ਨਗਰ ਕੀਰਤਨ ‘ਚ ਗੂੰਜਿਆ ਕਿਸਾਨਾਂ ਦੀ ਜਿੱਤ ਦਾ ਮੁੱਦਾ
ਬਲਵਿੰਦਰ ਸਿੰਘ ਧਾਲੀਵਾਲ
- ਸੰਤ ਸੀਚੇਵਾਲ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਕੀਤੇ ਐਲਾਨ ਦਾ ਕੀਤਾ ਗਿਆ ਸਵਾਗਤ
- ਸਾਫ਼ ਹਵਾ, ਪਾਣੀ ਤੇ ਖੁਰਾਕ ਸਾਡਾ ਹੀ ਨਹੀ ਸਗੋਂ ਸਾਡੀਆਂ ਆਉਂਣ ਵਾਲੀਆਂ ਪੀੜੀਆਂ ਦਾ ਵੀ ਮੌਲਿਕ ਅਧਿਕਾਰ:- ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 19 ਨਵੰਬਰ 2021 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆ ਦੀ ਅਗਵਾਈ ਵਿਚ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈਂ ਤੋਂ ਤੀਜਾ ਨਗਰ ਕੀਰਤਨ ਸਜਾਇਆ ਗਿਆ। ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਇਆ ਇਸ ਨਗਰ ਕੀਰਤਨ ਨੇ ਸੁਲਤਾਨਪੁਰ ਲੋਧੀ ਕਸਬੇ ਦੀ ਪਰਿਕਰਮਾ ਕੀਤੀ।
ਜਦੋਂ ਇਹ ਨਗਰ ਕੀਰਤਨ ਚੱਲ ਰਿਹਾ ਸੀ ਤਾਂ ਉਸੇ ਦੌਰਾਨ ਭਾਰਤ ਦੇ ਮੁੱਖ ਮੰਤਰੀ ਨੇ ਜਿੱਥੇ ਸਾਰੇ ਦੇਸ਼ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਅਵਤਾਰ ਪੁਰਬ ਦੀਆਂ ਵਧਾਈਆਂ ਦਿੱਤੀਆਂ ਉਥੇ ਹੀ ਨਾਲ ਹੀ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ ਇਕ ਸਾਲ ਤੋਂ ਬੈਠੇ ਕਿਸਾਨਾਂ ਦੀ ਗੱਲ ਮੰਨਦਿਆਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜਿੱਥੇ ਇਸ ਐਲਾਨ ਦਾ ਸਵਾਗਤ ਕੀਤਾ ਉੱਥੇ ਉਹਨਾਂ ਇਸਨੂੰ ਕਿਸਾਨਾਂ ਦੀ ਜਿੱਤ ਐਲਨਿਆ।
ਉਹਨਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਧਰਨੇ ਤੇ ਬੈਠੇ ਕਿਸਾਨ ਬੜੇ ਸਬਰ ਸੰਤੋਖ ਨਾਲ ਬੈਠੇ ਹੋਏ ਹਨ ਤੇ ਬਾਬੇ ਨਾਨਕ ਦੇ ਫਲਸਫੇ ਤੇ ਚੱਲਣ ਵਾਲੇ ਕਿਸਾਨ ਹੱਥੀ ਕਿਰਤ ਕਰਦੇ ਆ ਰਹੇ ਹਨ। ਉਹਨਾਂ ਦੀ ਮੰਗ ਭਾਰਤ ਸਰਕਾਰ ਵੱਲੋਂ ਮੰਨ ਲਈ ਗਈ ਹੈ ਤੇ ਪ੍ਰਧਾਨ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਆਉੇਣ ਵਾਲੇ ਸ਼ੈਸ਼ਨ ਵਿਚ ਇਹ ਕਾਨੂੰਨ ਵਾਪਿਸ ਲੈ ਲਏ ਜਾਣਗੇ।
ਨਗਰ ਕੀਰਤਨ ਵਿਚ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਵਾਤਾਵਰਣ ਪ੍ਰੇਮੀ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਵੱਲੋ ਰੱਦ ਕੀਤੇ ਗਏ 3 ਕਾਨੂੰਨਾ ਤੋ ਇਹੀ ਸਿਖਣ ਨੂੰ ਮਿਲਦਾ ਹੈ ਜੇਕਰ ਸੱਚੇ ਨਿਸ਼ਚੇ ਤੇ ਅਕਾਲ ਪੁਰਖ ਦੀ ਟੇਕ ਨਾਲ ਕੋਈ ਵੀ ਕਾਰਜ਼ ਆਰੰਭਾਇਆ ਜਾਵੇ ਤਾ ਅਕਾਲ ਪੁਰਖ ਵਾਹਿਗੁਰੂ ਆਪ ਅੱਗੇ ਆ ਕੇ ਨਾਲ ਖੜਦਾ ਹੈ। ਜਿਸਦੀ ਜਾਗਦੀ ਮਿਸਾਲ ਹੈ ਅਲੋਪ ਹੋ ਚੁਕੀ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈ ਜਿਸਨੂੰ ਲੋਕਾ ਦੇ ਸਹਿਯੋਗ ਨਾਲ ਮੁੜ ਸੁਰਜੀਤ ਕਰ ਲਿਆ ਗਿਆ।
ਉਹਨਾਂ ਕਿਹਾ ਕਿ ਇਹ ਅੰਤ ਨਹੀ ਇਕ ਸ਼ੁਰੂਆਤ ਹੈ ਜੇਕਰ ਲੋਕ ਇੱਕਠੇ ਹੋ ਕੇ ਹੰਭਲਾ ਮਾਰਨ ਤਾਂ ਸਰਕਾਰਾਂ ਨੂੰ ਵੀ ਮੰਨਣੀ ਪੈ ਜਾਂਦੀ ਹੈ। ਸੋ ਸਾਨੂੰ ਆੳੇੁਣ ਵਾਲੀਆਂ ਚੋਣਾਂ ਵਿਚ ਵਾਤਾਵਰਣ ਨੂੰ ਮੁੱਖ ਮੁਦੇ ਵਜੋਂ ਉਭਾਰਨਾ ਚਾਹੀਦਾ ਹੈ ਕਿਉਂਕਿ ਸਾਫ ਹਵਾ ਪਾਣੀ ਤੇ ਖੁਰਾਕ ਸਾਡਾ ਹੀ ਨਹੀ ਸਗੋਂ ਆਉਣ ਵਾਲੀਆਂ ਪੀੜੀਆਂ ਤੇ ਪੂਸ਼ਆਂ ਪੰਛੀਆਂ ਦਾ ਵੀ ਮੌਲਿਕ ਅਧਿਕਾਰ ਹੈ। ਨਗਰ ਕੀਰਤਨ ਉਪਰੰਤ ਗੁਰਸੰਗਤਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਮ ਵੇਲੇ ਪਵਿੱਤਰ ਕਾਲੀ ਕਿਨਾਰੇ ਦੀਪਮਾਲਾ ਕੀਤੀ ਗਈ।
ਨਗਰ ਕੀਰਤਨ ਵਿੱਚ ਗੁਰਦੁਆਰਾ ਸੈਫਲਾਬਾਦ ਤੋਂ ਸੰਤ ਲੀਡਰ ਸਿੰਘ ਜੀ, ਡੇਰਾ ਹਰਜੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਮੇਜ਼ ਸਿੰਘ ਜੀ ਸਮੇਤ ਹੋਰ ਬਹੁਤ ਸਾਰੀਆਂ ਧਾਰਮਿਕ ਸ਼ਖਸੀਅਤਾਂ ਨੇ ਹਿੱਸਾ ਲਿਆ। ਗੱਤਕਾ ਖਿਡਾਰੀਆਂ ਨੇ ਸਾਰੇ ਨਗਰ ਕੀਰਤਨ ਦੌਰਾਨ ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਦੇ ਜ਼ੋਹਰ ਸੰਗਤਾਂ ਨੂੰ ਦਿਖਾਏ ਗਏ ਅਤੇ ਨਾਲ ਹੀ ਟਰਾਲੀ ਤੇ ਲਗਾਈ ਬੈਨਰ ਨਾਲ ਕਿਸਾਨਾਂ ਨੂੰ ਪਰਾਲੀ ਨੂੰ ਨਾ ਅੱਗ ਲਗਾੳੇਣ ਦੀ ਅਪੀਲ ਕੀਤੀ ਗਈ । ਨਗਰ ਕੀਰਤਨ ਦੌਰਾਨ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਵੱਲੋਂ ਤਖਤੀਆਂ ਤੇ ਵਾਤਾਵਰਣ ਦਾ ਸੁਨੇਹਾ ਦਿੱਤਾ ਗਿਆ ਤੇ ਵਤਾਵਰਣ ਨੂੰ ਬਚਾਉਣ ਲਈ ਆਪਣੇ ਬਣਦੇ ਫਰਜ਼ਾ ਨੂੰ ਸਮਝਾਇਆ ਗਿਆ। ਨਗਰ ਕੀਰਤਨ ਦੌਰਾਨ ਸਨਮਾਨ ਕਰਨ ਵਾਲੀਆਂ ਗੁਰਸੰਗਤਾਂ ਨੂੰ ਸੰਤ ਸੀਚੇਵਾਲ ਜੀ ਵੱਲੋਂ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਗਿਆ।