ਦਿੱਲੀ ਮੋਰਚਾ: ਜਿੱਤ ਦੇ ਬਾਵਜੂਦ ਮੁੱਕੀ ਨਹੀਂ ਮਲਕ ਭਾਗੋਆਂ ਖਿਲਾਫ ਲੜਾਈ : ਲੌਂਗੋਵਾਲ
ਅਸ਼ੋਕ ਵਰਮਾ
ਨਵੀਂ ਦਿੱਲੀ,19ਨਵੰਬਰ 2021:ਪ੍ਰਧਾਨਮੰਤਰੀ ਮੋਦੀ ਵਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨੂੰ ਅੱਜ ਟਿਕਰੀ ਬਾਰਡਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਐੱਮਐੱਸਪੀ ਸਮੇਤ ਹੋਰਨਾਂ ਮੰਗਾਂ ਦੇ ਨਿਪਟਾਰੇ ਤਕ ਸ਼ੰਘਰਸ਼ ਅੰਦਰ ਡਟੇ ਰਹਿਣ ਦਾ ਐਲਾਨ ਕੀਤਾ ਗਿਆ। ਸੂਬਾਈ ਆਗੂਆਂ ਨੇ ਮੰਚ ਤੋਂ ਕਿਹਾ ਕਿ ਇਹ ਪਿਛਲੇ ਡੇਢ ਵਰ੍ਹੇ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਸੁਚੱਜੀ ਅਗਵਾਈ ਅਤੇ ਕਿਸਾਨਾਂ ਦੇ ਸਬਰ ਅਤੇ ਸਿਦਕ ਨਾਲ ਜਾਰੀ ਰੱਖੇ ਸੰਘਰਸ਼ ਅਤੇ ਮੋਰਚੇ ਵਿੱਚ 700 ਦੇ ਕਰੀਬ ਕਿਸਾਨਾਂ ਅਤੇ ਔਰਤਾਂ ਦੀਆਂ ਸਹਾਦਤਾਂ ਦਾ ਸਿੱਟਾ ਹੈ ਕਿ ਮੋਦੀ ਨੂੰ ਆਖਿਰ ਝੁਕਣਾ ਪਿਆ ਹੈ । ਉਨ੍ਹਾਂ ਕਿਹਾ ਕਿ ਇਸ ਲਾਮਿਸਾਲ ਇਤਿਹਾਸਕ ਸੰਘਰਸ਼ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਰਜਾ ਸ਼ੰਘਰਸ਼ ਦੇ ਜ਼ੋਰ ਨਾਲ ਪੁੱਗਦੀ ਹੈ ਇਸ ਲਈ ਸਰਕਾਰਾਂ ਤੋ ਝਾਕ ਛੱਡ ਕੇ ਸੰਘਰਸ਼ਾਂ ਤੇ ਟੇਕ ਰੱਖਣੀ ਪਵੇਗੀ ।
ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਾਈ ਲਾਲੋ ਅਤੇ ਮਲਕ ਭਾਗੋਆਂ ਦੀ ਲੜਾਈ ਅੱਜ ਵੀ ਜਿਉਂ ਦੀ ਤਿਉਂ ਜਾਰੀ ਹੈ। ਅੱਜ ਬਹੁਕੌਮੀ ਸਾਮਰਾਜੀ ਕੰਪਨੀਆਂ ਨਵੇਂ ਬਾਬਰ ਬਣ ਕੇ ਆ ਰਹੀਆਂ ਹਨ ਇਨ੍ਹਾਂ ਬਾਬਰਾਂ ਖਿਲਾਫ ਸੰਘਰਸ਼ ਵਿੱਚ ਬਾਬੇ ਨਾਨਕ ਦੀ ਵਿਰਾਸਤ ਤੋਂ ਪ੍ਰੇਰਨਾ ਮਿਲਦੀ । ਇਹ ਵਿਰਾਸਤ ਸਮਾਜ ਵਿਚ ਜਾਤ, ਧਰਮ, ਗੋਤਾਂ ਸਮੇਤ ਹਰ ਕਿਸਮ ਦੇ ਪਾੜੇ ਨੂੰ ਖਤਮ ਕਰਕੇ ਕਿਰਤੀ ਲੋਕਾਂ ਦੀ ਸਾਂਝ ਉਸਾਰਨ ਦੀ ਵਿਰਾਸਤ ਹੈ। ਮਲਕ ਭਾਗੋਆਂ ਦੇ ਲੁਟੇਰੇ ਮਨਸੂਬਿਆਂ ਖ਼ਿਲਾਫ਼ ਭਾਈ ਲਾਲੋਆਂ ਵੱਲੋਂ ਹੱਕਾਂ ਲਈ ਡਟੇ ਰਹਿਣ ਦੀ ਵਿਰਾਸਤ ਹੈ। ਅੱਜ ਸਟੇਜ ਸਕੱਤਰ ਦੀ ਭੂਮਿਕਾ ਰਾਜਵਿੰਦਰ ਸਿੰਘ ਰਾਜੂ ਨੇ ਨਿਭਾਈ ਅਤੇ ਸਟੇਜ ਤੋਂ ਗੁਰਦੇਵ ਸਿੰਘ ਗੱਜੂਮਾਜਰਾ , ਉੱਤਮ ਸਿੰਘ ਰਾਮਾਨੰਦੀ ,ਮਾਸਟਰ ਪ੍ਰੀਤਮ ਸਿੰਘ ਅਤੇ ਮਾਣਕ ਸਿੰਘ ਕਣਕਵਾਲ ਨੇ ਵੀ ਸੰਬੋਧਨ ਕੀਤਾ।