ਮਨਿੰਦਰਜੀਤ ਸਿੱਧੂ
- ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਵੱਲੋਂ ਦਿੱਲੀ ਬਾਰਡਰਾਂ ਉੱਪਰ ਪਹੁੰਚਣ ਲਈ ਮਤਾ ਪਾ ਸਿਰਜਿਆ ਇਤਿਹਾਸ
- ਅਗਾਂਹ ਵਧੂ ਅਤੇ ਪੜ੍ਹਿਆ ਲਿਖਿਆ ਪਿੰਡ ਸੇਵੇਵਾਲਾ ਬਣਿਆ ਚਰਚਾ ਦਾ ਵਿਸ਼ਾ-ਭਾਕਿਯੂ ਸਿੱਧੂਪੁਰ
ਜੈਤੋ, 4 ਫਰਵਰੀ 2021 - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਡਟੇ ਕਿਸਾਨਾਂ ਦੀ ਮਦਦ ਅਤੇ ਮੋਰਚੇ ਨੂੰ ਹੋਰ ਮਜਬੂਤ ਕਰਨ ਲਈ ਨੇੜਲੇ ਪਿੰਡ ਸੇਵੇਵਾਲਾ ਦੇ ਵਾਸੀਆਂ ਵੱਲੋਂ ਇੱਕ ਵਿਲੱਖਣ ਪਹਿਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਹੈ।ਪਿੰਡ ਵਾਸੀਆਂ ਵੱਲੋਂ ਪਾਸ ਮਤੇ ਅਨੁਸਾਰ ਹਰ ਘਰ ਵਿੱਚੋਂ ਇੱਕ ਆਦਮੀ ਦਾ ਵਾਰੀ ਅਨੁਸਾਰ ਮੋਰਚੇ ਵਿੱਚ ਲਾਜ਼ਮੀ ਹੈ ਅਤੇ ਜੋ ਵਿਅਕਤੀ ਮੋਰਚੇ ਵਿੱਚ ਹਾਜ਼ਰੀ ਨਹੀਂ ਲਵਾਉਂਦਾ ਜਾਂ ਕਿਸੇ ਕਾਰਨ ਵੱਸ ਨਹੀਂ ਜਾ ਪਾਉਂਦਾ ਤਾਂ ਉਸਨੂੰ ਉਸਦੀ ਜਮੀਨ ਦੀ ਮਲਕੀਅਤ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ।
ਜੁਰਮਾਨਾ ਵੀ ਮਤੇ ਵਿੱਚ ਤੈਅ ਕਰ ਦਿੱਤਾ ਗਿਆ ਹੈ।ਪਿੰਡ ਵਾਸੀਆਂ ਵੱਲੋਂ ਇਹ ਵੀ ਪਾਸ ਕੀਤਾ ਗਿਆ ਕਿ ਜੋ ਧਰਨੇ ਵਿੱਚ ਵੀ ਨਾ ਗਿਆ ਅਤੇ ਜੁਰਮਾਨਾ ਦੇਣ ਤੋਂ ਵੀ ਇਨਕਾਰੀ ਹੋਇਆ ਤਾਂ ਪਿੰਡ ਵਾਸੀ ਉਸਦਾ ਸਮਾਜਿਕ ਬਾਈਕਾਟ ਕਰਨਗੇ ਅਤੇ ਪਿੰਡ ਦੇ ਪੰਚ, ਸਰਪੰਚ, ਨੰਬਰਦਾਰ ਉਸਦੀ ਕਿਸੇ ਕੰਮ ਵਿੱਚ ਮਦਦ ਨਹੀਂ ਕਰਨਗੇ। ਵਿਸ਼ੇਸ਼ ਗੱਲ ਇਹ ਕਿ ਮਜਦੂਰਾਂ ਉੱਪਰ ਜੁਰਮਾਨੇ ਦੀ ਮਦ ਲਾਗੂ ਨਹੀਂ ਹੋਵੇਗੀ ਉਹ ਅੰਦੋਲਨ ਦੀ ਮਦਦ ਲਈ ਆਪਣੀ ਮਰਜੀ ਅਨੁਸਾਰ ਜਾ ਸਕਦੇ ਹਨ।ਪਿੰਡ ਵਾਸੀਆਂ ਦੁਆਰਾ ਮੋਰਚੇ ਦੀ ਮਜਬੂਤੀ ਲਈ ਪਾਸ ਕੀਤੇ ਇਸ ਮਤੇ ਦੀ ਚੁਫੇਰਿਓਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ।ਕਿਸੇ ਵੇਲੇ ਪੰਜਾਬ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਅਤੇ ਸਭ ਤੋਂ ਵੱਧ ਮੁਲਾਜ਼ਮਾਂ ਵਾਲੇ ਪਿੰਡਾਂ ਵਿੱਚ ਗਿਣੇ ਜਾਣ ਵਾਲੇ ਪਿੰਡ ਸੇਵੇਵਾਲਾ ਨੇ ਇਹ ਮਤਾ ਪਾਸ ਕਰਕੇ ਆਪਣੀ ਸੂਝਬੂਝਤਾ ਦਾ ਪ੍ਰਤੱਖ ਪ੍ਰਮਾਣ ਦਿੱਤਾ ਹੈ।