ਅਸ਼ੋਕ ਵਰਮਾ
ਬਰਨਾਲਾ, ਫਰਵਰੀ 6, 2021: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਬਰਨਾਲਾ ਜਿਲ੍ਹੇ ਵਿਚ ਅੱਠ ਥਾਵਾਂ ‘ਤੇ 12 ਵਜੇ ਤੋਂ ਤਿੰਨ ਵਜੇ ਤੱਕ ਕੀਤੇ ਮੁਕੰਮਲ ਚੱਕਾ ਜਾਮ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਅੱਜ ਆਮ ਲੋਕਾਂ ਨੇ ਆਪਣੀਆਂ ਗੱਡੀਆਂ ਸੜਕਾਂ ਤੋਂ ਦੂਰ ਰੱਖੀਆਂ। ਧਰਨਾਕਾਰੀ 12 ਵਜੇ ਪਹਿਲਾਂ ਹੀ ਚੱਕਾ ਜਾਮ ਲਈ ਨਿਰਧਾਰਤ ਥਾਵਾਂ ‘ਤੇ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ ਅਤੇ 12 ਵਜੇ ਤੱਕ ਇਹਨਾਂ ਥਾਵਾਂ ਤੇ ਲਾਮਿਸਾਲ ਇਕੱਠ ਹੋ ਗਿਆ ਜਿਸ ਨੇ ਸੜਕਾਂ ਤੇ ਬੈਠ ਕੇ ਰੋਸ ਜਤਾਇਆ। ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਆਰਡੀਨੈਂਸ ਦੇ ਮਾੜੇ ਪ੍ਰਭਾਵਾਂ ਬਾਰੇ ਧਰਨਾਕਾਰੀਆਂ ਨੂੰ ਦੱਸਿਆ ਕਿ ਖੇਤੀ ਮੰਤਰੀ ਨੇ ਰਾਜ ਸਭਾ ’ਚ ਸ਼ਰੇਆਮ ਝੂਠ ਬੋਲਿਆ ਹੈ ਕਿ ਕੋਈ ਵੀ ਕਿਸਾਨ ਨੇਤਾ ਇਹਨਾਂ ਕਾਨੂੰਨਾਂ ਦੀਆਂ ਖਾਮੀਆਂ ਨਹੀਂ ਦੱਸ ਸਕਿਆ ਜਦੋਂਕਿ ਕਿਸਾਨ ਆਗੂ ਹਰ ਵਾਰ ਸਰਕਾਰ ਨੂੰ ਮੀਟਿੰਗਾਂ ’ਚ ਲਾਜਵਾਬ ਕਰਦੇ ਰਹੇ ਹਨ।
ਉਹਨਾਂ ਸਵਾਲ ਕੀਤਾ ਕਿ ਜੇਕਰ ਖੇਤੀ ਕਾਨੂੰਨਾਂ ਵਿਚ ਕੋਈ ਖਾਮੀ ਨਹੀਂ ਤਾਂ ਫਿਰ ’ਸਿਰਫ ਡੱਬਾ ਰਹਿਣ ਦਿਉ, ਬਾਕੀ ਸਭ ਸੋਧਾਂ ਕਰਵਾ ਲਉ’ ਦੇ ਬਿਆਨ ਕਿੳਂ ਦਿੱਤੇ ਗਏ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ। ਓਧਰ ਚੱਕਾ ਜਾਮ ਦੇ ਬਾਵਜੂਦ ਬਰਨਾਲਾ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਧਰਨਾ ਪਹਿਲਾਂ ਦੀ ਤਰਾਂ ਪੂਰੇ ਜਾਹੋ-ਜਲਾਲ ਨਾਲ ਜਾਰੀ ਰਿਹਾ। ਅੱਜ ਦੇ ਧਰਨੇ ’ਚ ਕਰਨਾਟਕਾ ਤੋਂ ਗੌਰੀ ਲੰਕੇਸ਼ ਨਿਊਜ਼ ਪੋਰਟਲ ਨਾਲ ਸਬੰਧਿਤ ਦੋ ਪੱਤਰਕਾਰ ਬੀਬੀਆਂ ਡਾਕਟਰ ਸਵਾਤੀ ਸ਼ੁਕਲਾ ਤੇ ਮਿਸ ਮਮਤਾ ਪੁੱਜੀਆਂ ਜਿਹਨਾਂ ਨੇ ਧਰਨੇ ਦੀ ਵੀਡਿਉਗਰਾਫੀ ਕੀਤੀ ਅਤੇ ਧਰਨੇ ਦੇ ਰਹੀਆਂ ਔਰਤਾਂ ਨਾਲ ਗੱਲਬਾਤ ਕਰਕੇ ਇੰਟਰਵਿਊ ਰਿਕਾਰਡ ਕੀਤੇ। ਅੱਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦਾ ਵੱਡਾ ਜੱਥਾ ਧਰਨੇ ’ਚ ਸ਼ਾਮਲ ਹੋਇਆ।
ਅੱਜ ਦੇ ਧਰਨੇ ਨੂੰ ਮੇਲਾ ਸਿੰਘ ਕੱਟੂ, ਹਰਚਰਨ ਚੰਨਾ,ਬਾਬੂ ਸਿੰਘ ਖੁੱਡੀ ਕਲਾਂ, ਹਰਪਰੀਤ ਸਿੰਘ ਛੀਨੀਵਾਲ, ਉਜਾਗਰ ਸਿੰਘ ਬੀਹਲਾ, ਗੁਰਮੇਲ ਸਿੰਘ ਠੀਕਰੀਵਾਲਾ, ਬਲਵੰਤ ਸਿੰਘ ਉਪਲੀ, ਧਰਮਪਾਲ ਕੌਰ, ਗੁਲਾਬ ਸਿੰਘ, ਤੇ ਅਮਰਜੀਤ ਕੌਰ ਖੁੱਡੀ ਕਲਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਭਾਰਤ ਸਰਕਾਰ ਦੁਆਰਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਅਪਣਾਈਆਂ ਜਾ ਰਹੀਆਂ ਕੋਝੀਆਂ ਚਾਲਾਂ ਤਹਿਤ ਅੰਦੋਲਨਕਾਰੀਆਂ ਨੂੰ ਕਦੇ ਖਾਲਸਤਾਨੀ, ਕਦੇ ਮਾਓਵਾਦੀ, ਵੱਖਵਾਦੀ, ਟੁਕੜੇ ਟੁਕੜੇ ਗੈਂਗ ਅਤੇ ਦੇਸ਼-ਧਰੋਹੀ ਆਖਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹੁਣ ਤਾਂ ਦੁਨੀਆਂ ਜਾਣ ਚੁੱਕੀ ਹੈ ਕਿ ਇਹ ਨਿਰੋਲ ਗੈਰਸਿਆਸੀ ਸੰਘਰਸ਼ ਹੈ ਜੋ ਸਿਰਫ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਕੇ ਕਿਸਾਨਾਂ ਨੂੰ ਉਹਨਾਂ ਦੇ ਰਹਿਮੋ-ਕਰਮ ‘ਤੇ ਛੱਡਣਾ ਚਾਹੁੰਦੀ ਹੈ ਜਿਸ ਕਰਕੇ ਦੁਨੀਆਂ ਭਰ ਤੋਂ ਲੋਕ ਇਸ ਲੜਾਈ ਦੀ ਹਮਾਇਤ ਕਰਕੇ ਮੰਗਾਂ ਮੰਨਣ ਲਈ ਆਖ ਰਹੇ ਹਨ। ਅੱਜ ਨਰਿੰਦਰਪਾਲ ਸਿੰਗਲਾ ਅਤੇ ਜਗਤਾਰ ਬੈਂਸ ਨੇ ਇਨਕਲਾਬੀ ਕਵਿਤਾਵਾਂ ਸੁਣਾਈਆਂ। ਅੱਜ ਭੁੱਖ ਹੜਤਾਲ ਤੇ ਬੈਠਣ ਵਾਲਿਆਂ ’ਚ ਗੁਰਚਰਨ ਸਿੰਘ ਖੁੱਡੀ ਕਲਾਂ, ਗੁਰਮੇਲ ਸਿੰਘ ,ਕੁਲਵਿੰਦਰ ਸਿੰਘ ਠੀਕਰੀਵਾਲ, ਗੁਲਜ਼ਾਰ ਸਿੰਘ ਦਿੱਲੀ, ਸੁਰਿੰਦਰ ਸਿੰਘ ਪੰਨੂ, ਕਰਤਾਰ ਸਿੰਘ ਭੱਠਲ, ਨਿਰਮਲ ਸਿੰਘ ਭੱਠਲ, ਬੂਟਾ ਸਿੰਘ ਔਲਖ, ਨਿਰੰਜਣ ਸਿੰਘ ਅਤੇ ਸ਼ੇਰ ਸਿੰਘ ਭੱਠਲ ਸ਼ਾਮਲ ਹਨ।