ਗਾਜ਼ੀਪੁਰ ਬਾਰਡਰ, 4 ਫਰਵਰੀ 2021 - ਹਰਸਿਮਰਤ ਕੌਰ ਬਾਦਲ ਸਮੇਤ ਵਿਰੋਧੀ ਧਿਰਾਂ ਦੇ ਸਾਂਸਦ ਮੈਂਬਰ ਗਾਜ਼ੀਪੁਰ ਬਾਰਡਰ 'ਤੇ ਪਹੁੰਚੇ। ਇਸ ਮੌਕੇ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਬਹੁਤ ਭਾਰੀ ਬੈਰੀਕੈਡਿੰਗ ਕੀਤੀ ਗਈ ਅਤੇ ਓਹਨਾ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਬੈਰੀਕੈਡਿੰਗ ਕਰਕੇ ਐਮਰਜੰਸੀ ਸੇਵਾਵਾਂ ਵੀ ਅੱਗੇ ਨਹੀਂ ਜਾ ਸਕਦੀਆਂ।
ਦਿੱਲੀ ਪੁਲਿਸ ਨੇ ਹਰਸਿਮਰਤ ਕੌਰ ਬਾਦਲ ਅਤੇ ਵਿਰੋਧੀ ਧਿਰਾਂ ਦੇ ਸਾਂਸਦ ਮੈਂਬਰਾਂ ਨੂੰ ਕਿਸਾਨਾਂ ਨਾਲ ਗੱਲ ਬਾਤ ਕਰਨ ਲਈ ਅੱਗੇ ਨਹੀਂ ਜਾਣ ਦਿੱਤਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਕਿਸਾਨਾਂ ਦਾ ਮਸਲਾ ਪਾਰਲੀਮੇਂਟ 'ਚ ਰੱਖਣ ਜਾ ਰਹੇ ਨੇ।
ਵਫ਼ਦ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੁਪ੍ਰੀਆ ਸੁਲੇ, ਕਨੀਮੋਝੀ ਕਰੁਣਾਨਿਧੀ ਤੋਂ ਇਲਾਵਾ ਹੋਰ ਐਮ ਪੀ ਸ਼ਾਮਲ ਸਨ।
ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਮੈਂਬਰ ਪਾਰਲੀਮੈਂਟਾਂ ਨੇ ਕਿਹਾ ਕਿ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਬਿਜਲੀ ਕੱਟ ਦਿੱਤੀ ਗਈ ਹੈ ਅਤੇ ਕੰਢੇ, ਬੈਰੀਕੇਡ ਲਾ ਕੇ ਐਨਡੀਏ ਸਰਕਾਰ ਇਨ੍ਹਾਂ ਕਿਸਾਨਾਂ ਨਾਲ ਦੁਸ਼ਮਣਾਂ ਵਰਗਾ ਵਿਵਹਾਰ ਕਰ ਰਹੀ ਹੈ ਜੋ ਸਿਰਫ ਤਿੰਨ ਫਾਰਮ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਇਸ ਮੌਕੇ ਕੁਝ ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿਚ ਅਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕ ਸਭਾ ਸਪੀਕਰ ਨੂੰ ਗਾਜ਼ੀਪੁਰ ਵਿਖੇ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਣਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੀ ਵਫ਼ਦ ਦਾ ਹਿੱਸਾ ਸਨ।