- ਜ਼ਿਲ੍ਹੇ ’ਚ ਕੋਵਿਡ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਕਰੇਗੀ ਸਮੀਖਿਆ
- ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ’ਚ ਮਾਹਰ ਟੀਮ ਨੇ ਸਿਹਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ
- ਜ਼ਿਲ੍ਹੇ ਦੇ ਸਿਵਲ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ, ਮਾਈਕ੍ਰੋ ਕੰਟੇਨਮੈਂਟ ਜੋਨਾਂ ਦਾ ਦੌਰਾ ਕਰਕੇ ਮੌਜੂਦਾ ਹਾਲਾਤ ਜਾਣੇਗੀ ਮਾਹਰ ਟੀਮ
ਹੁਸ਼ਿਆਰਪੁਰ, 8 ਅਪ੍ਰੈਲ 2021 - ਕੇਂਦਰੀ ਸਿਹਤ ਮੰਤਰਾਲਾ ਵਲੋਂ ਭੇਜੀ ਗਈ ਦੋ ਮੈਂਬਰੀ ਮਾਹਰ ਡਾਕਟਰਾਂ ਦੀ ਟੀਮ ਅੱਜ ਹੁਸ਼ਿਆਰਪੁਰ ਪਹੁੰਚ ਗਈ ਹੈ। ਟੀਮ ਜ਼ਿਲ੍ਹੇ ਵਿੱਚ ਕੋਵਿਡ ਸਬੰਧੀ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਮੌਜੂਦਾ ਹਾਲਾਤ ਦੀ ਸਮੀਖਿਆ ਕਰੇਗੀ। ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਪ੍ਰਧਾਨਗੀ ਵਿੱਚ ਆਯੋਜਿਤ ਮੀਟਿੰਗ ਵਿੱਚ ਸਿਹਤ ਮੰਤਰਾਲਾ ਤੋਂ ਆਏ ਮਾਹਰ ਡਾਕਟਰਾਂ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ, ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਵਿਡ ਦੇ ਫੈਲਾਅ ਨੂੰ ਰੋਕਣ ਆਦਿ ਵਿਸ਼ਿਆਂ ’ਤੇ ਚਰਚਾ ਕੀਤੀ। ਕੇਂਦਰ ਤੋਂ ਆਈ ਮਾਹਰ ਟੀਮ ਵਿੱਚ ਨੈਸ਼ਨਲ ਸੈਂਟਰ ਫਾਰ ਡਸਿਜਜ਼ ਕੰਟਰੋਲ ਦੇ ਐਡਵਾਈਜਰ ਡਾ. ਅਰਪਣਾ ਪਾਂਡੇ ਅਤੇ ਲੇਡੀ ਹਾਰਡੀ ਮੈਡੀਕਲ ਕਾਲਜ ਦਿੱਲੀ ਦੇ ਪ੍ਰੋਫੈਸਰ ਆਫ਼ ਚੈਸਟ ਡਾ. ਅਸ਼ੋਕ ਸਿੰਘ ਨੇ ਸਿਹਤ ਅਧਿਕਾਰੀਆਂ ਨਾਲ ਕੋਵਿਡ ਦੇ ਮੱਦੇਨਜ਼ਰ ਸਿਹਤ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹੇ ਦੀ ਮੌਜੂਦਾ ਸਥਿਤੀ ’ਤੇ ਵੀ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਮੰਤਰਾਲਾ ਵਲੋਂ ਆਏ ਮਾਹਰ ਕੁਝ ਦਿਨ ਜ਼ਿਲ੍ਹੇ ਵਿੱਚ ਰੁਕਣਗੇ ਅਤੇ ਕੋਵਿਡ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕਰਨਗੇ। ਜ਼ਿਲ੍ਹੇ ਦੀ ਮੌਜੂਦਾ ਸਥਿਤੀ ਤੋਂ ਟੀਮ ਨੂੰ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ 2 ਕੰਟੇਨਮੈਂਟ ਜੋਨ ਅਤੇ 20 ਮਾਈਕ੍ਰੋ ਕੰਟੇਨਮੈਂਟ ਜੋਨ ਹਨ। ਉਨ੍ਹਾਂ ਜ਼ਿਲ੍ਹੇ ਵਿੱਚ ਅਪਨਾਈ ਜਾ ਰਹੀ ਆਈਸੋਲੇਸ਼ਨ ਮੋਨੀਟਰਿੰਗ ਮਕੈਨੀਜ਼ਮ ’ਤੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਕੋਵਿਡ ਪ੍ਰਬੰਧਾਂ ਤੇ ਮੌਜੂਦਾ ਸਥਿਤੀ ਬਾਰੇ ਇਕ ਸੰਖੇਪ ਪੇਸ਼ਕਾਰੀ ਵੀ ਕੀਤੀ ਗਈ।
ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ਨੂੰ ਲੈ ਕੇ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ, ਜਿਸ ਲਈ ਸਮਾਜਿਕ ਸੰਗਠਨਾਂ, ਕੌਂਸਲਰਾਂ, ਧਾਰਮਿਕ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ, ਜਿਸ ਦੇ ਸਕਰਾਤਮਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ 92 ਪ੍ਰਤੀਸ਼ਤ ਤੱਕ ਵੈਕਸੀਨੇਸ਼ਨ ਦੀ ਪਹਿਲੀ ਡੋਜ ਲਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੁਲਿਸ ਵਲੋਂ ਵੀ ਮਾਸਕ ਨਾ ਪਹਿਨਣ ਵਾਲਿਆਂ ਦੇ ਚਾਲਾਨ ਕੀਤੇ ਜਾ ਰਹੇ ਹਨ ਅਤੇ ਜੋ ਚਾਲਾਨ ਨਹੀਂ ਦੇ ਪਾਉਂਦੇ ਉਨ੍ਹਾਂ ਦਾ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਇਆ ਜਾਂਦਾ ਹੈ, ਜਿਸ ਤਹਿਤ ਪੁਲਿਸ ਵਲੋਂ 2626 ਟੈਸਟ ਕਰਵਾਏ ਜਾ ਚੁੱਕੇ ਹਨ।
ਇਸ ਦੌਰਾਨ ਡਾ. ਅਰਪਣਾ ਪਾਂਡੇ ਅਤੇ ਡਾ. ਅਸ਼ੋਕ ਸਿੰਘ ਨੇ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਪਨਾਏ ਜਾ ਰਹੇ ਪ੍ਰਭਾਵਸ਼ਾਲੀ ਤਰੀਕਿਆਂ ’ਤੇ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਦੱਸਿਆ ਕਿ ਉਹ ਜ਼ਿਲ੍ਹਾ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰਾਂ, ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਜੋਨ ਦਾ ਦੌਰਾ ਕਰਨ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਕੋਵਿਡ ਸਬੰਧੀ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਹਾਸਲ ਕਰਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ, ਐਸ.ਪੀ. ਰਮਿੰਦਰ ਸਿੰਘ, ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤਰਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਡਾ. ਸੁਨੀਲ ਅਹੀਰ, ਡਿਸਟਿਕ ਡਿਵੈਲਪਮੈਂਟ ਫੈਲੋ ਪੀਯੂਸ਼ ਗੋਇਲ ਤੋਂ ਇਲਾਵਾ ਸਮੂਹ ਐਸ.ਐਮ.ਓਜ਼ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।