾਈ ’ਚ ਆਪਾ ਵਾਰ ਗਿਆ। ਸ਼ਹੀਦ ਪਰਿਵਾਰ ਦੀ ਉਡੀਕ ਕਦੇ ਵੀ ਨਾਂ ਮੁੱਕਣ ਵਾਲੀ ਹੈ ਪਰ ਇਸ ਗੱਲ ਦੀ ਤਸੱਲੀ ਵੀ ਹੈ ਕਿ ਆਖ਼ਰ ਨੂੰ ਜੰਗ ਜਿੱਤ ਦੇ ਮੁਕਾਮ ਤੇ ਪੁੱਜਣ ਲੱਗੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਦੀ ਮਾਂ ਬਲਜਿੰਦਰ ਕੌਰ ਨੇ ਕਿਸਾਨੀ ਮੋਰਚੇ ਦਾ ਸਫਲਤਾ ਲਈ ਇਕਲੌਤਾ ਪੁੱਤ ਗੁਆਇਆ ਹੈ। ਉਸ ਨੂੰ ਮਾਣ ਹੈ ਕਿ ਮੋਰਚਾ ਸਫਲ ਹੋਣ ਦੀ ਉਸ ਦੀ ਅਰਦਾਸ ਪੂਰੀ ਹੋਈ ਹੈ। ਪੁੱਤ ਦੇ ਚਲੇ ਜਾਣ ਤੋਂ ਬਾਅਦ ਵੀ ਪਰਿਵਾਰ ਇਹੋ ਆਖਦਾ ਰਿਹਾ ਕਿ ‘ਸ਼ਹਾਦਤਾਂ ਅਜਾਈਂ ਨਹੀਂ ਜਾਣੀਆਂ ਚਾਹੀਦੀਆਂ ਹਨ।
ਇਸ ਮਾਂ ਦਾ ਪੁੱਤ ਮਨਪ੍ਰੀਤ ਸਿੰਘ ਸਿਰਫ਼ 24 ਵਰ੍ਹਿਆਂ ਦੀ ਸੀ। ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਮੋਰਚੇ ਦੌਰਾਨ ਪੰਜਾਬ ਦੇ 700 ਤੋਂ ਵੱਧ ਕਿਸਾਨ ਮਜ਼ਦੂਰ ਹੁਣ ਤੱਕ ਸ਼ਹੀਦੀਆਂ ਪਾ ਚੁੱਕੇ ਹਨ ਜਿਨ੍ਹਾਂ ਚੋਂ ਕਈ ਤਾਂ ਇਕਲੌਤੇ ਪੁੱਤ ਹਨ। ਬਾਕੀ ਸੂਬਿਆਂ ਨਾਲ ਸਬੰਧਤ ਕਿਸਾਨੀ ਘੋਲ ਦੇ ਸ਼ਹੀਦਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ 4 ਕਿਸਾਨਾਂ ਨੂੰ ਤਾਂ ਗੱਡੀ ਹੇਠਾਂ ਕੁਚਲ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਦਾ ਦੋਸ਼ ਇੱਕ ਕੇਂਦਰੀ ਮੰਤਰੀ ਦੇ ਪੁੱਤਰ ਤੇ ਲੱਗਿਆ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦਾ ਮੱਖਣ ਖਾਨ ਵੀ ਆਪਣੀ ਜ਼ਿੰਦਗੀ ਦਿੱਲੀ ਮੋਰਚੇ ਦੇ ਲੇਖੇ ਲਾ ਗਿਆ। ਉਸ ਦੀ ਪਤਨੀ ਪਰਮਜੀਤ ਨੇ ਸ਼ਹੀਦੀ ਮੌਕੇ ਆਖਿਆ ਸੀ ਕਿ ਉਸ ਵਕਤ ਹੀ ਰੂਹ ਨੂੰ ਧਰਵਾਸ ਮਿਲੂ ਜਦੋਂ ਕਿਸਾਨਾਂ ਨੂੰ ਇਨਸਾਫ਼ ਮਿਲੇਗਾ।
ਹੁਣ ਇਸ ਪਰਿਵਾਰ ਨੂੰ ਵੀ ਇਹੋ ਧਰਵਾਸਾ ਹੈ ਕਿ ਮੱਖਣ ਖ਼ਾਨ ਦੀ ਕੁਰਬਾਨੀ ਖੇਤਾਂ ਦੀ ਮਿੱਟੀ ਲੇਖੇ ਲੱਗੀ ਹੈ ਜਿਸ ਲਈ ਉਹ ਦਿੱਲੀ ਮੋਰਚੇ ’ਚ ਸ਼ਾਮਲ ਹੋਇਆ ਸੀ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੰਧੜ ਦਾ ਕਿਸਾਨ ਇਕਬਾਲ ਸਿੰਘ ਵੀ ਸ਼ਹੀਦਾਂ ਦੀ ਕਤਾਰ ’ਚ ਸ਼ਾਮਲ ਹੈ। ਪਤਨੀ ਗੁਰਮੀਤ ਕੌਰ ਨੂੰ ਭਾਵੇਂ ਪਤੀ ਦਾ ਦੁੱਖ ਤਾਉਮਰ ਨਹੀਂ ਭੁੱਲਣਾ ਪਰ ਇਹ ਹੌਸਲਾ ਹੈ ਕਿ ਕਿਸਾਨਾਂ ਨੇ ਦਿੱਲੀ ਫ਼ਤਿਹ ਕਰ ਲਈ ਹੈ। ਇਹ ਕੁੱਝ ਮਿਸਾਲਾਂ ਹਨ ਜਦੋਂਕਿ ਖੇਤੀ ਕਾਨੂੰਨਾਂ ਦੇ ਸ਼ਹੀਦਾਂ ਦੀ ਲੰਬੀ ਕਤਾਰ ਸ਼ਾਹਦੀ ਭਰਦੀ ਹੈ ਕਿ ਪੰਜਾਬੀਆਂ ’ਚ ਕੁਰਬਾਨੀਆਂ ਦਾ ਜਜ਼ਬਾ ਪਹਿਲਾਂ ਨਾਲੋਂ ਵੀ ਬੁਲੰਦ ਹੋਇਆ ਹੈ ਜੋ ਦਿੱਲੀ ਮੋਰਚੇ ’ਚ ਜਿੱਤ ਦੀ ਜ਼ਾਮਨੀ ਬਣਿਆ ਹੈ।
ਅਮਰ ਹੋਏ ਸ਼ਹੀਦ:ਨਰਾਇਣ ਦੱਤ
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਕਿ ਸਦੀਆਂ ਬਾਅਦ ਜਦੋਂ ਵੀ ਇਤਿਹਾਸ ’ਚ ਖੇਤੀ ਕਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਦੀ ਗੱਲ ਤੁਰੇਗੀ ਤਾਂ ਮੋਰਚੇ ਦੌਰਾਨ ਜਾਨਾਂ ਵਾਰਨ ਵਾਲੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦੀ ਗਿਣਤੀ ਅਮਰ ਸ਼ਹੀਦਾਂ ’ਚ ਕੀਤੀ ਜਾਏਗੀ। ਉਨ੍ਹਾਂ ਆਖਿਆ ਕਿ ਖੇਤੀ ਕਾਨੂੰਨਾਂ ਵਾਲਾ ਹੱਲਾ ਵੱਡਾ ਸੀ ਜਿਸ ਨੂੰ ਕਿਸਾਨਾਂ ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਤਬਕਿਆਂ ਨੇ ਹਿੱਕ ਡਾਹ ਕੇ ਰੋਕ ਵਿਖਾਇਆ ਹੈ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਸੰਘਰਸ਼ ਦੇ ਦਬਾਅ ਹੇਠ ਪੈਰ ਪਿੱਛੇ ਹਟਾਉਣ ਲਈ ਮਜਬੂਰ ਹੋਈ ਹੈ ਪਰ ਨੀਅਤ ਨਹੀਂ ਬਦਲੀ ਹੈ ਜਿਸ ਨੂੰ ਦੇਖਦਿਆਂ ਕਿਸਾਨਾਂ ਨੂੰ ਅਗਲੀ ਲੜਾਈ ਵਾਸਤੇ ਤਿਆਰ ਰਹਿਣਾ ਹੋਵੇਗਾ।