ਜੀ ਐਸ ਪੰਨੂ
- ਖੇਤੀਬਾੜੀ ਸਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰੇ ਮੋਦੀ ਸਰਕਾਰ-ਪ੍ਰਨੀਤ ਕੌਰ
ਪਾਤੜਾਂ, 6 ਫਰਵਰੀ 2021 - ਪੰਜਾਬ ਰਾਜ 'ਚ ਹੋ ਰਹੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਪੂਰਨ ਬਹੁਮੱਤ ਨਾਲਜਿੱਤ ਪ੍ਰਾਪਤ ਕਰਨਗੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੱਖ-ਵੱਖ ਥਾਵਾਂ 'ਤੇ ਕੀਤੀਆਂ ਰੈਲੀਆਂ ਦੌਰਾਨ ਚੋਣ ਪ੍ਰਚਾਰ ਕਰਨ ਲਈ ਪ੍ਰਨੀਤ ਕੌਰ ਪਾਤੜਾਂ ਪੁੱਜੇ ਤੇ ਉਨ੍ਹਾਂ ਦੇ ਨਾਲ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਵੀ ਸਨ।
ਪ੍ਰਨੀਤ ਕੌਰ ਨੇ ਆਪਣੇ ਸੰਬੋਧਨ 'ਚ ਕਿਹਾ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਕਿਸੇ ਵੀ ਹਲਕੇ ਜਾਂ ਇਲਾਕੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਜਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤਾ ਜਾਂਦਾ ਸੀ।ਸਰਕਾਰ ਨੇ ਨਾ ਕੋਈ ਸਿਆਸੀ ਵਿਤਕਰੇਬਾਜੀ ਕੀਤੀ ਅਤੇ ਨਾ ਹੀ ਸਿਆਸੀ ਬਦਲਾਖੋਰੀ ਵਰਗੇ ਹੋਛੇ ਹਥਕੰਡੇ ਅਪਣਾਏ ਅਤੇ ਕੇਵਲ ਵਿਕਾਸ ਨੂੰ ਹੀ ਆਪਣਾ ਏਜੰਡਾ ਬਣਾਇਆ ਹੈ। ਸਰਕਾਰ ਦੀਆਂ ਵਿਕਾਸਮੁਖੀ ਅਤੇ ਲੋਕ ਪੱਖੀ ਨੀਤੀਆਂ ਦੇ ਚੱਲਦਿਆਂ ਪੂਰੇ ਰਾਜ 'ਚ ਜਿੱਥੇ ਵੀ ਕਿਤੇ ਨਗਰ ਨਿਗਮ, ਕੌਂਸਲ ਤੇ ਨਗਰ ਪੰਚਾਇਤ ਚੋਣਾਂ ਹੋ ਰਹੀਆਂ ਹਨ, ਉਥੇ ਦੇ ਲੋਕ, ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਜਿਤਾਉਣਗੇ।
ਕਿਸਾਨਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਹਾ ਕਿ ਖੇਤੀਬਾੜੀ ਸਬੰਧੀਂ ਕਿਸਾਨਾਂ ਦੇ ਵਿਰੋਧੀ ਬਣਾਏ ਕਾਲੇ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ ਤਾਂ ਕਿ ਕੜਾਕੇ ਦੀ ਠੰਡ 'ਚ ਆਪਣਾ ਰੋਸ ਸ਼ਾਂਤਮਈ ਢੰਗ ਨਾਲ ਕਰ ਰਹੇ ਕਿਸਾਨਾਂ ਨੂੰ ਰਾਹਤ ਮਿਲ ਸਕੇ ਤੇ ਕਾਂਗਰਸ ਸਰਕਾਰ ਆਖਰੀ ਦਮ ਤੱਕ ਕਿਸਾਨਾਂ ਦੇ ਨਾਲ ਖੜ੍ਹੇਗੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦਾ ਜੀ.ਐਸ.ਟੀ. ਨਹੀਂ ਦਿੱਤਾ, ਵਿਕਾਸ ਫੰਡ ਰੋਕ ਦਿੱਤੇ, ਰੇਲਾਂ ਰੋਕੀਆਂ ਪਰੰਤੂ ਇਸਦੇ ਬਾਵਜੂਦ ਸਰਕਾਰ ਨੇ ਕੋਰੋਨਾ ਦੇ ਔਖੇ ਸਮੇਂ 'ਚ ਵੀ ਰਾਜ ਦੇ ਵਿਕਾਸ 'ਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ,ਪਾਤੜਾਂ ਸ਼ਹਿਰ 'ਚ ਹੀ 40 ਕਰੋੜ ਰੁਪਏ ਦੇ ਕੰਮ ਚੱਲ ਰਹੇ ਹਨ। ਇਸ ਤੋਂ ਬਿਨ੍ਹਾਂ ਹਲਕੇ ਸ਼ੁਤਰਾਣੇ 'ਚ ਵੀ ਲੜਕੀਆਂ ਲਈ ਆਈ.ਟੀ.ਆਈ. ਮਨਜੂਰ ਹੋ ਚੁੱਕੀ ਹੈ ਤੇ ਇਸ ਦਾ ਕੰਮ ਅਗਲੇ ਵਿੱਤੀ ਸਾਲ ਤੋਂ ਸ਼ੁਰੂ ਹੋ ਜਾਵੇਗਾ।
ਨਿਰਮਲ ਸਿੰਘ ਨੇ ਕਿਹਾ ਕਿ ਸ਼ੁਤਰਾਣਾ ਹਲਕੇ ਤੇ ਸਮਾਣਾ ਸ਼ਹਿਰ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਹੈ, ਪਾਤੜਾਂ ਸ਼ਹਿਰ 'ਚ ਰਹਿੰਦੇ ਵਿਕਾਸ ਕਾਰਜ ਵੀ ਅਗਲੇ ਕੁਝ ਮਹੀਨਿਆਂ 'ਚ ਮੁਕੰਮਲ ਕਰਵਾਏ ਜਾਣਗੇ।
ਇਸ ਮੌਕੇ ਨਗਰ ਕੌਂਸਲ ਚੋਣਾਂ ਦੇ ਕਾਂਗਰਸੀ ਉਮੀਦਵਾਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ, ਸੰਸਦ ਮੈਂਬਰ ਦੇ ਨਿਜੀ ਸਕੱਤਰ ਬਲਵਿੰਦਰ ਸਿੰਘ, ਕਾਂਗਰਸ ਦੇ ਸੂਬਾ ਸਕੱਤਰ ਸੁਰਿੰਦਰ ਸਿੰਘ ਘੁੰਮਣ, ਤਰਸੇਮ ਬਾਂਸਲ, ਚੇਅਰਮੈਨ ਤਰਲੋਚਨ ਸਿੰਘ, ਵਾਈਸ ਚੇਅਰਮੈਨ ਰਾਮ ਪਾਲ, ਅਮਨਦੀਪ ਸਿੰਘ, ਪ੍ਰੇਮ ਗੁਪਤਾ, ਸੂਬਾ ਸਿੰਘ ਸੇਲਵਾਲਾ, ਕੀਮਤੀ ਲਾਲ, ਜੈਪ੍ਰਕਾਸ਼ ਡੇਜੀ, ਚਿਮਨ ਲਾਲ, ਸਤੀਸ਼ ਕੁਮਾਰ, ਬਗੀਚਾ ਸਿੰਘ, ਬਲਦੇਵ ਸਿੰਘ ਅਤੇ ਹੋਰ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ।