ਅਸ਼ੋਕ ਵਰਮਾ
ਨਵੀਂ ਦਿੱਲੀ, 2 ਫਰਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਟਿੱਕਰੀ ਬਾਰਡਰ 'ਤੇ ਚੱਲ ਰਹੇ ਮੋਰਚੇ 'ਚ ਅੱਜ ਹਰਿਆਣਾ ਤੋਂ ਇਲਾਵਾ ਕਰਨਾਟਕਾ ਤੇ ਮਹਾਰਾਸ਼ਟਰ ਦੇ ਕਿਸਾਨਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇੱਥੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਰਨਾਟਕਾ ਦੇ ਕਿਸਾਨ ਆਗੂ ਕਨਈਆ ਸੁਬਰਾਮਨੀਅਮ , ਕੇ. ਕੇ. ਗੰਗਾਧਰ ਤੇ ਮਹਾਰਾਸ਼ਟਰ ਦੇ ਕਿਸਾਨ ਆਗੂ ਦਿਆ ਸਿੰਘ ਪਵਾਈ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਪੂਰੇ ਮੁਲਕ 'ਚ ਸਭਨਾਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਸਰਕਾਰੀ ਖਰੀਦ ਦੀ ਸੰਵਿਧਾਨਕ ਗਾਰੰਟੀ ਆਦਿ ਮੰਗਾਂ ਨੂੰ ਲੈਕੇ ਸ਼ੁਰੂ ਕੀਤਾ ਸੰਘਰਸ਼ ਪੂਰੇ ਮੁਲਕ ਦੇ ਕਿਸਾਨਾਂ ਲਈ ਪ੍ਰੇਰਨਾਦਾਇਕ ਹੈ ਜੋ ਦਿਨੋ-ਦਿਨ ਹੋਰਨਾਂ ਸੂਬਿਆਂ 'ਚ ਵੀ ਫ਼ੈਲ ਰਿਹਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਫਿਰਕੂ ਵੰਡੀਆਂ ਪਾਉਣ ਦੀ ਚਾਲ ਦੇਸ਼ ਦੇ ਕਿਸਾਨ ਸਫ਼ਲ ਨਹੀਂ ਹੋਣ ਦੇਣਗੇ।
ਉਹਨਾਂ ਦੋਸ਼ ਲਾਇਆ ਕਿ ਦਿੱਲੀ ਤੋਂ ਇਲਾਵਾ ਮਹਾਰਾਸ਼ਟਰ ਤੇ ਕਰਨਾਟਕ ਦੇ ਅੰਦਰ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਨੂੰ ਗੋਦੀ ਮੀਡੀਆ ਵੱਲੋਂ ਨਹੀਂ ਦਿਖਾਇਆ ਜਾ ਰਿਹਾ। ਬੀ ਕੇ ਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿਗਾਰਾ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੇ ਕਿਸਾਨ ਹੁਣ ਜਾਗਰੂਕ ਹੋ ਕੇ ਸੜਕਾਂ ਤੇ ਉੱਤਰ ਆਏ ਹਨ ਅਤੇ ਉਹ ਭਾਰਤ ਵਿੱਚ ਕਾਰਪੋਰੇਟ ਪੱਖੀ ਖੇਤੀ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ ਤਿੰਨੇ ਖੇਤੀ ਵਿਰੋਧੀ ਕਨੂੰਨਾਂ , ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਵਾਲਾ ਆਰਡੀਨੈਂਸ ਰੱਦ ਕਰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣ ਅਤੇ ਸਾਰੇ ਰਾਜਾਂ ਵਿੱਚ ਜਨਤਕ ਵੰਡ ਪ੍ਰਣਾਲੀ ਸਾਰੇ ਸ਼ਹਿਰੀ ਤੇ ਪੇਂਡੂ ਗਰੀਬ ਲੋਕਾਂ ਲਈ ਲਾਗੂ ਕਰਨ ਆਦਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ।
ਉਹਨਾਂ ਕਿਹਾ ਕਿ ਇਹਨਾਂ ਖੇਤੀ ਕਨੂੰਨਾਂ ਦੇ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਪੂਰੀ ਦੁਨੀਆਂ ਤੋਂ ਮਿਲ ਰਹੇ ਸਮਰਥਨ ਤੋਂ ਕੇਂਦਰ ਸਰਕਾਰ ਬੁਖਲਾਹਟ ਵਿੱਚ ਆਕੇ ਦਿੱਲੀ ਨੂੰ ਜਾਂਦੇ ਰਸਤਿਆਂ 'ਤੇ ਤਿੱਖੇ ਕਿੱਲ ਗੱਡਣ ਤੋਂ ਇਲਾਵਾ ਕੰਡਿਆਲੀ ਤਾਰ ਤੇ ਸੀਮਿੰਟ ਬੱਜਰੀ ਦੀ ਪੱਕੀ ਬੈਰੀਕੇਡਿੰਗ ਕਰਨ , ਮੋਰਚਿਆਂ 'ਚ ਬੈਠੇ ਕਿਸਾਨਾਂ ਦੀ ਬਿਜਲੀ,ਪਾਣੀ ਤੇ ਇੰਟਰਨੈੱਟ ਬੰਦ ਕਰਨ ਵਰਗੇ ਕਦਮਾਂ ਰਾਹੀਂ ਕਿਸਾਨਾਂ ਨਾਲ਼ ਵਿਦੇਸ਼ੀ ਧਾੜਵੀਆਂ ਵਾਂਗੂੰ ਵਿਹਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਹਕੂਮਤ ਦੇ ਜਾਬਰ ਤੇ ਤਾਨਾਸ਼ਾਹ ਕਦਮ ਹੱਕ ਸੱਚ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੇ। ਇਸ ਤੋਂ ਇਲਾਵਾ ਅੱਜ ਟਿੱਕਰੀ ਬਾਡਰ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਦਾ ਇੱਕ ਵੱਡਾ ਕਾਫ਼ਲਾ ਗਾਜੀਪੁਰ ਬਾਰਡਰ 'ਤੇ ਬੈਠੇ ਕਿਸਾਨਾਂ ਦੀ ਨਾਲ ਇੱਕਮੁੱਠਤਾ ਪ੍ਰਗਟਾਉਣ ਲਈ ਰਵਾਨਾ ਹੋਇਆ।
ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਲਈ ਲੋੜੀਂਦਾ ਬਜਟ ਰੱਖਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਨੂੰ ਬਜ਼ਟ ਚ ਲਾਭ ਪੁਚਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ। ਅੱਜ ਦੇ ਧਰਨੇ ਨੂੰ ਬਸੰਤ ਸਿੰਘ ਕੋਠਾ ਗੁਰੂ, ਰਵਿੰਦਰ ਸਿੰਘ ਮੋਗਾ, ਮੇਜਰ ਸਿੰਘ ਦਿੜਬਾ, ਹਰਿਆਣਾ ਤੋਂ ਨਿਰਵੈਰ ਸਿੰਘ, ਖਾਪ ਪੰਚਾਇਤ 36 ਦੇ ਸੁਨੀਲ ਜਾਖੜ, ਕਾਮਰੇਡ ਕਿ੍ਸ਼ਨ ਕੁਮਾਰ ਜੀਂਦ ਨੇ ਵੀ ਸੰਬੋਧਨ ਕੀਤਾ। ਰਾਮ ਸਿੰਘ ਨਿਰਮਾਣ , ਡਾਕਟਰ ਦਵਿੰਦਰ ਧੌਲਾ, ਅਭਿਨੂਰ ਕੌਰ ਸਿਰਸਾ ਅਤੇ ਅਮਰਜੀਤ ਕੌਰ ਕਕਰਾਲਾ ਨੇ ਕਿਸਾਨ ਅਤੇ ਲੋਕ ਪੱਖੀ ਗੀਤ ਪੇਸ਼ ਕੀਤੇ।