ਮੋਦੀ ਦੇ ਐਲਾਨ ਨੂੰ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਚੌਕਸੀ ਦਾ ਸੱਦਾ
ਅਸ਼ੋਕ ਵਰਮਾ
ਚੰਡੀਗੜ੍ਹ,19ਨਵੰਬਰ 2021:ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਉਂਦੇ ਪਾਰਲੀਮੈਂਟ ਸੈਸ਼ਨ ਵਿਚ ਕਾਨੂੰਨ ਵਾਪਸ ਲੈਣ ਦੇ ਐਲਾਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਇਹ ਐਲਾਨ ਸਿਦਕੀ ਕਿਸਾਨ ਸੰਘਰਸ਼ ਦੀ ਜਿੱਤ ਹੈ। ਪਰ ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਏ ਜਾਣ ਮਗਰੋਂ ਹੀ ਸੰਘਰਸ਼ ਬਾਰੇ ਅਗਲਾ ਫੈਸਲਾ ਲਿਆ ਜਾਵੇਗਾ। ਕਿਉਂਕਿ ਖੇਤੀ ਕਾਨੂੰਨਾਂ ਦੇ ਨਾਲ ਨਾਲ ਐੱਮ ਐੱਸ ਪੀ ਅਤੇ ਜਨਤਕ ਵੰਡ ਪ੍ਰਣਾਲੀ ਦੇ ਮੁੱਦੇ ਵੀ ਬਾਕੀ ਹਨ ਅਤੇ ਬਿਜਲੀ ਕਾਨੂੰਨ ਦਾ ਮਸਲਾ ਵੀ ਖੜ੍ਹਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਤਾਂ ਜ਼ਾਹਰ ਹੈ ਕਿ ਭਾਵੇਂ ਮੋਦੀ ਸਰਕਾਰ ਨੂੰ ਇਤਿਹਾਸਕ ਤੇ ਮਿਸਾਲੀ ਕਿਸਾਨ ਸੰਘਰਸ਼ ਅੱਗੇ ਝੁਕਣਾ ਪਿਆ ਹੈ ਪਰ ਨਾਲ ਹੀ ਉਸ ਨੇ ਖੇਤੀ ਖੇਤਰ ਅੰਦਰ ਕਾਰਪੋਰੇਟਾਂ ਦੀ ਘੁਸਪੈਠ ਵਾਲੀ ਆਪਣੀ ਨੀਤੀ ਅਜੇ ਨਹੀਂ ਬਦਲੀ।
ਉਨ੍ਹਾਂ ਕਿਹਾ ਕਿ ਇਸ ਲਈ ਅਜੇ ਇਹ ਦੇਖਣਾ ਬਾਕੀ ਹੈ ਕਿ ਕਾਨੂੰਨ ਵਾਪਸ ਲੈਣ ਵੇਲੇ ਵੀ ਸਰਕਾਰ ਕਿਤੇ ਕਾਰਪੋਰੇਟਾਂ ਦੇ ਹਿੱਤਾਂ ਨੂੰ ਕਿਸੇ ਚੋਰ ਮੋਰੀ ਰਾਹੀਂ ਦਾਖਲ ਕਰਨ ਦਾ ਯਤਨ ਤਾਂ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਐੱਮ ਐੱਸ ਪੀ ਬਾਰੇ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਹੈ ਜਦਕਿ ਕਿਸਾਨਾਂ ਦੀ ਮੰਗ ਐੱਮ ਐੱਸ ਪੀ ਉੱਪਰ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਉਣ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਵਿਸਥਾਰ ਬਾਰੇ ਅਤੇ ਕਿਸੇ ਕਾਨੂੰਨੀ ਬੰਧੇਜ ਅਧੀਨ ਆਉਣ ਦੇ ਮਸਲੇ ਵੀ ਅਜੇ ਬਰਕਰਾਰ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਉਂ ਹੀ ਜਨਤਕ ਵੰਡ ਪ੍ਰਣਾਲੀ ਵੀ ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਨਾਲ ਜੁੜਿਆ ਵਰਤਾਰਾ ਹੀ ਹੈ ਪਰ ਪ੍ਰਧਾਨ ਮੰਤਰੀ ਆਪਣੇ ਐਲਾਨ ਵਿਚ ਇਸ ਬਾਰੇ ਚੁੱਪ ਰਹੇ ਹਨ ਜਦਕਿ ਇਹ ਸਭਨਾਂ ਕਿਰਤੀ ਖਪਤਕਾਰਾਂ ਦਾ ਵੱਡਾ ਮੁੱਦਾ ਹੈ।
ਉਨ੍ਹਾਂ ਕਿਹਾ ਕਿ ਇਸ ਵੇਲੇ ਭਖਦੀਆਂ ਮੰਗਾਂ ਦਾ ਇਹ ਸਾਂਝਾ ਸੈੱਟ ਹੈ ਜਿਸ ਰਾਹੀਂ ਕਿਸਾਨਾਂ ਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਹੋ ਸਕਦੀ ਹੈ। ਇਨ੍ਹਾਂ ਮੰਗਾਂ ਤੋਂ ਇਲਾਵਾ ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀਆਂ ਦੀਆਂ ਸਜ਼ਾਵਾਂ, ਹਰਿਆਣੇ ‘ਚ ਕਿਸਾਨਾਂ ‘ਤੇ ਜਬਰ ਢਾਹੁਣ ਵਾਲੇ ਅਧਿਕਾਰੀਆਂ ਤੇ ਸਿਆਸੀ ਆਗੂਆਂ ਖਿਲਾਫ ਕਾਰਵਾਈ ਤੇ ਕਿਸਾਨਾਂ ਉੱਪਰ ਪਾਏ ਹੋਏ ਕਿੰਨੇ ਹੀ ਤਰ੍ਹਾਂ ਦੇ ਝੂਠੇ ਕੇਸਾਂ ਦੀ ਵਾਪਸੀ ਵਰਗੇ ਅਜਿਹੇ ਕਿੰਨੇ ਹੀ ਮਸਲੇ ਇਸ ਸੰਘਰਸ਼ ਨਾਲ ਜੁੜੇ ਹੋਏ ਹਨ ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਦੇ ਐਲਾਨ ਵਿੱਚ ਕੋਈ ਜ਼ਿਕਰ ਨਹੀਂ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਸਭਨਾ ਮੁੱਦਿਆਂ ਨੂੰ ਵੀ ਫੌਰੀ ਤੌਰ ‘ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਦੇ ਸਮੁੱਚੇ ਨਿਪਟਾਰੇ ਨਾਲ ਜੁੜ ਕੇ ਹੀ ਸੰਘਰਸ ਦੀ ਅਗਲੀ ਰੂਪ ਰੇਖਾ ਬਾਰੇ ਵਿਉਂਤਿਆ ਅਤੇ ਸੰਯੁਕਤ ਕਿਸਾਨ ਮੋਰਚੇ ਨਾਲ ਵਿਚਾਰ ਚਰਚਾ ਮਗਰੋਂ ਅਗਲਾ ਫੈਸਲਾ ਲਿਆ ਜਾਵੇਗਾ।
ਕਿਸਾਨ ਆਗੂਆਂ ਨੇ ਲੋਕਾਂ ਨੂੰ ਮੋਦੀ ਸਰਕਾਰ ਨੂੰ ਝੁਕਾ ਲੈਣ ਦੇ ਜਸ਼ਨਾਂ ਦੇ ਨਾਲ ਨਾਲ ਚੌਕਸੀ ਬਰਕਰਾਰ ਰੱਖਣ, ਸਰਕਾਰੀ ਐਲਾਨ ਦੇ ਅਮਲੀ ਰੂਪ ‘ਚ ਲਾਗੂ ਹੋਣ ਅਤੇ ਹੋਰਨਾਂ ਮੁੱਦਿਆਂ ਦੇ ਹੱਲ ਤੱਕ ਸੰਘਰਸ਼ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਟਿਕਰੀ ਬਾਰਡਰ ‘ਤੇ ਚੱਲਦੇ ਦਿੱਲੀ ਧਰਨੇ ਵਿੱਚ ਅਤੇ ਪੰਜਾਬ ਅੰਦਰ ਚੱਲ ਰਹੇ ਦਰਜਨਾਂ ਮੋਰਚਿਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ ਜਿਸ ਦੇ ਜਸ਼ਨਾ ਦੀ ਰੰਗਤ ਨੂੰ ਮੋਦੀ ਹਕੂਮਤ ਦੇ ਝੁਕ ਜਾਣ ਦੀਆਂ ਖ਼ਬਰਾਂ ਨੇ ਗੂੜ੍ਹਾ ਕਰ ਦਿੱਤਾ। ਮੋਰਚਿਆਂ ਵਿੱਚ ਬਾਬੇ ਨਾਨਕ ਵੱਲੋਂ ਸਮਾਜਿਕ ਕੁਰੀਤੀਆਂ ਅਤੇ ਹਕੂਮਤੀ ਜੁਲਮਾਂ ਖ਼ਿਲਾਫ਼ ਉਠਾਈ ਆਵਾਜ ਨੂੰ ਉਚਿਆਇਆ ਗਿਆ। ਅੱਜ ਦੇ ਬਾਬਰਾਂ ਤੇ ਮਲਕ ਭਾਗੋਆਂ ਦੀ ਪਛਾਣ ਗੂੜ੍ਹੀ ਕਰਨ ਦਾ ਸੱਦਾ ਦਿੰਦਿਆਂ ਕਿਰਤ ਕਰਨ ਤੇ ਆਪਣੀ ਕਿਰਤ ਦੀ ਰਾਖੀ ਕਰਨ ਦਾ ਹੋਕਾ ਉੱਚਾ ਕੀਤਾ ਗਿਆ।