ਸਾਬਕਾ ਸੀਪੀਐਸ ਮਨਤਾਰ ਸਿੰਘ ਬਰਾੜ ਨੇ ਖੇਤੀ ਕਾਨੂੰਨ ਰੱਦ ਹੋਣ ਦੇ ਐਲਾਨ 'ਤੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ
ਦੀਪਕ ਗਰਗ
ਕੋਟਕਪੂਰਾ, 19 ਨਵੰਬਰ 2021 - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਸੀਪੀਐਸ ਮਨਤਾਰ ਸਿੰਘ ਬਰਾੜ ਨੇ ਗੁਰੂਪੁਰਵ ਮੌਕੇ ਗੁਰੂਨਾਨਕ ਦੇਵ ਜੀ ਦੀ ਕ੍ਰਿਪਾ ਨਾਲ ਕੇਂਦਰ ਸਰਕਾਰ ਨੂੰ ਚੰਗੀ ਸਮਝ ਆਉਣ ਤੇ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਵਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਣ ਦੇ ਐਲਾਨ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸੰਘਰਸ਼ ਕਾਰਣ ਕਿਸਾਨ, ਕਿਸਾਨੀ ਅਤੇ ਮੱਧਮਵਰਗੀ ਵਪਾਰੀ ਵਰਗ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨ ਰੱਦ ਹੋਏ ਹਨ।
ਮਨਤਾਰ ਸਿੰਘ ਬਰਾੜ ਖੁਦ ਵੀ ਇਕ ਕਿਸਾਨ ਹਨ।
ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ 700 ਦੇ ਕਰੀਬ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਮੌਤਾਂ ਅਤੇ ਲਖੀਮਪੁਰ ਵਰਗੀਆਂ ਘਟਨਾਵਾਂ ਇਸ ਸਰਕਾਰ ਦੇ ਚਿਹਰੇ 'ਤੇ ਕਾਲੇ ਧੱਬੇ ਵਾਂਗ ਰਹਿਣਗੀਆਂ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਨ੍ਹਾਂ 700 ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਅਤੇ ਵਿੱਤੀ ਸਹਾਇਤਾ ਦੇਣ ਦੀ ਅਪੀਲ ਕੀਤੀ।