- ਮਹਾਂਮਾਰੀ ਨਾਲ ਨਜਿੱਠਣ ਦੇ ਪ੍ਰਬੰਧਨ ਦੀ ਆਲੋਚਨਾ ਕਰਕੇ ਫਰੰਟਲਾਈਨ ਵਰਕਰਾਂ ਦਾ ਮਨੋਬਲ ਤੋੜਨ ਲਈ ਅਕਾਲੀ ਲੀਡਰ ਦੀ ਆਲੋਚਨਾ
- ਜ਼ਮੀਨੀ ਪੱਧਰ ਉਤੇ ਹੋਏ ਸੁਧਾਰਾਂ ਦਾ ਜਿਕਰ ਕਰਦਿਆਂ ਸਿਹਤ ਕਾਮਿਆਂ ਅਤੇ ਹੋਰਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ
ਚੰਡੀਗੜ੍ਹ, 13 ਅਪ੍ਰੈਲ 2021 - ਹਰਸਿਮਰਤ ਕੌਰ ਬਾਦਲ ਵੱਲੋਂ ਸੂਬੇ ਵਿਚ ਮੌਜੂਦਾ ਕੋਵਿਡ ਸੰਕਟ ਉਤੇ ਸਿਆਸੀ ਹੋ-ਹੱਲਾ ਮਚਾ ਕੇ ਅਸੰਵੇਦਨਸ਼ੀਲ ਕੋਸ਼ਿਸ਼ਾਂ ਕੀਤੇ ਜਾਣ ’ਤੇ ਹੈਰਾਨੀ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਝੂਠ ਬੋਲਣਾ ਅਕਾਲੀ ਨੇਤਾ ਦੀ ਆਦਤ ਹੈ ਅਤੇ ਇੱਥੋਂ ਤੱਕ ਕਿ ਬਹੁਤ ਹੀ ਸੰਜੀਦਾ ਮਸਿਲਆਂ ਉਤੇ ਝੂਠ ਮਾਰਨਾ ਹੋਰ ਵੀ ਸ਼ਰਮਨਾਕ ਹੈ, ਖਾਸ ਕਰਕੇ ਉਸ ਵੇਲੇ, ਜਦੋਂ ਸੂਬੇ ਦੇ ਸਿਹਤ ਸੰਭਾਲ ਵਰਕਰਾਂ ਦੇ ਅਣਥੱਕ ਯਤਨਾਂ ਸਦਕਾ ਕੁਝ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ,‘‘ਭਾਵੇਂ ਕਿ ਸਾਰੇ ਪੰਜਾਬੀ ਇਹ ਜਾਣਦੇ ਹਨ ਕਿ ਹਰਸਿਮਰਤ ਬਾਦਲ ਪੈਦਾਇਸ਼ੀ ਝੂਠੀ ਹੈ ਅਤੇ ਕੋਵਿਡ ਦੀ ਸਥਿਤੀ ਬਾਰੇ ਉਸ ਦੀ ਟਿੱਪਣੀ ਨੇ ਹੋਰ ਵੀ ਨੀਵਾਂ ਪੱਧਰ ਉਜਾਗਰ ਕੀਤਾ ਹੈ।’’ ਉਨਾਂ ਨੇ ਮਹਾਂਮਾਰੀ ਦੇ ਮਸਲੇ ਉਤੇ ਘਟੀਆ ਸਿਆਸਤ ਖੇਡਣ ਲਈ ਸਾਬਕਾ ਕੇਂਦਰੀ ਮੰਤਰੀ ਦੀ ਆਲੋਚਨਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੇ ਠੋਸ ਉਪਰਾਲਿਆਂ, ਜਿਸ ਨਾਲ ਕੋਵਿਡ ਫਰੰਟ ਉਤੇ ਕੁਝ ਸਫਲਤਾ ਮਿਲੀ ਹੈ, ਦਾ ਸਾਥ ਦੇਣ ਦੀ ਬਜਾਏ ਹਰਸਿਮਰਤ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਬਾਕੀ ਲੀਡਰਸ਼ਿਪ ਮਹਾਂਮਾਰੀ ਦੇ ਪ੍ਰਬੰਧਨ ਉਤੇ ਉਨਾਂ ਦੀ ਸਰਕਾਰ ਦੀ ਘਟੀਆ ਪੱਧਰ ਦੀ ਆਲੋਚਨਾ ਕਰ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਹਾਂਮਾਰੀ ਨੇ ਕਿਸੇ ਵੀ ਸੂਬੇ ਜਾਂ ਮੁਲਕ ਨੂੰ ਨਹੀਂ ਬਖਸ਼ਿਆ ਅਤੇ ਸਾਡੇ ਸੂਬੇ ਦਾ ਮੈਡੀਕਲ ਭਾਈਚਾਰਾ ਇਸ ਵਿਰੁੱਧ ਲੜਨ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਮੈਡੀਕਲ ਭਾਈਚਾਰੇ ਦੇ ਅਣਥੱਕ ਯਤਨਾਂ ਸਦਕਾ ਪਿਛਲੇ ਕੁਝ ਦਿਨਾਂ ਵਿਚ ਸਥਿਤੀ ਵਿਚ ਕੁਝ ਸੁਧਾਰ ਹੋਇਆ ਹੈ ਅਤੇ ਪੰਜਾਬ ਹੁਣ ਕੋਵਿਡ ਦੇ ਵੱਧ ਤੋਂ ਵੱਧ ਕੇਸਾਂ ਵਾਲੇ ਪੰਜ ਸਿਖਰਲੇ ਸੂਬਿਆਂ ਵਿਚ ਸ਼ਾਮਲ ਨਹੀਂ ਹੈ। ਬੀਤੇ ਦਿਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਸਰਕਾਰੀ ਅੰਕੜਿਆਂ ਮੁਤਾਬਕ 10 ਸੂਬਿਆਂ ਵਿਚ ਕੋਵਿਡ-19 ਦੇ ਨਵੇਂ ਕੇਸਾਂ ਵਿਚ ਵੱਡਾ ਵਾਧਾ ਹੋਇਆ ਹੈ ਜਿਸ ਨਾਲ 24 ਘੰਟਿਆਂ ਦੇ ਸਮੇਂ ਵਿਚ 80.92 ਫੀਸਦੀ ਕੇਸ ਵਾਇਰਸ ਦੇ ਨਵੇਂ ਰੂਪ ਨਾਲ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਇਸ ਸੂਚੀ ਵਿਚ ਸ਼ਾਮਲ ਨਹੀਂ ਅਤੇ ਇਹ ਸਥਿਤੀ ਅੱਜ ਵੀ ਬਰਕਰਾਰ ਹੈ। ਉਨਾਂ ਅੱਗੇ ਕਿਹਾ ਕਿ ਕੁਝ ਦਿਨ ਤੋਂ ਸਥਿਤੀ ਵਿਚ ਸੁਧਾਰ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕੋਵਿਡ ਖਿਲਾਫ ਲੜਾਈ ਵਿਚ ਪੰਜਾਬ ਅਜੇ ਵੀ ਜਿੱਤ ਤੋਂ ਦੂਰ ਹੈ ਪਰ ਇਹ ਸਮਾਂ ਚੜਦੀ ਕਲਾ ਵਿਚ ਰਹਿਣ ਅਤੇ ਸਾਰੇ ਫਰੰਟਲਾਈਨ ਵਰਕਰਾਂ ਦੀ ਸ਼ਲਾਘਾ ਕਰਨ ਦਾ ਹੈ ਜੋ ਬੀਤੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਸਖਤ ਮਿਹਨਤ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ, ‘‘ਇਨਾਂ ਫਰੰਟਲਾਈਨ ਵਰਕਰਾਂ ਦੀ ਸਖਤ ਮਿਹਨਤ, ਸਮਰਪਣ ਭਾਵਨਾ ਅਤੇ ਕੁਰਬਾਨੀ ਦੀ ਦਾਦ ਦੇਣ ਦੀ ਬਜਾਏ ਹਰਸਿਮਰਤ ਬਾਦਲ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਮਹਾਂਮਾਰੀ ਤੋਂ ਸਿਆਸੀ ਸ਼ੋਹਰਤ ਕਿਵੇਂ ਖੱਟੀ ਜਾਵੇ ਜਦਕਿ ਉਨਾਂ ਦਾ ਆਪਣਾ ਸੂਬਾ ਅਤੇ ਲੋਕ ਇਸ ਮਹਾਂਮਾਰੀ ਦਾ ਸੰਤਾਪ ਝੱਲ ਰਹੇ ਹਨ।’’ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਵਰਕਰਾਂ ਦੀਆਂ ਕੋਸ਼ਿਸ਼ਾਂ ਨੂੰ ਘਟਾ ਕੇ ਦੇਖਣ ਦੀਆਂ ਕੋਸ਼ਿਸ਼ਾਂ ਲਈ ਅਕਾਲੀ ਲੀਡਰ ਦੀ ਸਖਤ ਨਿਖੇਧੀ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਕੀਤਾ, “ਕੀ ਉਨਾਂ ਨੂੰ ਇਹ ਅਹਿਸਾਸ ਨਹੀਂ ਕਿ ਇਸ ਤਰਾਂ ਦੇ ਬਿਆਨ ਫਰੰਟਲਾਈਨ ਵਰਕਰਾਂ ਅਤੇ ਸਮੁੱਚੇ ਪੰਜਾਬ ਦੇ ਲੋਕਾਂ ਦੇ ਮਨੋਬਲ ਨੂੰ ਕਿਵੇਂ ਸੱਟ ਮਾਰ ਰਹੇ ਹਨ? ਜਾਂ ਉਨਾਂ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਉਨਾਂ ਦਾ ਸਾਰਾ ਧਿਆਨ ਮੇਰੀ ਸਰਕਾਰ ਨੂੰ ਨੀਵਾਂ ਵਿਖਾਉਣ ਲਈ ਬਹਾਨੇ ਲੱਭਣਾ ਹੈ।’’
ਉਨਾਂ ਕਿਹਾ ਕਿ ਅਸਲ ਵਿੱਚ ਸਮੁੱਚਾ ਦੇਸ਼ ਅਤੇ ਵਿਸ਼ਵ ਮਹਾਂਮਾਰੀ ਦੇ ਪ੍ਰਭਾਵਾਂ ਦਾ ਸਾਹਮਣਾ ਕਰ ਰਿਹਾ ਸੀ ਜਿਸ ਤੋਂ ਪੰਜਾਬ ਵੀ ਨਹੀਂ ਬਚਿਆ ਅਤੇ ਵੱਖ-ਵੱਖ ਰਾਜਾਂ ਵਿੱਚ ਸਮੇਂ-ਸਮੇਂ ਉਤੇ ਸਥਿਤੀ ਵਿੱਚ ਸੁਧਾਰ ਵੇਖਣ ਨੂੰ ਮਿਲਿਆ। ਉਨਾਂ ਕਿਹਾ ਕਿ ਹਰਸਿਮਰਤ ਨੇ ਇਨਾਂ ਸਾਰੇ ਤੱਥਾਂ ਨੂੰ ਅਣਗੌਲਿਆਂ ਕਰਦਿਆਂ ਝੂਠੇ ਦੋਸ਼ਾਂ ਅਤੇ ਸੌੜੀ ਸਿਆਸਤ ਦਾ ਪੱਖ ਪੂਰਿਆ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਪੰਜਾਬ ਉਤੇ ਮਹਾਂਮਾਰੀ ਦੇ ਖ਼ਤਰੇ ਅਤੇ ਮਾਰੂ ਪ੍ਰਭਾਵਾਂ ਖਾਸ ਕਰ ਮੌਤਾਂ ਹੋਣ ਦੀ ਸਥਿਤੀ ਵਿੱਚ, ਇਸ ਦੇ ਖ਼ਤਰੇ ਨੂੰ ਘੱਟ ਕਰਕੇ ਨਹੀਂ ਵੇਖਿਆ। ਉਹਨਾਂ ਕਿਹਾ ਕਿ ਆਪਣੇ ਸੂਬਾ ਵਾਸੀਆਂ ਦੀਆਂ ਮੌਤਾਂ ਹੋਣ ਦੀ ਸਥਿਤੀ ਵਿੱਚ ਵੀ ਹਰਸਿਮਰਤ ਨੂੰ ਆਪਣੀ ਸਿਆਸਤ ਚਮਕਾਉਣ ਦੇ ਮੌਕੇ ਤੋਂ ਸਿਵਾਏ ਹੋਰ ਕੁਝ ਨਹੀਂ ਦਿਖਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਲੋਕਾਂ ਵਿੱਚ ਟੀਕਾ ਲਵਾਉਣ ਪ੍ਰਤੀ ਹਿਚਕਿਚਾਹਟ ਤੋਂ ਵੀ ਭਲੀ ਭਾਂਤ ਜਾਣੂੰ ਹੈ ਅਤੇ ਅਤੇ ਇਸ ਬਾਰੇ ਖੁੱਲ ਕੇ ਗੱਲ ਕਰ ਰਹੀ ਹੈ, ਪਰ ਹਰਸਿਮਰਤ ਸ਼ਾਇਦ ਇਹ ਭੁੱਲ ਗਈ ਹੈ ਕਿ ਵੱਡੀ ਸਮੱਸਿਆ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ, ਜਿਸ ਵਿਚ ਉਹ ਭਾਈਵਾਲ ਰਹੇ ਹਨ, ਖਿਲਾਫ਼ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਲੋਕਾਂ ਵਿੱਚ ਪਾਈ ਜਾ ਰਹੀ ਨਾਰਾਜ਼ਗੀ ਅਤੇ ਗੁੱਸਾ ਹੈ। ਉਨਾਂ ਕਿਹਾ, “ਜੇਕਰ ਤੁਸੀਂ (ਹਰਸਿਮਰਤ) ਕਾਲੇ ਕਾਨੂੰਨਾਂ ਦਾ ਪੱਖ ਨਾ ਪੂਰਦੇ ਅਤੇ ਆਪਣੇ ਹਿੱਤਾਂ ਦੀ ਥਾਂ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੰਦੇ ਤਾਂ ਸੂਬੇ ਵਿਚ ਵੱਧ ਤੋਂ ਵੱਧ ਲੋਕ ਬਿਨਾਂ ਕਿਸੇ ਡਰ ਦੇ ਖੁੱਲੇਆਮ ਟੀਕਾਕਰਨ ਕਰਵਾਉਂਦੇ।’’
ਮੁੱਖ ਮੰਤਰੀ ਨੇ ਸੂਬੇ ਵਿੱਚ ਸਿਆਸੀ ਇਕੱਠਾਂ ’ਤੇ ਪਾਬੰਦੀ ਲਾਉਣ ਦੇ ਹੁਕਮਾਂ ਵਿੱਚ ਨੁਕਸ ਕੱਢਣ ਲਈ ਵੀ ਹਰਸਿਮਰਤ ਨੂੰ ਆੜੇ ਹੱਥੀਂ ਲਿਆ। ਉਨਾਂ ਕਿਹਾ ਕਿ ਜਦੋਂ ਕਾਂਗਰਸ ਨੇ ਸਵੈ-ਇੱਛਾ ਨਾਲ ਰੈਲੀਆਂ ਅਤੇ ਇਕੱਠ ਨਾ ਕਰਨ ਦਾ ਫੈਸਲਾ ਲਿਆ ਹੈ, ਸੁਖਬੀਰ ਦੀ ਅਗਵਾਈ ਵਿੱਚ ਅਕਾਲੀ ਬਿਨਾਂ ਮਾਸਕਾਂ ਅਤੇ ਕਿਸੇ ਵੀ ਤਰਾਂ ਦੀ ਸਮਾਜਿਕ ਵਿੱਥ ਦੇ ਪੂਰੇ ਮਾਣ ਨਾਲ ਅਜਿਹੀਆਂ ਰੈਲੀਆਂ ਕਰਕੇ ਬੇਚੈਨੀ ਫੈਲਾ ਰਹੇ ਸਨ। ਉਨਾਂ ਨੇ ਅਜਿਹੀਆਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਲਈ ਆਪਣੀ ਪਾਰਟੀ ਦਾ ਬਚਾਅ ਕਰਨ ਵਾਸਤੇ ਹਰਸਿਮਰਤ ਦੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਪੰਜਾਬ ਵਿੱਚ ਕਰੋਨਾ ਦੀ ਦੂਜੀ ਲਹਿਰ ਦੇ ਹੱਲੇ ਤੋਂ ਬਾਅਦ ਜੇਕਰ ਸ੍ਰੋਮਣੀ ਅਕਾਲੀ ਦਲ ਅਤੇ ‘ਆਪ’ ਨੇ ਅਜਿਹੀਆਂ ਲਾਪਰਵਾਹੀਆਂ ਨਾ ਵਿਖਾਈਆਂ ਹੁੰਦੀਆਂ ਤਾਂ ਉਨਾਂ ਨੂੰ ਸਿਆਸੀ ਇਕੱਠਾਂ ’ਤੇ ਪੂਰਨ ਪਾਬੰਦੀ ਲਾਉਣ ਲਈ ਮਜਬੂਰ ਨਾ ਹੋਣਾ ਪੈਂਦਾ।